Daily Suraj

ਪੰਜਾਬੀ

ਗਲੇ 'ਚ ਮੈਡਲ ਅਤੇ ਮਾਂ ਬੋਲੀ 'ਚ ਮਾਣ: ਪੰਜਾਬ ਦੀ ਧੀ ਬਲਜੀਤ ਕੌਰ ਦੇ ਅੰਦਾਜ਼ ਨੇ ਜਿੱਤੇ ਲੋਕਾਂ ਦੇ ਦਿਲ

03 Oct, 2026 09:09 AM

‘ਦਿੱਲੀ ਨੀ ਜਾਣਾ ਪਹਿਲਾਂ ਅਪਣੇ ਪਿੰਡ ਜਾਣਾ ਹੈ, ਆਪਾਂ ਚੱਲੇ ਪੰਜਾਬ ਮੈਡਲ ਲੈ ਕੇ’— ਇਹ ਭਾਵੁਕ ਅਤੇ ਗੌਰਵਮਈ ਸ਼ਬਦ ਏਸ਼ੀਆਈ ਖੇਡਾਂ ਵਿੱਚ ਭਾਰਤ ਦੀ ਸੋਨ ਤਗ਼ਮਾ ਜੇਤੂ ਮਹਿਲਾ ਹਾਕੀ ਟੀਮ ਦੀ ਅਹਿਮ ਮੈਂਬਰ ਬਲਜੀਤ ਕੌਰ ਦੇ ਹਨ। ਗਲੇ ਵਿੱਚ ਸੋਨ ਤਗ਼ਮਾ ਪਾ ਕੇ ਉਤਸ਼ਾਹ ਨਾਲ ਦੌੜਦੀ ਹੋਈ ਪੰਜਾਬ ਦੀ ਇਸ ਮੁਟਿਆਰ ਦੀ ਵੀਡੀਓ ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਉਸ ਦੇ ਚਿਹਰੇ 'ਤੇ ਝਲਕਦੀ ਖੁਸ਼ੀ ਅਤੇ ਆਪਣੀ ਮਿੱਟੀ ਪ੍ਰਤੀ ਲਗਾਅ ਨੂੰ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਖੇਡਾਂ ਦੀ ਸਰਵਉੱਚ ਸੰਸਥਾ ‘ਹਾਕੀ ਇੰਡੀਆ’ ਨੇ ਵੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ, ਜੋ ਦੇਖਦਿਆਂ ਹੀ ਦੇਖਦਿਆਂ ਚਰਚਾ ਦਾ ਕੇਂਦਰ ਬਣ ਗਈ। ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਦਿਆਂ ਬਲਜੀਤ ਕੌਰ ਨੇ ਦੱਸਿਆ ਕਿ ਏਸ਼ੀਆਈ ਖੇਡਾਂ ਵਿੱਚ ਇਹ ਉਸ ਦੀ ਪਹਿਲੀ ਹਿੱਸੇਦਾਰੀ ਸੀ ਅਤੇ ਇਸ ਵੱਡੇ ਮੰਚ 'ਤੇ ਸੋਨ ਤਗ਼ਮਾ ਜਿੱਤਣਾ ਉਸ ਲਈ ਇੱਕ ਸ਼ਾਨਦਾਰ ਅਤੇ ਯਾਦਗਾਰ ਤਜ਼ਰਬਾ ਰਿਹਾ ਹੈ। ਉਸ ਨੇ ਕਿਹਾ ਕਿ ਪੰਜਾਬ ਲਈ ਮੈਡਲ ਘਰ ਲੈ ਕੇ ਆਉਣਾ ਇਸ ਪ੍ਰਾਪਤੀ ਨੂੰ ਉਸ ਲਈ ਅਤੇ ਉਸ ਦੇ ਪਰਿਵਾਰ ਲਈ ਹੋਰ ਵੀ ਖਾਸ ਬਣਾਉਂਦਾ ਹੈ। ਭਾਰਤੀ ਮਹਿਲਾ ਹਾਕੀ ਟੀਮ ਨੇ ਏਸ਼ੀਆਈ ਖੇਡਾਂ ਦੇ ਇਸ ਮਹਾਂਕੁੰਭ ਵਿੱਚ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਸੋਨ ਤਗ਼ਮਾ ਆਪਣੇ ਨਾਮ ਕੀਤਾ ਹੈ, ਜਿਸ ਵਿੱਚ ਬਲਜੀਤ ਕੌਰ ਨੇ ਖ਼ਿਤਾਬੀ ਮੁਹਿੰਮ ਦੌਰਾਨ ਅਹਿਮ ਭੂਮਿਕਾ ਨਿਭਾਈ। ਕਿਸੇ ਵੀ ਹੋਰ ਥਾਂ ਜਾਣ ਤੋਂ ਪਹਿਲਾਂ ਸਿੱਧਾ ਆਪਣੇ ਪਿੰਡ ਪਰਤਣ ਬਾਰੇ ਉਸ ਦੇ ਦਿਲੋਂ ਕਹੇ ਗਏ ਇਨ੍ਹਾਂ ਬੋਲਾਂ ਨੇ ਪੂਰੇ ਸੂਬੇ ਦੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕਾਕਾ ਕੰਡਿਆਲਾ ਦੀ ਰਹਿਣ ਵਾਲੀ 25 ਸਾਲਾ ਇਹ ਹਾਕੀ ਖਿਡਾਰਨ ਰਾਸ਼ਟਰੀ ਮਹਿਲਾ ਟੀਮ ਵਿੱਚ ਪੰਜਾਬ ਤੋਂ ਇਕੱਲੀ ਮਹਿਲਾ ਖਿਡਾਰਨ ਸੀ।

Latest News