Daily Suraj

ਪੰਜਾਬੀ

ਸ਼ਾਹੀ ਪ੍ਰੋਟੋਕੋਲ ਛੱਡ ਪ੍ਰਿੰਸ ਵਿਲੀਅਮ ਨੇ ਖ਼ੁਦ ਸੰਭਾਲਿਆ ਈ-ਰਿਕਸ਼ਾ ਦਾ ਸਟੇਅਰਿੰਗ, ਕੇਟ ਮਿਡਲਟਨ ਦੇ ਚਿਹਰੇ ’ਤੇ ਆਈ ਮੁਸਕਾਨ

17 Nov, 2026 06:06 PM

ਬ੍ਰਿਟੇਨ ਦੇ ਪ੍ਰਿੰਸ ਵਿਲੀਅਮ ਨੇ ਮੁੰਬਈ ਦੌਰੇ ਦੌਰਾਨ ਆਪਣੇ ਸ਼ਾਹੀ ਅੰਦਾਜ਼ ਤੋਂ ਵੱਖਰੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਨੇ ਆਪਣੀ ਪਤਨੀ ਕੇਟ ਮਿਡਲਟਨ ਨੂੰ ਖ਼ਾਸ ਸੈਰ ਕਰਵਾਉਣ ਲਈ ਖ਼ੁਦ ਈ-ਰਿਕਸ਼ਾ ਦਾ ਸਟੇਅਰਿੰਗ ਸੰਭਾਲਿਆ। ਇਸ ਦੌਰਾਨ ਕੇਟ ਮਿਡਲਟਨ ਪਿਛਲੀ ਸੀਟ ’ਤੇ ਬੈਠੀ ਨਜ਼ਰ ਆਈ। ਸ਼ਾਹੀ ਜੋੜੇ ਦੀ ਇਸ ਦਿਲਚਸਪ ਸਵਾਰੀ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ਦਾ ਵਿਸ਼ਾ ਬਣ ਗਈਆਂ ਹਨ।
 

ਮੰਗਲਵਾਰ ਨੂੰ ਮੁੰਬਈ ਦੇ ਬਾਂਦਰਾ ਰੀਕਲੇਮੇਸ਼ਨ ਗਾਰਡਨ ਪਹੁੰਚੇ ਪ੍ਰਿੰਸ ਵਿਲੀਅਮ ਨੇ ਸ਼ਾਹੀ ਪ੍ਰੋਟੋਕੋਲ ਤੋਂ ਹਟ ਕੇ ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਵੱਲੋਂ ਤਿਆਰ ਕੀਤੇ ਇਲੈਕਟ੍ਰਿਕ ਥ੍ਰੀ-ਵ੍ਹੀਲਰ ਨੂੰ ਖ਼ੁਦ ਚਲਾਇਆ। ਇਸ ਦੌਰਾਨ ਉਨ੍ਹਾਂ ਨੇ ਪਿਛਲੀ ਸੀਟ ’ਤੇ ਬੈਠੀ ਕੇਟ ਮਿਡਲਟਨ ਨੂੰ ਮੁਸਕਰਾਉਂਦਿਆਂ ਸੈਰ ਕਰਵਾਈ।
 

ਬਾਂਦਰਾ-ਵਰਲੀ ਸੀ ਲਿੰਕ ਦੇ ਖ਼ੂਬਸੂਰਤ ਪਿਛੋਕੜ ਵਿੱਚ ਸ਼ਾਹੀ ਜੋੜੇ ਦਾ ਇਹ ਅੰਦਾਜ਼ ਖ਼ਾਸ ਖਿੱਚ ਦਾ ਕੇਂਦਰ ਬਣਿਆ। ਇਸ ਮੌਕੇ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਨੇ ਦੁਨੀਆ ਭਰ ਤੋਂ ਆਏ ‘ਅਰਥਸ਼ਾਟ ਪ੍ਰਾਈਜ਼ 2026’ ਦੇ 15 ਫਾਈਨਲਿਸਟਾਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰੇ ਰਾਹੀਂ ਵਾਤਾਵਰਣ ਦੀ ਸੰਭਾਲ ਅਤੇ ਨਵੀਆਂ ਤਕਨੀਕਾਂ ਦੇ ਖੇਤਰ ਵਿੱਚ ਭਾਰਤ ਦੇ ਯੋਗਦਾਨ ਨੂੰ ਉਭਾਰਿਆ ਗਿਆ।
 

ਇਸ ਸਾਲ ਦੇ 15 ਫਾਈਨਲਿਸਟਾਂ ਵਿੱਚ ਭਾਰਤ ਦੀਆਂ ਦੋ ਸੰਸਥਾਵਾਂ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਮਹਿੰਦਰਾ ਲਾਸਟ ਮਾਈਲ ਮੋਬਿਲਿਟੀ ਨੂੰ ਸਾਫ਼-ਸੁਥਰੀ ਸ਼ਹਿਰੀ ਆਵਾਜਾਈ ਦੇ ਖੇਤਰ ਵਿੱਚ ਕੰਮ ਕਰਨ ਲਈ ਚੁਣਿਆ ਗਿਆ ਹੈ, ਜਦਕਿ ਮਹਿਲਾ ਹਾਊਸਿੰਗ ਟਰੱਸਟ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਭਾਈਚਾਰਕ ਪੱਧਰ ’ਤੇ ਹੱਲ ਵਿਕਸਤ ਕਰਨ ਵਾਸਤੇ ਫਾਈਨਲਿਸਟ ਬਣਾਇਆ ਗਿਆ ਹੈ।
 

ਜ਼ਿਕਰਯੋਗ ਹੈ ਕਿ ਭਾਰਤ ਪਹਿਲੀ ਵਾਰ ‘ਅਰਥਸ਼ਾਟ ਪ੍ਰਾਈਜ਼ ਐਵਾਰਡਜ਼’ ਸਮਾਗਮ ਦੀ ਮੇਜ਼ਬਾਨੀ ਕਰ ਰਿਹਾ ਹੈ। ਮੰਗਲਵਾਰ ਸ਼ਾਮ ਨੂੰ ਹੋਣ ਵਾਲੇ ਮੁੱਖ ਸਮਾਗਮ ਵਿੱਚ ਪੰਜ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਜਾਵੇਗਾ। ਹਰੇਕ ਜੇਤੂ ਨੂੰ ਆਪਣੇ ਵਾਤਾਵਰਣ ਪੱਖੀ ਪ੍ਰਾਜੈਕਟ ਨੂੰ ਅੱਗੇ ਵਧਾਉਣ ਲਈ 10 ਲੱਖ ਪੌਂਡ ਦੀ ਰਾਸ਼ੀ ਦਿੱਤੀ ਜਾਵੇਗੀ।
 

ਪ੍ਰਿੰਸ ਵਿਲੀਅਮ ਨੇ ਸਾਲ 2020 ਵਿੱਚ ਇਨ੍ਹਾਂ ਪੁਰਸਕਾਰਾਂ ਦੀ ਸ਼ੁਰੂਆਤ ਕੀਤੀ ਸੀ। ਇਹ ਪੁਰਸਕਾਰ ਪੰਜ ਸ਼੍ਰੇਣੀਆਂ ਤਹਿਤ ਦਿੱਤੇ ਜਾਂਦੇ ਹਨ, ਜਿਨ੍ਹਾਂ ਵਿੱਚ ਕੁਦਰਤ ਦੀ ਰੱਖਿਆ ਅਤੇ ਬਹਾਲੀ, ਹਵਾ ਦੀ ਸ਼ੁੱਧਤਾ, ਸਮੁੰਦਰਾਂ ਦੀ ਸੁਰੱਖਿਆ, ਕੂੜਾ-ਮੁਕਤ ਵਿਸ਼ਵ ਦੀ ਉਸਾਰੀ ਅਤੇ ਜਲਵਾਯੂ ਸੁਧਾਰ ਸ਼ਾਮਲ ਹਨ।
 

ਇਸ ਤੋਂ ਪਹਿਲਾਂ ਸੋਮਵਾਰ ਨੂੰ ਮੁੰਬਈ ਪਹੁੰਚਣ ’ਤੇ ਵੀ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਨੇ ਸਾਦਗੀ ਭਰਿਆ ਅੰਦਾਜ਼ ਦਿਖਾਇਆ ਸੀ। ਦੋਵਾਂ ਨੇ ਮੁੰਬਈ ਮੈਟਰੋ ਵਿੱਚ ਸਫ਼ਰ ਕੀਤਾ, ਸਕੂਲੀ ਵਿਦਿਆਰਥੀਆਂ ਨਾਲ ਗਲੀ ਕ੍ਰਿਕਟ ਖੇਡੀ ਅਤੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨਾਲ ਮੁਲਾਕਾਤ ਕੀਤੀ।
 

‘ਅਰਥਸ਼ਾਟ ਪ੍ਰਾਈਜ਼ ਇੰਪੈਕਟ ਅਸੈਂਬਲੀ’ ਨੂੰ ਸੰਬੋਧਨ ਕਰਦਿਆਂ ਪ੍ਰਿੰਸ ਵਿਲੀਅਮ ਨੇ ਸਾਫ਼ ਊਰਜਾ ਅਤੇ ਟਿਕਾਊ ਵਿਕਾਸ ਵੱਲ ਭਾਰਤ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਪੁਰਸਕਾਰ ਵਿੱਚ ਸਭ ਤੋਂ ਵੱਧ ਜੇਤੂ ਅਤੇ ਫਾਈਨਲਿਸਟ ਭਾਰਤ ਤੋਂ ਹੀ ਰਹੇ ਹਨ।
 

ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਹਿੰਦੀ ਦੇ ਸ਼ਬਦਾਂ ‘ਰੰਗ ਬਿਰੰਗੀ ਦੁਨੀਆ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਰਥਿਕ ਤਰੱਕੀ ਅਤੇ ਵਾਤਾਵਰਣ ਦੀ ਸੰਭਾਲ ਇਕੱਠੇ ਅੱਗੇ ਵਧ ਸਕਦੇ ਹਨ।
 

ਭਾਸ਼ਣ ਦੇ ਅੰਤ ਵਿੱਚ ਪ੍ਰਿੰਸ ਵਿਲੀਅਮ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਰਥਸ਼ਾਟ ਪ੍ਰਾਈਜ਼ ਦੇ ਫਾਈਨਲਿਸਟਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਦੀਆਂ ਖੋਜਾਂ ਤੇ ਨਵੀਨਤਾਵਾਂ ਨੂੰ ਦੁਨੀਆ ਭਰ ਵਿੱਚ ਪਹੁੰਚਾਉਣ ਵਿੱਚ ਮਦਦ ਕਰਨ। ਉਨ੍ਹਾਂ ਕਿਹਾ ਕਿ ਦੁਨੀਆ ਨੂੰ ਬਦਲਣ ਦਾ ਕੰਮ ਸਿਰਫ਼ ਸਮੱਸਿਆਵਾਂ ਗਿਣਾਉਣ ਨਾਲ ਨਹੀਂ ਹੁੰਦਾ, ਸਗੋਂ ਉਨ੍ਹਾਂ ਦੇ ਹੱਲ ਲੱਭਣ ਅਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਦਾ ਹੌਸਲਾ ਰੱਖਣ ਵਾਲੇ ਲੋਕ ਹੀ ਅਸਲ ਬਦਲਾਅ ਲਿਆਉਂਦੇ ਹਨ।

Latest News