ਪੰਜਾਬ 'ਚ ਝੋਨੇ ਦੀ ਖ਼ਰੀਦ ਦੇ ਵਿਚਾਲੇ ਵੱਡਾ ਫੈਸਲਾ: 4 ਜ਼ਿਲ੍ਹਿਆਂ ਦੀਆਂ 35 ਮੰਡੀਆਂ 'ਚ ਖ਼ਰੀਦ ਬੰਦ, ਕਿਸਾਨਾਂ ਦੀਆਂ ਵਧੀਆਂ ਮੁਸ਼ਕਲਾਂ
ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਦੇ ਚੱਲ ਰਹੇ ਸੀਜ਼ਨ ਦੌਰਾਨ ਹੀ ਪੰਜਾਬ ਮੰਡੀ ਬੋਰਡ ਨੇ ਇੱਕ ਵੱਡਾ ਪ੍ਰਸ਼ਾਸਕੀ ਫੈਸਲਾ ਲੈਂਦਿਆਂ ਚਾਰ ਜ਼ਿਲ੍ਹਿਆਂ ਦੀਆਂ 35 ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਖ਼ਰੀਦ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਪੰਜਾਬ ਮੰਡੀ ਬੋਰਡ ਦੇ ਸਕੱਤਰ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਤਹਿਤ ਸਾਰੇ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਇਹ ਫੈਸਲਾ ਮੰਗਲਵਾਰ ਸ਼ਾਮ 5 ਵਜੇ ਤੋਂ ਲਾਗੂ ਕਰਨ ਲਈ ਆਖਿਆ ਗਿਆ ਹੈ। ਮੰਡੀ ਬੋਰਡ ਵੱਲੋਂ ਜਾਰੀ ਪੱਤਰ ਅਨੁਸਾਰ, ਇਹ ਕਦਮ ਖ਼ੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਪੰਜਾਬ ਦੀਆਂ ਪ੍ਰਸ਼ਾਸਕੀ ਸਿਫ਼ਾਰਸ਼ਾਂ ਨੂੰ ਮੁੱਖ ਰੱਖਦਿਆਂ ਚੁੱਕਿਆ ਗਿਆ ਹੈ। ਹਾਲਾਂਕਿ, ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸੂਬੇ ਦੇ ਬਾਕੀ ਸਾਰੇ ਮੁੱਖ ਯਾਰਡ, ਸਬ ਯਾਰਡ ਅਤੇ ਖ਼ਰੀਦ ਕੇਂਦਰ ਪਹਿਲਾਂ ਵਾਂਗ ਹੀ ਚਾਲੂ ਰਹਿਣਗੇ। ਪਰ ਦੂਜੇ ਪਾਸੇ, ਜਿਨ੍ਹਾਂ 35 ਮੰਡੀਆਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ, ਉਨ੍ਹਾਂ ਵਿੱਚੋਂ ਬਹੁਤੀਆਂ ਮੰਡੀਆਂ ਵਿੱਚ ਹਾਲੇ ਵੀ ਝੋਨੇ ਦੀ ਆਮਦ ਜਾਰੀ ਹੈ, ਜਿਸ ਕਾਰਨ ਝੋਨਾ ਵੇਚਣ ਆਏ ਕਿਸਾਨਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਨ੍ਹਾਂ ਪ੍ਰਮੁੱਖ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਖ਼ਰੀਦ ਪ੍ਰਕਿਰਿਆ ਰੋਕੀ ਗਈ ਹੈ, ਉਨ੍ਹਾਂ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਟਾਹਲੀ ਸਾਹਿਬ, ਭੋਏਵਾਲ, ਜਲਾਲ ਉਸਮਾ, ਜਸਰੌਰ, ਰਾਜਾਤਾਲ, ਬਚੀਵਿੰਡ, ਖਲਚੀਆਂ, ਕਾਲੇਕੇ, ਤਰਸਿੱਕਾ, ਗਿੱਲ, ਖਤਰਾਏ ਕਲਾਂ, ਚੱਕ ਸਿਕੰਦਰ, ਚਮਿਆਰੀ, ਸਾਹਬਾਜ਼ਪੁਰ ਛੀਨਾ, ਟਾਂਗਰਾ, ਢੱਡੇ ਅਤੇ ਸਠਿਆਲਾ ਸ਼ਾਮਲ ਹਨ। ਕਪੂਰਥਲਾ ਜ਼ਿਲ੍ਹੇ ਦੀਆਂ ਲੱਖਣਕੇ ਪੱਡੇ, ਪਰਮਜਿੱਤਪੁਰ ਅਤੇ ਭਰੋਆਨਾ ਮੰਡੀਆਂ ਨੂੰ ਬੰਦ ਕੀਤਾ ਗਿਆ ਹੈ। ਇਸੇ ਤਰ੍ਹਾਂ ਤਰਨ ਤਾਰਨ ਸਾਹਿਬ ਜ਼ਿਲ੍ਹੇ ਦੇ ਸ਼ੇਰੋਂ, ਚੱਕ ਕਰੇ ਖਾਂ, ਮੀਆਂਵਿੰਡ, ਖਡੂਰ ਸਾਹਿਬ, ਵਾ ਤਾਰਾ ਸਿੰਘ, ਕਸੇਲ, ਢੋਟੀਆਂ, ਠੱਠੀਆਂ ਮਹੱਨਤਾ, ਰੱਤੋਕੇ ਅਤੇ ਰਾਜੋਕੇ ਖ਼ਰੀਦ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੁਹਾਲੀ ਜ਼ਿਲ੍ਹੇ ਦੀਆਂ ਨਗਲਾ ਰੋਡ (ਜ਼ੀਰਕਪੁਰ), ਧਨੋਨੀ, ਟਿਵਾਣਾ, ਸਨੇਟਾ ਅਤੇ ਅਮਲਾਲਾ ਮੰਡੀਆਂ ਵਿੱਚ ਵੀ ਖ਼ਰੀਦ ਦਾ ਕੰਮ ਠੱਪ ਹੋ ਗਿਆ ਹੈ। ਮੰਡੀਆਂ ਬੰਦ ਕਰਨ ਦੇ ਇਸ ਫੈਸਲੇ ਤੋਂ ਬਾਅਦ ਸੂਬੇ ਦੀ ਰਾਜਨੀਤੀ ਵੀ ਗਰਮਾ ਗਈ ਹੈ। ਸਾਬਕਾ ਕਾਂਗਰਸੀ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਦੇ ਇਸ ਕਦਮ 'ਤੇ ਸਖ਼ਤ ਸਵਾਲ ਚੁੱਕੇ ਹਨ। ਉਨ੍ਹਾਂ ਆਖਿਆ ਕਿ ਅਜੇ ਖੇਤਾਂ ਵਿੱਚ ਵਾਢੀ ਦਾ ਕੰਮ ਬਾਕੀ ਹੈ ਅਤੇ ਮੰਡੀਆਂ ਵਿੱਚ ਝੋਨਾ ਲਗਾਤਾਰ ਆ ਰਿਹਾ ਹੈ, ਪਰ ਸੀਜ਼ਨ ਦੇ ਵਿਚਕਾਰ ਮੰਡੀਆਂ ਬੰਦ ਕਰਨਾ ਇਤਿਹਾਸ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ। ਸਿੱਧੂ ਨੇ 'ਦਾਣਾ-ਦਾਣਾ ਖ਼ਰੀਦਣ' ਦੇ ਸਰਕਾਰੀ ਦਾਅਵਿਆਂ ਨੂੰ ਖੋਖਲਾ ਦੱਸਦਿਆਂ ਮੁੱਖ ਮੰਤਰੀ ਤੋਂ ਜਵਾਬ ਮੰਗਿਆ ਹੈ ਅਤੇ ਇਨ੍ਹਾਂ ਮੰਡੀਆਂ ਵਿੱਚ ਤੁਰੰਤ ਖ਼ਰੀਦ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਦੂਜੇ ਰਾਜਾਂ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਦੀ ਸਰਕਾਰੀ ਖ਼ਰੀਦ ਵਿੱਚ ਖਪਾਉਣ ਅਤੇ ਗ਼ੈਰ-ਕਾਨੂੰਨੀ ਆਰਜ਼ੀ ਯਾਰਡ ਬਣਾਉਣ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕੀਤੀ ਹੈ। ਲੰਬੀ ਦੇ ਖੇਤਰ ਵਿੱਚ ਮਾਰਕੀਟ ਕਮੇਟੀ ਕਿੱਲਿਆਂਵਾਲੀ ਵੱਲੋਂ ਚਾਰ ਆੜ੍ਹਤੀ ਫਰਮਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਹਨ। ਮਾਰਕੀਟ ਕਮੇਟੀ ਦੇ ਸਕੱਤਰ ਅਮਨਦੀਪ ਕੰਗ ਅਨੁਸਾਰ ਦੂਜੇ ਰਾਜਾਂ ਦਾ ਝੋਨਾ ਲਿਆ ਕੇ ਗ਼ੈਰ-ਮਨਜ਼ੂਰਸ਼ੁਦਾ ਥਾਵਾਂ 'ਤੇ ਲਾਹੁਣ ਦੇ ਦੋਸ਼ ਹੇਠ ਹਾਕੂਵਾਲਾ ਦੀ ਮਸ਼ਾਲ ਟਰੇਡਿੰਗ ਕੰਪਨੀ ਤੇ ਛਾਬੜਾ ਟਰੇਡਿੰਗ ਕੰਪਨੀ ਅਤੇ ਮੰਡੀ ਕਿੱਲਿਆਂਵਾਲੀ ਦੀ ਜਗਦੀਸ਼ ਰਾਏ ਐਂਡ ਸੰਨਜ਼ ਤੇ ਸ਼ੁਭ ਰਾਮ ਬਿਹਾਰੀ ਲਾਲ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ, ਜਦਕਿ ਢਾਣੀ ਤੇਲੀਆਂਵਾਲੀ ਦੇ ਦੋ ਆੜ੍ਹਤੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।