ਸਪੇਨ ਦੀ ਇਤਿਹਾਸਕ ਜਿੱਤ, ਅਰਜਨਟੀਨਾ ਨੂੰ ਮਾਤ ਦੇ ਕੇ ਫੀਫਾ ਵਿਸ਼ਵ ਕੱਪ ਖਿਤਾਬ ਕੀਤਾ ਆਪਣੇ ਨਾਮ
ਨਿਊਯਾਰਕ ਦੇ ਨਿਊ ਜਰਸੀ ਸਟੇਡੀਅਮ ਵਿੱਚ ਖੇਡੇ ਗਏ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਿੱਚ ਸਪੇਨ ਨੇ ਅਰਜਨਟੀਨਾ ਨੂੰ 1-0 ਨਾਲ ਹਰਾਕੇ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਸਪੇਨ ਨੇ 16 ਸਾਲ ਬਾਅਦ ਮੁੜ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਤੋਂ ਪਹਿਲਾਂ ਸਪੇਨ ਨੇ ਸਾਲ 2010 ਵਿੱਚ ਫੀਫਾ ਵਿਸ਼ਵ ਕੱਪ ਜਿੱਤਿਆ ਸੀ। ਦੋਵੇਂ ਟੀਮਾਂ ਵਿਚਾਲੇ ਨਿਰਧਾਰਤ 90 ਮਿੰਟ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਅਤੇ ਸਕੋਰ 0-0 ਨਾਲ ਬਰਾਬਰ ਰਿਹਾ। ਇਸ ਤੋਂ ਬਾਅਦ ਵਾਧੂ ਸਮੇਂ ਦੇ ਦੂਜੇ ਹਾਫ ਵਿੱਚ ਸਪੇਨ ਦੇ ਫੇਰਨ ਟੋਰੇਸ ਨੇ ਸ਼ਾਨਦਾਰ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਅਹਿਮ ਬੜ੍ਹਤ ਦਿਵਾਈ, ਜੋ ਅੰਤ ਤੱਕ ਕਾਇਮ ਰਹੀ। ਪੂਰੇ ਮੁਕਾਬਲੇ ਦੌਰਾਨ ਸਪੇਨ ਨੇ ਹਮਲਾਵਰ ਖੇਡ ਦਿਖਾਈ ਅਤੇ ਗੋਲ ਕਰਨ ਦੇ ਕਈ ਮੌਕੇ ਬਣਾਏ, ਹਾਲਾਂਕਿ ਸ਼ੁਰੂਆਤੀ ਕੋਸ਼ਿਸ਼ਾਂ ਸਫਲ ਨਹੀਂ ਹੋ ਸਕੀਆਂ। ਦੂਜੇ ਪਾਸੇ ਅਰਜਨਟੀਨਾ ਨੂੰ ਪੂਰੇ ਮੈਚ ਵਿੱਚ ਗੋਲ ਕਰਨ ਦੇ ਬਹੁਤ ਘੱਟ ਮੌਕੇ ਮਿਲੇ। ਸਪੇਨ ਨੇ ਆਪਣੇ ਮਜ਼ਬੂਤ ਬਚਾਅ ਨਾਲ ਅਰਜਨਟੀਨਾ ਦੇ ਸਟਾਰ ਖਿਡਾਰੀ ਲਿਓਨੇਲ ਮੇਸੀ ਨੂੰ ਵੀ ਗੋਲ ਕਰਨ ਦਾ ਕੋਈ ਸਪੱਸ਼ਟ ਮੌਕਾ ਨਹੀਂ ਦਿੱਤਾ। ਮੁਕਾਬਲੇ ਦੌਰਾਨ ਅਰਜਨਟੀਨਾ ਨੂੰ ਵੱਡਾ ਝਟਕਾ ਉਸ ਵੇਲੇ ਲੱਗਾ ਜਦੋਂ ਸਟੌਪੇਜ ਟਾਈਮ ਦੇ ਦੂਜੇ ਹਾਫ ਵਿੱਚ ਏਂਜੋ ਫਰਨਾਂਡਿਜ਼ ਨੂੰ ਦੂਜਾ ਪੀਲਾ ਕਾਰਡ ਦਿਖਾਇਆ ਗਿਆ। ਸਪੇਨ ਦੇ ਡਿਫੈਂਡਰ ਪਾਊ ਕੁਬਾਰਸੀ ਨਾਲ ਟਕਰਾਉਣ ਤੋਂ ਬਾਅਦ ਮਿਲੇ ਇਸ ਕਾਰਡ ਕਾਰਨ ਫਰਨਾਂਡਿਜ਼ ਨੂੰ ਮੈਦਾਨ ਛੱਡਣਾ ਪਿਆ ਅਤੇ ਅਰਜਨਟੀਨਾ ਨੂੰ ਬਾਕੀ ਮੈਚ 10 ਖਿਡਾਰੀਆਂ ਨਾਲ ਹੀ ਖੇਡਣਾ ਪਿਆ। ਅੰਕੜਿਆਂ ਵਿੱਚ ਵੀ ਸਪੇਨ ਦਾ ਦਬਦਬਾ ਸਾਫ਼ ਨਜ਼ਰ ਆਇਆ। ਨਿਰਧਾਰਤ ਸਮੇਂ ਦੌਰਾਨ ਸਪੇਨ ਨੇ 15 ਸ਼ਾਟ ਲਗਾਏ, ਜਦਕਿ ਅਰਜਨਟੀਨਾ ਇੱਕ ਵੀ ਸ਼ਾਟ ਨਹੀਂ ਲਗਾ ਸਕੀ। ਇਸ ਤੋਂ ਇਲਾਵਾ ਸਪੇਨ ਨੂੰ ਨੌਂ ਕਾਰਨਰ ਮਿਲੇ, ਜਦਕਿ ਅਰਜਨਟੀਨਾ ਦੇ ਹਿੱਸੇ ਸਿਰਫ਼ ਇੱਕ ਕਾਰਨਰ ਆਇਆ। ਇਸ ਜਿੱਤ ਨਾਲ ਸਪੇਨ ਨੇ ਇੱਕ ਹੋਰ ਇਤਿਹਾਸਕ ਉਪਲਬਧੀ ਆਪਣੇ ਨਾਮ ਕਰ ਲਈ। ਸਪੇਨ ਪੁਰਸ਼ ਅਤੇ ਮਹਿਲਾ ਫੁਟਬਾਲ ਵਿਸ਼ਵ ਕੱਪ ਇੱਕੋ ਸਮੇਂ ਆਪਣੇ ਨਾਮ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਸਿਤਾਰਿਆਂ ਦੀ ਮੌਜੂਦਗੀ ਨੇ ਵਧਾਈ ਫਾਈਨਲ ਦੀ ਸ਼ਾਨ 48 ਟੀਮਾਂ ਵਾਲੇ ਇਸ ਸਭ ਤੋਂ ਵੱਡੇ ਫੀਫਾ ਵਿਸ਼ਵ ਕੱਪ ਦਾ ਇਹ 104ਵਾਂ ਮੁਕਾਬਲਾ ਸੀ। ਇਤਿਹਾਸਕ ਫਾਈਨਲ ਨੂੰ ਦੇਖਣ ਲਈ ਹਾਲੀਵੁੱਡ ਦੇ ਮਸ਼ਹੂਰ ਸਿਤਾਰੇ ਟੌਮ ਕਰੂਜ਼, ਬ੍ਰੈਡ ਪਿਟ, ਜੈਨੀਫਰ ਹਡਸਨ, ਡੈਨੀਅਲ ਕ੍ਰੇਗ ਅਤੇ ਜੈਨੀਫਰ ਕੋਨੋਲੀ ਸਟੇਡੀਅਮ ਵਿੱਚ ਮੌਜੂਦ ਸਨ। ਇਸ ਤੋਂ ਇਲਾਵਾ ਕਾਕਾ, ਜ਼ਿਨੇਦੀਨ ਜ਼ਿਦਾਨ, ਡੇਵਿਡ ਬੈਕਹਮ, ਦਿਦਿਏਰ ਡ੍ਰੋਗਬਾ, ਰੋਨਾਲਡੋ ਅਤੇ ਰੋਨਾਲਡਿਨਹੋ ਵਰਗੇ ਸਾਬਕਾ ਮਹਾਨ ਫੁਟਬਾਲਰ ਵੀ ਦਰਸ਼ਕਾਂ ਵਿੱਚ ਸ਼ਾਮਲ ਰਹੇ। ਫਾਈਨਲ ਮੈਚ ਤੋਂ ਪਹਿਲਾਂ ਕਰਵਾਏ ਗਏ 90 ਮਿੰਟ ਦੇ ਰੰਗਾਰੰਗ ਸਮਾਪਤੀ ਸਮਾਰੋਹ ਵਿੱਚ ਜਸਟਿਨ ਬੀਬਰ, ਮੈਡੋਨਾ, ਸ਼ਕੀਰਾ ਅਤੇ ਬੀਟੀਐਸ ਨੇ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।
Posted By: Daily Suraj Bureau