Daily Suraj

ਪੰਜਾਬੀ

ਆਮ ਜਨਤਾ 'ਤੇ ਮਹਿੰਗਾਈ ਦੀ ਇਕ ਹੋਰ ਮਾਰ: ਮਦਰ ਡੇਅਰੀ ਨੇ ਦੁੱਧ ਦੀਆਂ ਕੀਮਤਾਂ 'ਚ 4 ਰੁਪਏ ਤੱਕ ਕੀਤਾ ਵਾਧਾ; ਵੀਰਵਾਰ ਤੋਂ ਲਾਗੂ ਹੋਣਗੀਆਂ ਨਵੀਂਆਂ ਦਰਾਂ

11 Nov, 2026 08:41 AM

ਮਹਿੰਗਾਈ ਦਾ ਸਾਹਮਣਾ ਕਰ ਰਹੀ ਆਮ ਜਨਤਾ ਦੀ ਜੇਬ 'ਤੇ ਹੁਣ ਦੁੱਧ ਦੀਆਂ ਵਧੀਆਂ ਕੀਮਤਾਂ ਦਾ ਵਾਧੂ ਬੋਝ ਪੈਣ ਜਾ ਰਹਾ ਹੈ। ਪ੍ਰਮੁੱਖ ਡੇਅਰੀ ਕੰਪਨੀ 'ਮਦਰ ਡੇਅਰੀ' ਨੇ ਦੁੱਧ ਦੀਆਂ ਵੱਖ-ਵੱਖ ਕਿਸਮਾਂ ਦੇ ਰੇਟਾਂ ਵਿੱਚ 2 ਰੁਪਏ ਤੋਂ ਲੈ ਕੇ 4 ਰੁਪਏ ਪ੍ਰਤੀ ਲਿਟਰ ਤੱਕ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਨਵੀਆਂ ਵਧੀਆਂ ਹੋਈਆਂ ਕੀਮਤਾਂ ਵੀਰਵਾਰ, 12 ਨਵੰਬਰ ਤੋਂ ਲਾਗੂ ਕਰ ਦਿੱਤੀਆਂ ਜਾਣਗੀਆਂ। ਜਾਣੋ ਵੱਖ-ਵੱਖ ਕਿਸਮਾਂ ਦੀਆਂ ਨਵੀਂਆਂ ਕੀਮਤਾਂ ਨਵੇਂ ਰੇਟਾਂ ਅਨੁਸਾਰ, ਦਿੱਲੀ-ਐੱਨਸੀਆਰ ਵਿੱਚ ਟੋਕਨ ਰਾਹੀਂ ਮਿਲਣ ਵਾਲੇ ਟੋਨਡ ਦੁੱਧ ਦੀ ਕੀਮਤ 58 ਰੁਪਏ ਤੋਂ ਵਧਾ ਕੇ 60 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ। ਪਾਊਚ ਵਾਲੇ ਫੁੱਲ ਕਰੀਮ ਦੁੱਧ ਦਾ ਭਾਅ 72 ਰੁਪਏ ਤੋਂ ਵਧ ਕੇ ਹੁਣ 76 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ, ਜਦਕਿ ਪਾਊਚ ਵਾਲੇ ਟੋਨਡ ਦੁੱਧ ਦੀ ਕੀਮਤ 60 ਰੁਪਏ ਤੋਂ ਵਧਾ ਕੇ 62 ਰੁਪਏ ਪ੍ਰਤੀ ਲਿਟਰ ਕੀਤੀ ਗਈ ਹੈ। ਇਸ ਤੋਂ ਇਲਾਵਾ, ਡਬਲ ਟੋਨਡ ਦੁੱਧ ਹੁਣ 54 ਰੁਪਏ ਦੀ ਥਾਂ 56 ਰੁਪਏ ਪ੍ਰਤੀ ਲਿਟਰ ਮਿਲੇਗਾ ਅਤੇ ਗਾਂ ਦੇ ਦੁੱਧ ਦੀ ਕੀਮਤ 62 ਰੁਪਏ ਤੋਂ ਵਧਾ ਕੇ 65 ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ। ਕੰਪਨੀ ਦਾ ਕਾਰੋਬਾਰ ਅਤੇ ਦਿੱਲੀ-ਐੱਨਸੀਆਰ 'ਚ ਮੰਗ ਮਦਰ ਡੇਅਰੀ ਦਿੱਲੀ-ਐੱਨਸੀਆਰ ਖੇਤਰ ਵਿੱਚ ਦੁੱਧ ਦੀਆਂ ਸਭ ਤੋਂ ਵੱਡੀਆਂ ਸਪਲਾਇਰ ਕੰਪਨੀਆਂ ਵਿੱਚੋਂ ਇੱਕ ਹੈ। ਕੰਪਨੀ ਆਪਣੇ ਵਿਕਰੀ ਕੇਂਦਰਾਂ, ਸਥਾਨਕ ਦੁਕਾਨਾਂ ਅਤੇ ਆਨਲਾਈਨ ਪਲੇਟਫਾਰਮਾਂ ਰਾਹੀਂ ਦਿੱਲੀ-ਐੱਨਸੀਆਰ ਵਿੱਚ ਰੋਜ਼ਾਨਾ ਲਗਪਗ 35 ਲੱਖ ਲਿਟਰ ਦੁੱਧ ਵੇਚਦੀ ਹੈ, ਜਦਕਿ ਦੇਸ਼ ਭਰ ਵਿੱਚ ਇਸ ਦੀ ਰੋਜ਼ਾਨਾ ਦੁੱਧ ਵਿਕਰੀ 50 ਲੱਖ ਲਿਟਰ ਤੋਂ ਵਧੇਰੇ ਹੈ। ਕੰਪਨੀ ਆਪਣੀ ਆਮਦਨ ਦਾ 75 ਤੋਂ 80 ਫ਼ੀਸਦੀ ਹਿੱਸਾ ਸਿੱਧਾ ਕਿਸਾਨਾਂ ਨੂੰ ਅਦਾ ਕਰਦੀ ਹੈ। ਜ਼ਿਕਰਯੋਗ ਹੈ ਕਿ ਸਾਲ 1974 ਵਿੱਚ ਸਥਾਪਿਤ ਹੋਈ ਮਦਰ ਡੇਅਰੀ 'ਕੌਮੀ ਡੇਅਰੀ ਵਿਕਾਸ ਬੋਰਡ' (NDDB) ਦੀ ਪੂਰੀ ਮਾਲਕੀ ਵਾਲੀ ਸਹਾਇਕ ਕੰਪਨੀ ਹੈ। ਕੰਪਨੀ ਮਦਰ ਡੇਅਰੀ ਬ੍ਰਾਂਡ ਹੇਠ ਦੁੱਧ ਉਤਪਾਦ, 'ਧਾਰਾ' ਬ੍ਰਾਂਡ ਹੇਠ ਖਾਣ ਵਾਲਾ ਤੇਲ ਅਤੇ 'ਸਫ਼ਲ' ਬ੍ਰਾਂਡ ਹੇਠ ਫਲ ਤੇ ਸਬਜ਼ੀਆਂ ਵੇਚਦੀ ਹੈ। ਇਸ ਕੋਲ ਦੁੱਧ ਦੀ ਪ੍ਰੋਸੈਸਿੰਗ ਦੇ 9, ਬਾਗਬਾਨੀ ਉਤਪਾਦਾਂ ਦੇ 4 ਅਤੇ ਖਾਣ ਵਾਲੇ ਤੇਲ ਲਈ 16 ਸਹਿਯੋਗੀ ਪਲਾਂਟ ਹਨ। ਪਿਛਲੇ ਵਿੱਤੀ ਸਾਲ ਦੌਰਾਨ ਦੁੱਧ ਅਤੇ ਤੇਲ ਦੀ ਮੰਗ ਵਧਣ ਕਾਰਨ ਕੰਪਨੀ ਦਾ ਕੁੱਲ ਕਾਰੋਬਾਰ 17 ਫ਼ੀਸਦੀ ਦੇ ਵਾਧੇ ਨਾਲ 20,300 ਕਰੋੜ ਰੁਪਏ ਤੱਕ ਪਹੁੰਚ ਗਿਆ ਸੀ। ਇਸ ਤੋਂ ਪਹਿਲਾਂ ਮਈ 2026 ਵਿੱਚ ਵਧੀਆਂ ਸਨ ਕੀਮਤਾਂ ਇਸ ਤੋਂ ਪਹਿਲਾਂ ਮਈ 2026 ਵਿੱਚ ਵੀ ਮਦਰ ਡੇਅਰੀ ਵੱਲੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਉਸ ਸਮੇਂ ਟੋਕਨ ਦੁੱਧ ਦੀ ਕੀਮਤ 56 ਤੋਂ ਵਧ ਕੇ 58 ਰੁਪਏ, ਫੁੱਲ ਕਰੀਮ ਦੁੱਧ 70 ਤੋਂ ਵਧ ਕੇ 72 ਰੁਪਏ, ਪਾਊਚ ਟੋਨਡ ਦੁੱਧ 58 ਤੋਂ ਵਧ ਕੇ 60 ਰੁਪਏ, ਡਬਲ ਟੋਨਡ ਦੁੱਧ 52 ਤੋਂ ਵਧ ਕੇ 54 ਰੁਪਏ, ਗਾਂ ਦਾ ਦੁੱਧ 60 ਤੋਂ ਵਧ ਕੇ 62 ਰੁਪਏ ਅਤੇ ਪ੍ਰੋ ਮਿਲਕ 70 ਤੋਂ ਵਧ ਕੇ 72 ਰੁਪਏ ਪ੍ਰਤੀ ਲਿਟਰ ਕੀਤਾ ਗਿਆ ਸੀ। ਕੰਪਨੀ ਅਨੁਸਾਰ ਕਿਸਾਨਾਂ ਤੋਂ ਦੁੱਧ ਖ਼ਰੀਦਣ ਦੀ ਲਾਗਤ ਵਿੱਚ ਪਿਛਲੇ ਇੱਕ ਸਾਲ ਦੌਰਾਨ ਲਗਪਗ 6 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ, ਜਿਸ ਕਰਕੇ ਕੰਪਨੀ ਨੂੰ ਕੀਮਤਾਂ ਵਿੱਚ ਸੋਧ ਕਰਨੀ ਪਈ ਹੈ।

Latest News