ਕਪੂਰਥਲਾ ’ਚ ਭਿਆਨਕ ਸੜਕ ਹਾਦਸਾ, ਕਾਰ-ਮੋਟਰਸਾਈਕਲ ਟੱਕਰ ’ਚ ਮਹਿਲਾ ਦੀ ਮੌਤ

ਕਪੂਰਥਲਾ ’ਚ ਭਿਆਨਕ ਸੜਕ ਹਾਦਸਾ, ਕਾਰ-ਮੋਟਰਸਾਈਕਲ ਟੱਕਰ ’ਚ ਮਹਿਲਾ ਦੀ ਮੌਤ

ਕਪੂਰਥਲਾ ਜ਼ਿਲ੍ਹੇ ਵਿੱਚ ਸੁਲਤਾਨਪੁਰ ਲੋਧੀ-ਮੁੰਡੀ ਮੋੜ ਮਾਰਗ ’ਤੇ ਪਿੰਡ ਮੰਗੂਪੁਰ ਨੇੜੇ ਸੂਜੋਕਾਲੀਆ ਪੈਟਰੋਲ ਪੰਪ ਦੇ ਸਾਹਮਣੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਜ਼ਬਰਦਸਤ ਟੱਕਰ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ, ਜਦਕਿ ਦੋ ਵਿਅਕਤੀ ਜ਼ਖਮੀ ਹੋਏ ਹਨ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਬਜ਼ੁਰਗ ਜੋੜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਮਹਿਲਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਪਰਕਾਸ਼ ਕੌਰ, ਪਤਨੀ ਕੇਵਲ ਸਿੰਘ, ਵਾਸੀ ਮੰਗੂਪੁਰ ਵਜੋਂ ਹੋਈ ਹੈ। ਮੋਟਰਸਾਈਕਲ ਚਲਾ ਰਹੇ ਕੇਵਲ ਸਿੰਘ ਪੁੱਤਰ ਹਜਾਰਾ ਸਿੰਘ ਵੀ ਹਾਦਸੇ ਵਿੱਚ ਜ਼ਖਮੀ ਹੋਏ ਹਨ। ਜਾਣਕਾਰੀ ਅਨੁਸਾਰ ਹਾਦਸਾ ਮੰਗੂਪੁਰ ਨੇੜੇ ਸੂਜੋਕਾਲੀਆ ਪੈਟਰੋਲ ਪੰਪ ਦੇ ਸਾਹਮਣੇ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ। ਇੱਥੇ ਇਲਾਜ ਦੌਰਾਨ ਪਰਕਾਸ਼ ਕੌਰ ਦੀ ਮੌਤ ਹੋ ਗਈ। ਸਥਾਨਕ ਲੋਕਾਂ ਮੁਤਾਬਕ ਇਸ ਸਥਾਨ ’ਤੇ ਪਹਿਲਾਂ ਵੀ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਲੋਕਾਂ ਨੇ ਹਾਦਸਿਆਂ ਨੂੰ ਰੋਕਣ ਲਈ ਇੱਥੇ ਡਿਵਾਈਡਰ ਨੂੰ ਬੰਦ ਕਰਨ ਅਤੇ ਢੁੱਕਵੇਂ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਉਧਰ, ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।