Daily Suraj

ਪੰਜਾਬੀ

ਨੇਪਾਲ ਹੜ੍ਹ ਤ੍ਰਾਸਦੀ: ਭਾਰਤ ਨੇ ਫੋਰੈਂਸਿਕ ਤੇ ਟਨਲ ਰੈਸਕਿਊ ਟੀਮਾਂ ਕੀਤੀਆਂ ਤਾਇਨਾਤ

31 Aug, 2026 09:46 AM

ਨੇਪਾਲ ਵਿੱਚ ਹੜ੍ਹਾਂ ਤੋਂ ਬਾਅਦ ਪਣ-ਬਿਜਲੀ ਪ੍ਰੋਜੈਕਟਾਂ ਦੀਆਂ ਸੁਰੰਗਾਂ ਵਿੱਚ ਫਸੇ ਕਰਮਚਾਰੀਆਂ ਨੂੰ ਬਚਾਉਣ ਲਈ ਭਾਰਤ ਨੇ ਫੋਰੈਂਸਿਕ ਅਤੇ ਟਨਲ ਰੈਸਕਿਊ ਟੀਮਾਂ ਤਾਇਨਾਤ ਕੀਤੀਆਂ ਹਨ। ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ 19 ਮੈਂਬਰਾਂ ਵਾਲੀ ਭਾਰਤੀ ਫੋਰੈਂਸਿਕ ਟੀਮ ਨੇ ਕਾਠਮੰਡੂ ਵਿੱਚ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਭਾਰਤੀ ਫੋਰੈਂਸਿਕ ਟੀਮ ਹੜ੍ਹ ਪੀੜਤਾਂ ਦੀਆਂ ਲਾਸ਼ਾਂ ਦੀ ਪਛਾਣ ਕਰਨ ਲਈ ਡੀਐਨਏ ਨਮੂਨਿਆਂ ਦੇ ਵਿਸ਼ਲੇਸ਼ਣ ਵਿੱਚ ਸਹਾਇਤਾ ਕਰੇਗੀ। ਇਸ ਕਾਰਵਾਈ ਦਾ ਉਦੇਸ਼ ਪੀੜਤਾਂ ਦੀ ਪਛਾਣ ਦੀ ਪ੍ਰਕਿਰਿਆ ਵਿੱਚ ਨੇਪਾਲੀ ਅਧਿਕਾਰੀਆਂ ਦੀ ਮਦਦ ਕਰਨਾ ਹੈ। ਇਸ ਦੌਰਾਨ ਭਾਰਤੀ ਟਨਲ ਰੈਸਕਿਊ ਟੀਮ ਨੇ ਚਿਲੀਮੇ ਅਤੇ ਲੰਗਟਾਂਗ ਪਣ-ਬਿਜਲੀ ਪ੍ਰੋਜੈਕਟਾਂ ਵਿੱਚ ਨੇਪਾਲ ਫੌਜ ਵੱਲੋਂ ਚਲਾਏ ਜਾ ਰਹੇ ਖੋਜ ਅਤੇ ਬਚਾਅ ਕਾਰਜਾਂ ਵਿੱਚ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਹੈ। ਸੀਐਨਐਨ ਦੀ ਇੱਕ ਰਿਪੋਰਟ ਮੁਤਾਬਕ ਲਗਭਗ 898 ਕਰਮਚਾਰੀ ਇਨ੍ਹਾਂ ਹਾਲਾਤਾਂ ਵਿੱਚ ਫਸੇ ਹੋਏ ਹਨ। ਇਹ ਸੰਕਟ 26 ਅਗਸਤ ਨੂੰ ਨੇਪਾਲ ਦੀਆਂ ਭੋਟੇ ਕੋਸ਼ੀ ਅਤੇ ਤ੍ਰਿਸ਼ੂਲੀ ਨਦੀਆਂ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਬਾਅਦ ਪੈਦਾ ਹੋਇਆ। ਹੜ੍ਹਾਂ ਕਾਰਨ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ ਅਤੇ ਜਾਨੀ ਨੁਕਸਾਨ ਵੀ ਹੋਇਆ ਹੈ। ਮੁਹੱਈਆ ਜਾਣਕਾਰੀ ਮੁਤਾਬਕ ਇਸ ਕੁਦਰਤੀ ਆਫ਼ਤ ਵਿੱਚ ਹੁਣ ਤੱਕ ਨੇਪਾਲ ਵਿੱਚ 788 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ ਤਿੱਬਤ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਤੱਕ ਪਹੁੰਚ ਗਈ ਹੈ। ਭਾਰਤੀ ਟੀਮਾਂ ਵੱਲੋਂ ਇੱਕ ਪਾਸੇ ਲਾਪਤਾ ਅਤੇ ਮ੍ਰਿਤਕ ਲੋਕਾਂ ਦੀ ਪਛਾਣ ਵਿੱਚ ਫੋਰੈਂਸਿਕ ਸਹਾਇਤਾ ਦਿੱਤੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਪਣ-ਬਿਜਲੀ ਪ੍ਰੋਜੈਕਟਾਂ ਦੀਆਂ ਸੁਰੰਗਾਂ ਵਿੱਚ ਫਸੇ ਕਰਮਚਾਰੀਆਂ ਨੂੰ ਬਚਾਉਣ ਲਈ ਨੇਪਾਲ ਫੌਜ ਦੇ ਆਪਰੇਸ਼ਨ ਵਿੱਚ ਸਹਿਯੋਗ ਕੀਤਾ ਜਾ ਰਿਹਾ ਹੈ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM