ਕੋਲੰਬੀਆ ਵਿੱਚ 7.4 ਤੀਬਰਤਾ ਦੇ ਭੂਚਾਲ ਨੇ ਮਚਾਈ ਤਬਾਹੀ, ਮੌਤਾਂ ਦੀ ਗਿਣਤੀ 188 ਹੋਈ
- ਵਿਦੇਸ਼
- (Asia/Kolkata)
ਪੱਛਮੀ ਕੋਲੰਬੀਆ ਵਿੱਚ ਸੋਮਵਾਰ ਨੂੰ ਆਏ 7.4 ਤੀਬਰਤਾ ਦੇ ਭੂਚਾਲ ਨੇ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੈ। Colombian Association of Capital Cities (Asocapitales) ਮੁਤਾਬਕ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 188 ਹੋ ਗਈ ਹੈ, ਜਦਕਿ 1,677 ਲੋਕ ਜ਼ਖਮੀ ਹੋਏ ਹਨ। ਤਾਜ਼ਾ ਅੰਕੜਿਆਂ ਮੁਤਾਬਕ ਕੈਲੀ ਸ਼ਹਿਰ ਵਿੱਚ 95 ਲੋਕਾਂ ਦੀ ਮੌਤ ਅਤੇ 997 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਹੈ। ਇਸੇ ਤਰ੍ਹਾਂ ਪਰੇਰਾ ਵਿੱਚ 79 ਮੌਤਾਂ ਅਤੇ 278 ਜ਼ਖਮੀਆਂ ਦੀ ਜਾਣਕਾਰੀ ਸਾਹਮਣੇ ਆਈ ਹੈ। ਇੱਕ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਕੋਲੰਬੀਆ ਦੇ ਰਾਸ਼ਟਰਪਤੀ ਅਬੇਲਾਰਡੋ ਡੇ ਲਾ ਐਸਪ੍ਰੀਏਲਾ ਨੇ ਪਹਿਲਾਂ ਦੱਸਿਆ ਸੀ ਕਿ ਭੂਚਾਲ ਨਾਲ 1,575 ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਛੇ ਹਵਾਈ ਅੱਡਿਆਂ ’ਤੇ ਵਪਾਰਕ ਉਡਾਣਾਂ ਦਾ ਸੰਚਾਲਨ ਵੀ ਮੁਅੱਤਲ ਕੀਤਾ ਗਿਆ ਹੈ। ਕੋਲੰਬੀਆ ਦੀ ਭੂ-ਵਿਗਿਆਨਕ ਸੇਵਾ ਮੁਤਾਬਕ ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 7:34 ਵਜੇ ਆਇਆ। ਇਸ ਦਾ ਕੇਂਦਰ ਚੋਕੋ ਵਿਭਾਗ ਵਿੱਚ ਸੈਨ ਹੋਜ਼ੇ ਡੇਲ ਪਾਲਮਰ ਨੇੜੇ 96 ਕਿਲੋਮੀਟਰ ਦੀ ਡੂੰਘਾਈ ’ਤੇ ਸੀ। Asocapitales ਨੇ ਦੱਸਿਆ ਕਿ ਉਹ ਪ੍ਰਭਾਵਿਤ ਵਿਭਾਗਾਂ ਦੀਆਂ ਰਾਜਧਾਨੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਸੰਸਥਾ ਵੱਲੋਂ ਸਥਾਨਕ ਮੇਅਰਾਂ ਅਤੇ ਉਨ੍ਹਾਂ ਦੀਆਂ ਟੀਮਾਂ ਨਾਲ ਤਾਲਮੇਲ ਕਰਕੇ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਸਭ ਤੋਂ ਜ਼ਰੂਰੀ ਰਾਹਤ ਲੋੜਾਂ ਦੀ ਪਛਾਣ ਕੀਤੀ ਜਾ ਰਹੀ ਹੈ। ਵਿਸ਼ਵ ਆਗੂਆਂ ਵੱਲੋਂ ਕੋਲੰਬੀਆ ਨਾਲ ਏਕਤਾ ਭੂਚਾਲ ਕਾਰਨ ਹੋਈ ਤਬਾਹੀ ਤੋਂ ਬਾਅਦ ਦੁਨੀਆ ਦੇ ਕਈ ਆਗੂਆਂ ਨੇ ਕੋਲੰਬੀਆ ਦੇ ਲੋਕਾਂ ਨਾਲ ਏਕਤਾ ਅਤੇ ਸਮਰਥਨ ਪ੍ਰਗਟ ਕੀਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੋਲੰਬੀਆ ਦੇ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਕੋਲੰਬੀਆ ਫਰਾਂਸ ਦੀ ਦੋਸਤੀ ਅਤੇ ਸਮਰਥਨ ’ਤੇ ਭਰੋਸਾ ਕਰ ਸਕਦਾ ਹੈ। ਉਨ੍ਹਾਂ ਨੇ ਭੂਚਾਲ ਵਿੱਚ ਜਾਨ ਗੁਆਉਣ ਵਾਲਿਆਂ, ਉਨ੍ਹਾਂ ਦੇ ਪਰਿਵਾਰਾਂ, ਜ਼ਖਮੀਆਂ ਅਤੇ ਹੋਰ ਪ੍ਰਭਾਵਿਤ ਲੋਕਾਂ ਪ੍ਰਤੀ ਹਮਦਰਦੀ ਜਤਾਈ। ਮੈਕਰੋਨ ਨੇ ਬਚਾਅ ਟੀਮਾਂ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਸਾਰੇ ਲੋਕਾਂ ਪ੍ਰਤੀ ਵੀ ਏਕਤਾ ਪ੍ਰਗਟ ਕੀਤੀ। ਇਸ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੇਂਸਕੀ ਨੇ ਵੀ ਕੋਲੰਬੀਆ ਨਾਲ ਏਕਤਾ ਅਤੇ ਸਮਰਥਨ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੁਨੀਆ ਭਰ ਦੇ ਲੋਕਾਂ ਨੂੰ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਅਤੇ ਸਮਰਥਨ ਕਰਨ ਦੀ ਅਪੀਲ ਕੀਤੀ।
Leave a Reply