Daily Suraj

ਪੰਜਾਬੀ

ਮਾਨਸਾ 'ਚ ਤਣਾਅ: ਪੁਲੀਸ 'ਤੇ ਲਾਸ਼ ਖੋਹਣ ਤੇ ਆਗੂਆਂ ਦੀ ਕੁੱਟਮਾਰ ਦੇ ਦੋਸ਼; ਡੀਸੀ ਦਫ਼ਤਰ ਅਤੇ ਥਾਣਿਆਂ ਦੇ ਘਿਰਾਓ ਦੀ ਚਿਤਾਵਨੀ

28 Oct, 2026 07:50 AM

ਮਾਨਸਾ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਨੌਜਵਾਨ ਦੀ ਮੌਤ ਅਤੇ ਪਰਵਿੰਦਰ ਸਿੰਘ ਝੋਟਾ ਮਾਮਲੇ ਨੂੰ ਲੈ ਕੇ ਇਨਸਾਫ਼ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਪ੍ਰਸ਼ਾਸਨ ਵਿਚਾਲੇ ਤਣਾਅ ਬੇਹੱਦ ਵੱਧ ਗਿਆ ਹੈ। 'ਐਕਸ਼ਨ ਕਮੇਟੀ ਮਾਨਸਾ' ਨੇ ਪੰਜਾਬ ਪੁਲੀਸ 'ਤੇ ਗੰਭੀਰ ਦੋਸ਼ ਲਾਉਂਦਿਆਂ ਆਖਿਆ ਹੈ ਕਿ ਪਿੰਡ ਭੰਮੇ ਕਲਾਂ ਦੇ 32 ਸਾਲਾ ਮ੍ਰਿਤਕ ਨੌਜਵਾਨ ਦਲਜੀਤ ਸਿੰਘ ਦੀ ਲਾਸ਼ ਨੂੰ ਜਦੋਂ ਮਾਨਸਾ ਇਨਸਾਫ਼ ਮੋਰਚੇ ਵਿੱਚ ਲਿਆਂਦਾ ਜਾ ਰਿਹਾ ਸੀ, ਤਾਂ ਪੁਲੀਸ ਨੇ ਜ਼ਬਰਦਸਤੀ ਲਾਸ਼ ਖੋਹ ਲਈ। ਕਮੇਟੀ ਅਨੁਸਾਰ ਇਸ ਦੌਰਾਨ ਪੁਲੀਸ ਨੇ ਪਰਿਵਾਰਕ ਮੈਂਬਰਾਂ ਅਤੇ ਕਮੇਟੀ ਆਗੂਆਂ ਨਾਲ ਕੁੱਟਮਾਰ ਕੀਤੀ ਅਤੇ ਕਈਆਂ ਨੂੰ ਹਿਰਾਸਤ ਵਿੱਚ ਲੈ ਲਿਆ। ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਪੁਲੀਸ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਚਿਤਾਵਨੀ ਦਿੱਤੀ ਹੈ। ਉਨ੍ਹਾਂ ਆਖਿਆ ਕਿ ਜੇਕਰ ਹਿਰਾਸਤ ਵਿੱਚ ਲਏ ਗਏ ਆਗੂਆਂ ਨੂੰ ਅੱਜ ਸਵੇਰੇ 11 ਵਜੇ ਤੱਕ ਰਿਹਾਅ ਨਾ ਕੀਤਾ ਗਿਆ ਤਾਂ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ਦਾ ਘਿਰਾਓ ਕਰਨ ਸਮੇਤ ਹੋਰ ਤਿੱਖੇ ਐਕਸ਼ਨ ਉੱਲੇਵਾਂਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਭਰ ਦੇ ਗੁਰਦੁਆਰਾ ਸਾਹਿਬਾਨ ਵਿੱਚ ਨਸ਼ਿਆਂ ਖ਼ਿਲਾਫ਼ ਅਤੇ ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਕੀਤੀ ਜਾ ਰਹੀ ਅਰਦਾਸ ਵਿੱਚ ਸੰਗਤਾਂ ਨੂੰ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਕਿਸਾਨ ਜਥੇਬੰਦੀਆਂ ਨੇ ਵੀ ਇਸ ਪੁਲੀਸ ਕਾਰਵਾਈ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਪੰਜਾਬ ਦੇ ਸਮੁੱਚੇ ਥਾਣਿਆਂ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੀਨੀਅਰ ਆਗੂ ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਪੁਲੀਸ ਦਾ ਇਹ ਜਬਰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੋਰਚੇ ਵਿੱਚ ਡਟੇ ਭਾਨਾ ਸਿੱਧੂ ਨੇ ਵੀ ਦੁਹਰਾਇਆ ਕਿ ਸਰਕਾਰ ਜਿੰਨਾ ਮਰਜ਼ੀ ਤਸ਼ੱਦਦ ਢਾਹ ਲਵੇ, ਉਹ ਇਨਸਾਫ਼ ਲਏ ਬਿਨਾਂ ਪਿੱਛੇ ਨਹੀਂ ਹਟਣਗੇ। ਇਸ ਪੂਰੇ ਮਾਮਲੇ 'ਤੇ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਪਰਿਵਾਰ ਦੀ ਸਹਿਮਤੀ ਮਿਲਣ ਤੋਂ ਬਾਅਦ ਮ੍ਰਿਤਕ ਦਲਜੀਤ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਪਰਿਵਾਰ ਅਤੇ ਰਿਸ਼ਤੇਦਾਰਾਂ ਵੱਲੋਂ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਐੱਸਐੱਸਪੀ ਨੇ ਸਪੱਸ਼ਟ ਕੀਤਾ ਕਿ ਇਲਾਕੇ ਦੀ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਵਿਗਾੜਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਦੇ ਹੱਕ 'ਚ ਚੱਲ ਰਹੇ ਧਰਨੇ ਦੌਰਾਨ ਅੱਜ ਵੱਡੀ ਗਿਣਤੀ 'ਚ ਲੋਕਾਂ ਨੂੰ ਮਾਨਸਾ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਸਿਆਸੀ ਹਲਚਲ ਦੇ ਚੱਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਪਰਗਟ ਸਿੰਘ ਵੀ ਅੱਜ ਮਾਨਸਾ ਵਿਖੇ ਪਹੁੰਚ ਰਹੇ ਹਨ।

Latest News