ਮਰਦਮਸ਼ੁਮਾਰੀ 2027: ਪੰਜਾਬ ਸਮੇਤ ਚਾਰ ਸੂਬਿਆਂ ਵਿੱਚ 1 ਦਸੰਬਰ ਤੋਂ ਸ਼ੁਰੂ ਹੋਵੇਗੀ ਆਬਾਦੀ ਦੀ ਗਿਣਤੀ
- ਪੰਜਾਬ
- (Asia/Kolkata)
ਕੇਂਦਰ ਸਰਕਾਰ ਨੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ, ਉੱਤਰ ਪ੍ਰਦੇਸ਼, ਗੋਆ ਅਤੇ ਉਤਰਾਖੰਡ ਵਿੱਚ ਮਰਦਮਸ਼ੁਮਾਰੀ (Census 2027) ਪ੍ਰਕਿਰਿਆ ਦੇ ਦੂਜੇ ਪੜਾਅ ਨੂੰ ਸਮੇਂ ਤੋਂ ਪਹਿਲਾਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਰਜਿਸਟਰਾਰ ਜਨਰਲ ਆਫ਼ ਇੰਡੀਆ (RGI) ਵੱਲੋਂ ਜਾਰੀ ਕੀਤੀ ਗਈ ਨਵੀਂ ਸਮਾਂ-ਸਾਰਣੀ ਅਨੁਸਾਰ, ਇਨ੍ਹਾਂ ਚਾਰਾਂ ਅਹਿਮ ਸੂਬਿਆਂ ਵਿੱਚ ਆਬਾਦੀ ਦੀ ਗਿਣਤੀ ਦਾ ਕੰਮ 1 ਦਸੰਬਰ 2026 ਤੋਂ ਸ਼ੁਰੂ ਹੋ ਕੇ 4 ਜਨਵਰੀ 2027 ਤੱਕ ਮੁਕੰਮਲ ਕੀਤਾ ਜਾਵੇਗਾ। ਉਤਰਾਖੰਡ ਵਿੱਚ ਬਰਫ਼ਬਾਰੀ ਵਾਲੇ ਖੇਤਰਾਂ ਨੂੰ ਛੱਡ ਕੇ ਬਾਕੀ ਸਾਰੇ ਇਲਾਕਿਆਂ ਵਿੱਚ ਵੀ ਮਰਦਮਸ਼ੁਮਾਰੀ ਦੀ ਇਹ ਪ੍ਰਕਿਰਿਆ ਇਸੇ ਤੈਅ ਸਮੇਂ ਦੌਰਾਨ ਹੀ ਨੇਪਰੇ ਚਾੜ੍ਹੀ ਜਾਵੇਗੀ। ਸਰਕਾਰੀ ਹੁਕਮਾਂ ਅਨੁਸਾਰ, 16 ਨਵੰਬਰ ਤੋਂ 30 ਨਵੰਬਰ 2026 ਤੱਕ ਆਮ ਲੋਕਾਂ ਲਈ 'ਸੈਲਫ਼-ਇਨਿਊਮਰੇਸ਼ਨ' (ਖੁਦ ਵੇਰਵੇ ਦਰਜ ਕਰਨ) ਦੀ ਸੁਵਿਧਾ ਉਪਲਬਧ ਰਹੇਗੀ, ਜਿਸ ਤੋਂ ਬਾਅਦ ਗਿਣਤੀਕਾਰ ਘਰ-ਘਰ ਜਾ ਕੇ ਡਾਟਾ ਇਕੱਠਾ ਕਰਨਗੇ। 5 ਜਨਵਰੀ ਤੋਂ 9 ਜਨਵਰੀ 2027 ਤੱਕ ਇੱਕ ਸਮੀਖਿਆ ਗੇੜ (revisional round) ਵੀ ਚਲਾਇਆ ਜਾਵੇਗਾ। ਰਜਿਸਟਰਾਰ ਜਨਰਲ ਆਫ਼ ਇੰਡੀਆ ਦੁਆਰਾ ਤਾਰੀਖ਼ਾਂ ਦੇ ਐਲਾਨ ਤੋਂ ਬਾਅਦ ਇਨ੍ਹਾਂ ਸੂਬਿਆਂ ਵਿੱਚ ਪ੍ਰਸ਼ਾਸਨਿਕ ਤਿਆਰੀਆਂ ਤੇਜ਼ ਹੋ ਗਈਆਂ ਹਨ। ਅਧਿਕਾਰੀਆਂ ਅਨੁਸਾਰ, ਇਨ੍ਹਾਂ ਚਾਰੇ ਰਾਜਾਂ ਵਿੱਚ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੀ ਵਿਧਾਨ ਸਭਾ ਚੋਣਾਂ ਪ੍ਰਸਤਾਵਿਤ ਹਨ। ਚੋਣ ਪ੍ਰਕਿਰਿਆ ਅਤੇ ਮਰਦਮਸ਼ੁਮਾਰੀ ਦੋਵਾਂ ਵਿੱਚ ਸਰਕਾਰੀ ਅਮਲੇ, ਵਿਸ਼ੇਸ਼ ਤੌਰ 'ਤੇ ਅਧਿਆਪਕਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਹਨ, ਇਸ ਲਈ ਚੋਣ ਪ੍ਰਚਾਰ ਤੇ ਵੋਟਿੰਗ ਤੋਂ ਪਹਿਲਾਂ-ਪਹਿਲਾਂ ਜਨਗਣਨਾ ਦਾ ਕੰਮ ਨਿਪਟਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ।ਜ਼ਿਕਰਯੋਗ ਹੈ ਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਮਰਦਮਸ਼ੁਮਾਰੀ ਦਾ ਇਹ ਆਬਾਦੀ ਗਿਣਤੀ ਵਾਲਾ ਦੂਜਾ ਪੜਾਅ ਆਪਣੇ ਪਹਿਲਾਂ ਤੋਂ ਤੈਅ ਸ਼ਡਿਊਲ ਅਨੁਸਾਰ ਫ਼ਰਵਰੀ 2027 ਵਿੱਚ ਹੀ ਕਰਵਾਇਆ ਜਾਵੇਗਾ।
Leave a Reply