ਬਠਿੰਡਾ 'ਚ ‘ਡਿਜੀਟਲ ਅਰੈਸਟ’ ਦੇ ਨਾਂ 'ਤੇ 78 ਸਾਲਾ ਸੇਵਾਮੁਕਤ ਫੌਜੀ ਇੰਜੀਨੀਅਰ ਨਾਲ 35 ਲੱਖ ਰੁਪਏ ਦੀ ਠੱਗੀ
ਪੰਜਾਬ ਦੇ ਬਠਿੰਡਾ ਸ਼ਹਿਰ ਵਿੱਚ ‘ਡਿਜੀਟਲ ਅਰੈਸਟ’ ਦੇ ਨਾਂ ’ਤੇ ਇੱਕ 78 ਸਾਲਾ ਸੇਵਾਮੁਕਤ ਫੌਜੀ ਇੰਜੀਨੀਅਰ ਨਾਲ 35 ਲੱਖ ਰੁਪਏ ਦੀ ਸਾਈਬਰ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਆਪਣੇ ਆਪ ਨੂੰ ਦਿੱਲੀ ਪੁਲੀਸ ਅਤੇ ਐਂਟੀ-ਟੈਰੋਰਿਜ਼ਮ ਸਕੁਐਡ (ATS) ਦੇ ਅਧਿਕਾਰੀ ਦੱਸ ਕੇ ਪੀੜਤ ਨੂੰ ਡਰਾ-ਧਮਕਾ ਕੇ ਇਹ ਰਕਮ ਆਪਣੇ ਖਾਤੇ ਵਿੱਚ ਟਰਾਂਸਫਰ ਕਰਵਾ ਲਈ। ਸਾਈਬਰ ਕਰਾਈਮ ਥਾਣੇ ਵਿੱਚ ਦਰਜ ਸ਼ਿਕਾਇਤ ਅਨੁਸਾਰ, ਸਰਾਭਾ ਨਗਰ ਦੇ ਵਸਨੀਕ ਅਸ਼ੋਕ ਕੁਮਾਰ ਨੂੰ 13 ਜੁਲਾਈ ਨੂੰ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਦਿੱਲੀ ਪੁਲੀਸ ਹੈੱਡਕੁਆਰਟਰ ਦਾ ਅਧਿਕਾਰੀ ਦੱਸਿਆ ਅਤੇ ਬਾਅਦ ਵਿੱਚ ਕਾਲ ਇੱਕ ਹੋਰ ਵਿਅਕਤੀ ਨੂੰ ਟਰਾਂਸਫਰ ਕਰ ਦਿੱਤੀ, ਜਿਸ ਨੇ ਖੁਦ ਨੂੰ ਏਟੀਐੱਸ ਅਧਿਕਾਰੀ ਵਜੋਂ ਪੇਸ਼ ਕੀਤਾ। ਐੱਫਆਈਆਰ ਮੁਤਾਬਕ, ਮੁਲਜ਼ਮਾਂ ਨੇ ਪੀੜਤ ਨੂੰ ਇਹ ਕਹਿ ਕੇ ਡਰਾਇਆ ਕਿ ਉਸ ਦੇ ਪਛਾਣ ਪੱਤਰ ਦੀ ਵਰਤੋਂ ਕਰਕੇ ਇੱਕ ਮੋਬਾਈਲ ਕਨੈਕਸ਼ਨ ਲਿਆ ਗਿਆ ਹੈ, ਜਿਸ ਰਾਹੀਂ 2.5 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਝੂਠਾ ਦਾਅਵਾ ਕੀਤਾ ਕਿ ਪੀੜਤ ਦੇ ਸਬੰਧ ਪਾਕਿਸਤਾਨ ਦੀ ਖੁਫੀਆ ਏਜੰਸੀ ISI ਅਤੇ ਦਿੱਲੀ ਬੰਬ ਧਮਾਕਿਆਂ ਦੇ ਮਾਮਲੇ ਨਾਲ ਹਨ ਅਤੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਫਾਈਲ ਕੌਮੀ ਜਾਂਚ ਏਜੰਸੀ (NIA) ਨੂੰ ਭੇਜੀ ਜਾ ਰਹੀ ਹੈ। ਠੱਗਾਂ ਨੇ ਪੀੜਤ ਨੂੰ ਕਈ ਘੰਟਿਆਂ ਤੱਕ ਲਗਾਤਾਰ ਵੀਡੀਓ ਕਾਲ ’ਤੇ ਰੱਖ ਕੇ ਮਾਨਸਿਕ ਦਬਾਅ ਬਣਾਇਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੀੜਤ ਦੇ ਬੈਂਕ ਖਾਤੇ ਵਿੱਚ 35 ਲੱਖ ਰੁਪਏ ਮੌਜੂਦ ਹਨ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਇਹ ਰਕਮ ਆਰਬੀਆਈ (RBI) ਦੇ ਕਥਿਤ ਵੈਰੀਫਿਕੇਸ਼ਨ ਖਾਤੇ ਵਿੱਚ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ। ਹੋਰ ਪੈਸਿਆਂ ਦੀ ਮੰਗ ਤੋਂ ਬਾਅਦ ਸਾਹਮਣੇ ਆਈ ਠੱਗੀ ਸਾਈਬਰ ਕਰਾਈਮ ਥਾਣੇ ਦੇ ਐੱਸਐੱਚਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਨੇ ਠੱਗਾਂ ਦੀਆਂ ਗੱਲਾਂ ਵਿੱਚ ਆ ਕੇ 15 ਜੁਲਾਈ ਨੂੰ RTGS ਰਾਹੀਂ 35 ਲੱਖ ਰੁਪਏ ਉਨ੍ਹਾਂ ਵੱਲੋਂ ਦਿੱਤੇ ਗਏ ਬੈਂਕ ਖਾਤੇ ਵਿੱਚ ਟਰਾਂਸਫਰ ਕਰ ਦਿੱਤੇ। ਉਨ੍ਹਾਂ ਦੱਸਿਆ ਕਿ ਮਾਮਲੇ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਮੁਲਜ਼ਮਾਂ ਨੇ ਪੀੜਤ ਤੋਂ ਹੋਰ ਪੈਸਿਆਂ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਅਸ਼ੋਕ ਕੁਮਾਰ ਨੇ ਅਮਰੀਕਾ ਵਿੱਚ ਰਹਿੰਦੇ ਆਪਣੇ ਪੁੱਤਰ ਨਾਲ ਗੱਲਬਾਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ‘ਫੇਕ ਡਿਜੀਟਲ ਅਰੈਸਟ’ ਦੇ ਸਾਈਬਰ ਜਾਲ ਦਾ ਸ਼ਿਕਾਰ ਬਣ ਚੁੱਕੇ ਹਨ। ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਬਠਿੰਡਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 318(4) ਅਤੇ 61(2) ਦੇ ਨਾਲ-ਨਾਲ ਇਨਫਰਮੇਸ਼ਨ ਟੈਕਨਾਲੋਜੀ (IT) ਐਕਟ ਦੀ ਧਾਰਾ 66D ਤਹਿਤ ਮਾਮਲਾ ਦਰਜ ਕਰ ਲਿਆ ਹੈ। ਐੱਸਐੱਚਓ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਬੈਂਕ ਖਾਤਿਆਂ ਦੀ ਡਿਜੀਟਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ। ਪੁਲੀਸ ਨੇ ਲੋਕਾਂ ਨੂੰ ਕੀਤਾ ਸਾਵਧਾਨ ਪੁਲੀਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਵਿਅਕਤੀ ਆਪਣੇ ਆਪ ਨੂੰ ਪੁਲੀਸ ਜਾਂ ਕਿਸੇ ਜਾਂਚ ਏਜੰਸੀ ਦਾ ਅਧਿਕਾਰੀ ਦੱਸ ਕੇ ਫੋਨ ਕਰੇ, ਪੈਸਿਆਂ ਦੀ ਮੰਗ ਕਰੇ ਜਾਂ ‘ਡਿਜੀਟਲ ਅਰੈਸਟ’ ਦੀ ਧਮਕੀ ਦੇਵੇ ਤਾਂ ਉਸ ਦੀਆਂ ਗੱਲਾਂ ’ਤੇ ਭਰੋਸਾ ਨਾ ਕੀਤਾ ਜਾਵੇ। ਪੁਲੀਸ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਸਰਕਾਰੀ ਏਜੰਸੀ ਵੀਡੀਓ ਕਾਲ ਰਾਹੀਂ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੀ ਅਤੇ ਨਾ ਹੀ ਕਿਸੇ ਤੋਂ ਪੈਸੇ ਟਰਾਂਸਫਰ ਕਰਨ ਲਈ ਕਹਿੰਦੀ ਹੈ।
Posted By: Daily Suraj Bureau