ਕੈਨੇਡਾ ’ਚ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਪਾਈ ਬੀਅਰ, ਕੁੱਟਮਾਰ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਕੈਨੇਡਾ ’ਚ ਸਿੱਖ ਨੌਜਵਾਨ ਦੀ ਦਸਤਾਰ ਉਤਾਰ ਕੇ ਪਾਈ ਬੀਅਰ, ਕੁੱਟਮਾਰ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਕੈਨੇਡਾ ਦੇ ਓਨਟਾਰੀਓ ਸੂਬੇ ਦੇ ਬੈਰੀ ਸ਼ਹਿਰ ਵਿੱਚ ਜਨਤਕ ਬੱਸਾਂ ਅੰਦਰ ਦੋ ਯਾਤਰੀਆਂ ’ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਉਮਰ 16, 18 ਅਤੇ 19 ਸਾਲ ਦੱਸੀ ਗਈ ਹੈ। ਉਨ੍ਹਾਂ ਵਿਰੁੱਧ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਦੇ ਦੋਸ਼ ਲਾਏ ਗਏ ਹਨ। ਪੀੜਤਾਂ ਵਿੱਚ 22 ਸਾਲਾ ਸਿੱਖ ਨੌਜਵਾਨ ਵੀ ਸ਼ਾਮਲ ਹੈ, ਜਿਸ ਦੀ ਦਸਤਾਰ ਉਤਾਰ ਕੇ ਉਸ ’ਤੇ ਬੀਅਰ ਡੋਲ੍ਹਣ ਦਾ ਦੋਸ਼ ਹੈ। ਬੈਰੀ ਪੁਲੀਸ ਮੁਤਾਬਕ ਇਹ ਘਟਨਾ 8 ਨਵੰਬਰ ਨੂੰ ਵਾਪਰੀ। ਦੋਸ਼ ਹੈ ਕਿ ਤਿੰਨਾਂ ਮੁਲਜ਼ਮਾਂ ਨੇ ਇੱਕ ਘੰਟੇ ਦੇ ਅੰਦਰ ਵੱਖ-ਵੱਖ ਬੱਸਾਂ ਵਿੱਚ ਦੋ ਯਾਤਰੀਆਂ ਨੂੰ ਨਿਸ਼ਾਨਾ ਬਣਾਇਆ। ਪਹਿਲੀ ਘਟਨਾ ਸ਼ਾਮ ਕਰੀਬ 7:15 ਵਜੇ ਐਸਾ ਰੋਡ ਨੇੜੇ ਇੱਕ ਬੱਸ ਵਿੱਚ ਵਾਪਰੀ, ਜਿੱਥੇ 26 ਸਾਲਾ ਯਾਤਰੀ ਨਾਲ ਕਥਿਤ ਤੌਰ ’ਤੇ ਬਦਸਲੂਕੀ ਕੀਤੀ ਗਈ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਯਾਤਰੀ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ, ਉਸ ਨੂੰ ਧੱਕਾ ਦਿੱਤਾ ਅਤੇ ਥੱਪੜ ਮਾਰੇ। ਜਦੋਂ ਉਹ ਮਦਦ ਲੈਣ ਲਈ ਬੱਸ ਡਰਾਈਵਰ ਕੋਲ ਪਹੁੰਚਿਆ ਤਾਂ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਉਸ ਨੂੰ ਬੱਸ ਤੋਂ ਬਾਹਰ ਧੱਕ ਦਿੱਤਾ ਅਤੇ ਮੌਕੇ ਤੋਂ ਭੱਜ ਗਏ। ਇਸ ਤੋਂ ਬਾਅਦ ਰਾਤ ਕਰੀਬ 8:30 ਵਜੇ ਇਸੇ ਸਮੂਹ ਨੇ ਯੋਂਗ ਸਟਰੀਟ ’ਤੇ ਇੱਕ ਹੋਰ ਬੱਸ ਵਿੱਚ ਸਫ਼ਰ ਕਰ ਰਹੇ 22 ਸਾਲਾ ਨੌਜਵਾਨ ਨੂੰ ਨਿਸ਼ਾਨਾ ਬਣਾਇਆ। ਦੋਸ਼ ਹੈ ਕਿ ਤਿੰਨਾਂ ਵਿੱਚੋਂ ਇੱਕ ਨੇ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਉਸ ’ਤੇ ਬੀਅਰ ਡੋਲ੍ਹ ਦਿੱਤੀ। ਪੀੜਤ ਨੇ ਜਦੋਂ ਪੁਲੀਸ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਮੁਲਜ਼ਮ ਨੇ ਉਸ ਦਾ ਮੋਬਾਈਲ ਫ਼ੋਨ ਜ਼ਮੀਨ ’ਤੇ ਸੁੱਟ ਦਿੱਤਾ। ਜਦੋਂ ਨੌਜਵਾਨ ਨੇ ਬੱਸ ਡਰਾਈਵਰ ਤੋਂ ਮਦਦ ਮੰਗੀ ਤਾਂ ਦੋ ਮੁਲਜ਼ਮਾਂ ਨੇ ਉਸ ਨੂੰ ਫੜ ਲਿਆ, ਜਦਕਿ ਤੀਜੇ ਨੇ ਉਸ ਦੇ ਚਿਹਰੇ ਅਤੇ ਸਰੀਰ ’ਤੇ ਮੁੱਕੇ ਮਾਰੇ। ਇਸ ਤੋਂ ਬਾਅਦ ਤਿੰਨੇ ਇੱਕ ਟੈਕਸੀ ਵਿੱਚ ਬੈਠ ਕੇ ਫ਼ਰਾਰ ਹੋ ਗਏ। ਪੁਲੀਸ ਨੇ ਕਰੀਬ ਅੱਧੇ ਘੰਟੇ ਦੇ ਅੰਦਰ ਟੈਕਸੀ ਦਾ ਪਤਾ ਲਗਾ ਕੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਹਰੇਕ ਵਿਰੁੱਧ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ ਦੋਸ਼ ਲਾਏ ਗਏ ਹਨ। ਪੁਲੀਸ ਨੇ ਮੁਲਜ਼ਮਾਂ ਅਤੇ ਪੀੜਤਾਂ ਦੀ ਪਛਾਣ ਜਨਤਕ ਨਹੀਂ ਕੀਤੀ। ਦੋਵਾਂ ਯਾਤਰੀਆਂ ਵਿੱਚੋਂ ਕਿਸੇ ਨੂੰ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ। ਹਿੰਦੂ ਸਿੱਖ ਯੂਨਿਟੀ ਫੋਰਮ ਕੈਨੇਡਾ ਨੇ 22 ਸਾਲਾ ਪੀੜਤ ਦੀ ਪਛਾਣ ਸਿੱਖ ਨੌਜਵਾਨ ਵਜੋਂ ਕੀਤੀ ਹੈ। ਓਨਟਾਰੀਓ ਦੇ ਨਾਗਰਿਕਤਾ ਅਤੇ ਬਹੁ-ਸੱਭਿਆਚਾਰਵਾਦ ਮੰਤਰੀ ਗ੍ਰਾਹਮ ਮੈਕਗ੍ਰੇਗਰ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਦਸਤਾਰ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ। ਮੈਕਗ੍ਰੇਗਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ ਕਿ ਦਸਤਾਰ ਆਸਥਾ ਦਾ ਪਵਿੱਤਰ ਚਿੰਨ੍ਹ ਹੈ ਅਤੇ ਇਸ ਨੂੰ ਨਿਸ਼ਾਨਾ ਬਣਾਉਣਾ ਕਿਸੇ ਵਿਅਕਤੀ ਦੇ ਮਾਣ-ਸਨਮਾਨ ਅਤੇ ਧਾਰਮਿਕ ਆਜ਼ਾਦੀ ’ਤੇ ਸਿੱਧਾ ਹਮਲਾ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਵੀ ਇਨ੍ਹਾਂ ਹਮਲਿਆਂ ਦੀ ਨਿੰਦਾ ਕੀਤੀ ਹੈ। ਸੰਸਥਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਇਕੱਲੀਆਂ-ਇਕੱਲੀਆਂ ਵਾਰਦਾਤਾਂ ਸਮਝ ਕੇ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ। ਜਥੇਬੰਦੀ ਮੁਤਾਬਕ ਕੈਨੇਡਾ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਵਧ ਰਹੇ ਮਾਮਲਿਆਂ ਵੱਲ ਗੰਭੀਰਤਾ ਨਾਲ ਧਿਆਨ ਦੇਣ, ਜਵਾਬਦੇਹੀ ਤੈਅ ਕਰਨ ਅਤੇ ਸਿੱਖ ਕੈਨੇਡੀਅਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕਣ ਦੀ ਲੋੜ ਹੈ। ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਅਨੁਸਾਰ ਦੇਸ਼ ਵਿੱਚ 7,71,790 ਸਿੱਖ ਰਹਿੰਦੇ ਹਨ, ਜੋ ਕੁੱਲ ਆਬਾਦੀ ਦਾ ਲਗਪਗ 2.1 ਫ਼ੀਸਦੀ ਹਨ। ਓਨਟਾਰੀਓ ਸੂਬੇ ਵਿੱਚ 3 ਲੱਖ ਤੋਂ ਵੱਧ ਸਿੱਖ ਵੱਸਦੇ ਹਨ। ਭਾਰਤ ਤੋਂ ਬਾਅਦ ਕੈਨੇਡਾ ਵਿੱਚ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਸਿੱਖ ਆਬਾਦੀ ਹੈ। ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ, ਮਾਮਲੇ ਵਿੱਚ ਗ੍ਰਿਫ਼ਤਾਰ ਦੋਵੇਂ ਬਾਲਗ ਮੁਲਜ਼ਮਾਂ ਨੂੰ ਵੱਧ ਤੋਂ ਵੱਧ 10 ਸਾਲ ਦੀ ਕੈਦ ਹੋ ਸਕਦੀ ਹੈ, ਜਦਕਿ 16 ਸਾਲਾ ਨਾਬਾਲਗ ਮੁਲਜ਼ਮ ਨੂੰ ਤਿੰਨ ਸਾਲ ਤੱਕ ਯੂਥ ਕਸਟਡੀ (ਬਾਲ ਸੁਧਾਰ ਘਰ) ਵਿੱਚ ਰੱਖੇ ਜਾਣ ਦੀ ਸਜ਼ਾ ਹੋ ਸਕਦੀ ਹੈ।