PU ਵਿਦਿਆਰਥੀ ਕੌਂਸਲ ਚੋਣਾਂ ਅੱਜ, ਸਵੇਰੇ 9:30 ਵਜੇ ਸ਼ੁਰੂ ਹੋਵੇਗੀ ਵੋਟਿੰਗ
ਪੰਜਾਬ ਯੂਨੀਵਰਸਿਟੀ (ਪੀਯੂ) ਅਤੇ ਚੰਡੀਗੜ੍ਹ ਦੇ ਅੱਠ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਵਿਦਿਆਰਥੀ ਯੂਨੀਅਨ ਚੋਣਾਂ ਅੱਜ, 31 ਅਗਸਤ ਨੂੰ ਕਰਵਾਈਆਂ ਜਾ ਰਹੀਆਂ ਹਨ। ਚੋਣ ਪ੍ਰਕਿਰਿਆ ਤਹਿਤ ਵੋਟਿੰਗ ਸਵੇਰੇ 9:30 ਵਜੇ ਸ਼ੁਰੂ ਹੋਵੇਗੀ। ਵੋਟਿੰਗ ਮੁਕੰਮਲ ਹੋਣ ਤੋਂ ਬਾਅਦ ਸਵੇਰੇ 11 ਵਜੇ ਤੋਂ ਅਹੁਦੇਦਾਰ ਉਮੀਦਵਾਰਾਂ ਦੀ ਚੋਣ ਨਾਲ ਸਬੰਧਤ ਬੈਲਟ ਪੇਟੀਆਂ ਸਾਰੇ ਵਿਭਾਗਾਂ ਤੋਂ ਰਿਟਰਨਿੰਗ ਅਫਸਰਾਂ ਕੋਲੋਂ ਪ੍ਰਾਪਤ ਕਰਕੇ ਜਿਮਨੇਜ਼ੀਅਮ ਹਾਲ ਵਿੱਚ ਪਹੁੰਚਾਈਆਂ ਜਾਣਗੀਆਂ। ਇਸੇ ਦਿਨ ਦੁਪਹਿਰ 12 ਵਜੇ ਡਿਪਾਰਟਮੈਂਟਲ ਰਿਪ੍ਰਜ਼ੈਂਟੇਟਿਵਜ਼ (ਡੀਆਰਾਂ) ਦੇ ਨਤੀਜੇ ਐਲਾਨੇ ਜਾਣਗੇ। ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਬੰਧਤ ਵਿਭਾਗਾਂ ਵਿੱਚ ਡਿਸਪਲੇਅ ਵੀ ਕੀਤਾ ਜਾਵੇਗਾ। ਚੋਣਾਂ ਨੂੰ ਸ਼ਾਂਤੀਪੂਰਨ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੈਂਪਸ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਯੂਨੀਵਰਸਿਟੀ ਦੇ 140 ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦੇ 450 ਜਵਾਨ ਵੀ ਤਾਇਨਾਤ ਰਹਿਣਗੇ। ਕੈਂਪਸ ਦੇ ਸੰਵੇਦਨਸ਼ੀਲ ਸਥਾਨਾਂ ’ਤੇ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਵਾਧੂ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ।
Posted By: Daily Suraj Bureau