ਅਸਾਮ 'ਚ ਵੱਡਾ ਰੇਲ ਹਾਦਸਾ: ਕੋਲਕਾਤਾ-ਸਰਾਂਗ ਐਕਸਪ੍ਰੈੱਸ ਦਾ ਇੰਜਣ ਤੇ ਡੱਬੇ ਪਟੜੀ ਤੋਂ ਉਤਰੇ; 50 ਯਾਤਰੀਆਂ ਦੇ ਜ਼ਖ਼ਮੀ ਹੋਣ ਦਾ ਖ਼ਦਸ਼ਾ
ਅਸਾਮ ਦੇ ਕਾਮਰੂਪ (ਮੈਟਰੋ) ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਦਰਦਨਾਕ ਰੇਲ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਿਗਾਰੂ ਰੇਲਵੇ ਸਟੇਸ਼ਨ ਦੇ ਨੇੜੇ ਕੋਲਕਾਤਾ-ਸਰਾਂਗ ਐਕਸਪ੍ਰੈੱਸ ਦਾ ਇੰਜਣ ਅਤੇ ਪੰਜ ਡੱਬੇ ਅਚਾਨਕ ਪਟੜੀ ਤੋਂ ਉਤਰ ਗਏ। ਇਸ ਘਟਨਾ ਵਿੱਚ ਲਗਭਗ 50 ਯਾਤਰੀਆਂ ਦੇ ਜ਼ਖ਼ਮੀ ਹੋਣ ਦਾ ਅੰਦੇਸ਼ਾ ਜਤਾਇਆ ਜਾ ਰਹਾ ਹੈ, ਹਾਲਾਂਕਿ ਰੇਲਵੇ ਪ੍ਰਸ਼ਾਸਨ ਵੱਲੋਂ ਹਾਲੇ ਤੱਕ ਕਿਸੇ ਵੀ ਯਾਤਰੀ ਦੇ ਜ਼ਖ਼ਮੀ ਹੋਣ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਕਰੀਬ 6:54 ਵਜੇ ਵਾਪਰਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਬਚਾਅ ਅਤੇ ਰਾਹਤ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਯਾਤਰੀਆਂ ਦੀ ਸਹੂਲਤ ਅਤੇ ਉਨ੍ਹਾਂ ਨੂੰ ਸੁਰੱਖਿਅਤ ਮੰਜ਼ਿਲ 'ਤੇ ਪਹੁੰਚਾਉਣ ਲਈ ਉੱਤਰ-ਪੂਰਬੀ ਸਰਹੱਦੀ ਰੇਲਵੇ ਵੱਲੋਂ ਬਦਲਵੀਂ ਰੇਲ ਗੱਡੀ ਦਾ ਪ੍ਰਬੰਧ ਕੀਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਉੱਤਰ-ਪੂਰਬੀ ਸਰਹੱਦੀ ਰੇਲਵੇ ਦੇ ਜਨਰਲ ਮੈਨੇਜਰ ਸਮੇਤ ਹੋਰ ਉੱਚ ਅਧਿਕਾਰੀ ਵੀ ਮੌਕੇ 'ਤੇ ਜਾਇਜ਼ਾ ਲੈਣ ਪਹੁੰਚੇ। ਸਥਾਨਕ ਲੋਕਾਂ ਨੇ ਜਤਾਇਆ ਬ੍ਰੇਕ ਫੇਲ੍ਹ ਹੋਣ ਦਾ ਖ਼ਦਸ਼ਾ ਘਟਨਾ ਸਮੇਂ ਨੇੜਿਓਂ ਲੰਘ ਰਹੇ ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਉਹ ਸਵੇਰ ਦੀ ਸੈਰ ਕਰ ਰਿਹਾ ਸੀ, ਜਦੋਂ ਉਸ ਨੂੰ ਰੇਲ ਹਾਦਸੇ ਬਾਰੇ ਪਤਾ ਲੱਗਾ। ਉਹ ਤੁਰੰਤ ਡਿਗਾਰੂ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ 'ਤੇ ਸਥਿਤ ਹਾਦਸੇ ਵਾਲੀ ਥਾਂ 'ਤੇ ਪਹੁੰਚਿਆ, ਜਿੱਥੇ ਟਰੇਨ ਦੇ ਛੇ ਡੱਬੇ ਪਟੜੀ ਤੋਂ ਲੱਥੇ ਹੋਏ ਸਨ। ਉਸ ਅਨੁਸਾਰ, ਸ਼ੁਰੂਆਤੀ ਦੇਖਰੇਖ ਤੋਂ ਜਾਪਦਾ ਹੈ ਕਿ ਇੰਜਣ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਦੇ ਆਸ-ਪਾਸ ਰਿਹਾਇਸ਼ੀ ਘਰ ਵੀ ਸਨ, ਪਰ ਖ਼ੁਸ਼ਕਿਸਮਤੀ ਨਾਲ ਟਰੇਨ ਘਰਾਂ ਨਾਲ ਨਹੀਂ ਟਕਰਾਈ, ਜਿਸ ਕਰਕੇ ਵੱਡਾ ਜਾਨੀ ਨੁਕਸਾਨ ਹੋਣੋਂ ਬਚ ਗਿਆ। ਲੋਕਾਂ ਨੇ ਮੰਗ ਕੀਤੀ ਹੈ ਕਿ ਅੱਜ ਦੇ ਤਕਨਾਲੋਜੀ ਦੇ ਦੌਰ ਵਿੱਚ ਬ੍ਰੇਕ ਫੇਲ੍ਹ ਹੋਣਾ ਇੱਕ ਗੰਭੀਰ ਲਾਪਰਵਾਹੀ ਹੈ, ਇਸ ਲਈ ਮਾਲੀਗਾਓਂ ਸਥਿਤ ਉੱਤਰ-ਪੂਰਬੀ ਸਰਹੱਦੀ ਰੇਲਵੇ ਅਤੇ ਰੇਲ ਮੰਤਰਾਲੇ ਨੂੰ ਇਸ ਦੀ ਉੱਚ-ਪੱਧਰੀ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਦੇਸ਼ 'ਚ ਵਧ ਰਹੀਆਂ ਹਨ ਰੇਲ ਦੁਰਘਟਨਾਵਾਂ ਇਸ ਹਾਦਸੇ ਤੋਂ ਪਹਿਲਾਂ ਵੀ ਦੇਸ਼ ਦੇ ਹੋਰ ਹਿੱਸਿਆਂ ਵਿੱਚ ਰੇਲ ਹਾਦਸਿਆਂ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ: ਗੁਜਰਾਤ ਮਾਲ ਗੱਡੀ ਹਾਦਸਾ: ਲੰਘੇ ਸੋਮਵਾਰ ਰਾਤ ਗੁਜਰਾਤ ਦੇ ਦਾਹੋਦ ਤੋਂ ਜਾਕੋਟ ਵੱਲ ਜਾ ਰਹੀ ਇੱਕ ਖਾਲੀ ਮਾਲ ਗੱਡੀ ਦੇ ਦੋ ਪਹੀਏ ਢੇਡੇਲਾ ਨੇੜੇ ਪਟੜੀ ਤੋਂ ਉਤਰ ਗਏ ਸਨ। ਇਸ ਨਾਲ ਦਿੱਲੀ ਜਾਣ ਵਾਲੀਆਂ ਕਈ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਸੀ, ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਤਾਮਿਲਨਾਡੂ 'ਚ ਬਿਨਾਂ ਇੰਜਣ ਚੱਲੇ ਡੱਬੇ: ਤਾਮਿਲਨਾਡੂ ਦੇ ਜੋਲਾਰਪੇੱਟਾਈ ਜੰਕਸ਼ਨ ਦੇ ਰੇਲਵੇ ਯਾਰਡ ਵਿੱਚ ਖੜ੍ਹੇ ਸੱਤ ਖਾਲੀ ਡੱਬੇ ਬਿਨਾਂ ਇੰਜਣ ਦੇ ਹੀ ਕਰੀਬ ਛੇ ਕਿਲੋਮੀਟਰ ਤੱਕ ਚੱਲ ਪਏ ਸਨ ਅਤੇ ਬਾਅਦ ਵਿੱਚ ਪਟੜੀ ਤੋਂ ਉਤਰ ਗਏ। ਹਾਦਸਾ ਰੋਕਣ ਲਈ ਪ੍ਰਸ਼ਾਸਨ ਨੂੰ ਬੰਗਲੂਰੂ-ਚੇਨੱਈ ਰੂਟ 'ਤੇ ਟਰੇਨਾਂ ਰੋਕਣੀਆਂ ਪਈਆਂ ਸਨ।