ਚੀਨ ’ਚ ਮੁਆਵਜ਼ੇ ਦੇ ਵਿਵਾਦ ਨੂੰ ਲੈ ਕੇ ਸਰਕਾਰੀ ਇਮਾਰਤ ’ਤੇ ਬੁਲਡੋਜ਼ਰ ਨਾਲ ਹਮਲਾ, ਵੀਡੀਓ ਵਾਇਰਲ

ਚੀਨ ’ਚ ਮੁਆਵਜ਼ੇ ਦੇ ਵਿਵਾਦ ਨੂੰ ਲੈ ਕੇ ਸਰਕਾਰੀ ਇਮਾਰਤ ’ਤੇ ਬੁਲਡੋਜ਼ਰ ਨਾਲ ਹਮਲਾ, ਵੀਡੀਓ ਵਾਇਰਲ

ਚੀਨ ਦੇ ਸ਼ਾਂਕਸੀ ਸੂਬੇ ਵਿੱਚ ਇੱਕ ਵਿਅਕਤੀ ਵੱਲੋਂ ਬੁਲਡੋਜ਼ਰ (ਐਕਸਵੇਟਰ) ਨਾਲ ਸਰਕਾਰੀ ਸੇਵਾ ਕੇਂਦਰ ਵਿੱਚ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੌਰਾਨ ਮਸ਼ੀਨ ਨੇ ਕਰੀਬ ਇੱਕ ਘੰਟੇ ਤੱਕ ਇਮਾਰਤ ਦੇ ਮੁੱਖ ਗੇਟ ਅਤੇ ਕੰਪਲੈਕਸ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਾਇਆ। ਪੁਲੀਸ ਨੇ ਇਸ ਮਾਮਲੇ ਵਿੱਚ 47 ਸਾਲਾ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਜਾਂ ਮਾਰੇ ਜਾਣ ਦੀ ਖ਼ਬਰ ਨਹੀਂ ਹੈ।
 

ਜਾਣਕਾਰੀ ਅਨੁਸਾਰ ਇਹ ਘਟਨਾ 9 ਨਵੰਬਰ ਨੂੰ ਸ਼ੀਆਨ ਨੇੜੇ ਸ਼ੀਸ਼ੀਅਨ ਨਿਊ ਏਰੀਆ ਦੇ ਫੇਂਗਡੋਂਗ ਨਿਊ ਸਿਟੀ ਗਵਰਨਮੈਂਟ ਸਰਵਿਸ ਸੈਂਟਰ ਵਿਖੇ ਵਾਪਰੀ। ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਵਿੱਚ ਐਕਸਵੇਟਰ ਨੂੰ ਸਰਕਾਰੀ ਪ੍ਰਸ਼ਾਸਨਿਕ ਸੇਵਾਵਾਂ ਵਾਲੀ ਇਮਾਰਤ ਦੇ ਪ੍ਰਵੇਸ਼ ਦੁਆਰ ਅਤੇ ਬਾਹਰੀ ਹਿੱਸਿਆਂ ਨੂੰ ਨੁਕਸਾਨ ਪਹੁੰਚਾਉਂਦੇ ਦੇਖਿਆ ਜਾ ਸਕਦਾ ਹੈ।
 

ਰਿਪੋਰਟਾਂ ਮੁਤਾਬਕ ਮਸ਼ੀਨ ਨੇ ਇਮਾਰਤ ਦੇ ਮੁੱਖ ਗੇਟ ਦੀਆਂ ਪੌੜੀਆਂ, ਸਾਈਨ ਬੋਰਡ ਅਤੇ ਸ਼ੀਸ਼ੇ ਦੇ ਦਰਵਾਜ਼ਿਆਂ ਨੂੰ ਟੱਕਰ ਮਾਰੀ। ਇਸ ਕਾਰਨ ਕੰਪਲੈਕਸ ਦੇ ਘੱਟੋ-ਘੱਟ ਛੇ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ। ਕੇਂਦਰ ਦੇ ਇੱਕ ਕਰਮਚਾਰੀ ਨੇ ਚੀਨੀ ਮੀਡੀਆ ਨੂੰ ਦੱਸਿਆ ਕਿ ਘਟਨਾ ਦੌਰਾਨ ਸੁਰੱਖਿਆ ਪ੍ਰਬੰਧ ਸਰਗਰਮ ਕਰ ਦਿੱਤੇ ਗਏ ਸਨ, ਜਿਸ ਨਾਲ ਉੱਥੇ ਮੌਜੂਦ ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਮਿਲੀ।
 

ਇੱਕ ਚਸ਼ਮਦੀਦ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਘਟਨਾ ਸਮੇਂ ਲੋਕਾਂ ਵਿੱਚ ਡਰ ਦਾ ਮਾਹੌਲ ਸੀ ਅਤੇ ਕਿਸੇ ਨੇ ਵੀ ਮਸ਼ੀਨ ਚਲਾ ਰਹੇ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਲਾਂਕਿ, ਕੁਝ ਸੇਵਾ ਕਾਊਂਟਰਾਂ ਨੇ ਉਸੇ ਦਿਨ ਦੁਪਹਿਰ ਬਾਅਦ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
 

ਐੱਨਡੀਟੀਵੀ ਦੀ ਰਿਪੋਰਟ ਅਨੁਸਾਰ ਪੁਲੀਸ ਨੇ 47 ਸਾਲਾ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਹੈ। ਹਾਲਾਂਕਿ, ਅਧਿਕਾਰੀਆਂ ਨੇ ਅਜੇ ਤੱਕ ਇਸ ਘਟਨਾ ਪਿੱਛੇ ਮਕਸਦ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ।
 

ਅਲ ਜਜ਼ੀਰਾ ਮੁਤਾਬਕ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਇਸ ਘਟਨਾ ਨੂੰ ਉਨ੍ਹਾਂ ਪੇਂਡੂ ਵਸਨੀਕਾਂ ਨੂੰ ਮੁਆਵਜ਼ਾ ਨਾ ਮਿਲਣ ਦੇ ਕਥਿਤ ਵਿਵਾਦ ਨਾਲ ਜੋੜਿਆ ਜਾ ਰਿਹਾ ਹੈ, ਜਿਨ੍ਹਾਂ ਦੇ ਘਰ ਢਾਹ ਦਿੱਤੇ ਗਏ ਸਨ। ਹਾਲਾਂਕਿ, ਇਸ ਦਾਅਵੇ ਦੀ ਅਧਿਕਾਰੀਆਂ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।