Daily Suraj

ਪੰਜਾਬੀ

ਚੱਕਰਵਾਤੀ ਤੂਫ਼ਾਨ ‘ਅਰਨਬ’ ਦਾ ਆਂਧਰਾ ਪ੍ਰਦੇਸ਼ ’ਚ ਕਹਿਰ: 150 ਕਿਮੀ/ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ, ਤੱਟਵਰਤੀ ਇਲਾਕਿਆਂ ’ਚ ਭਾਰੀ ਤਬਾਹੀ

28 Oct, 2026 10:58 AM

ਗੰਭੀਰ ਚੱਕਰਵਾਤੀ ਤੂਫ਼ਾਨ ‘ਅਰਨਬ’ (Cyclone Arnab) ਦੇ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ (ਲੈਂਡਫਾਲ) ਦੀ ਪ੍ਰਕਿਰਿਆ ਅੰਤਿਮ ਪੜਾਅ ਵਿੱਚ ਪਹੁੰਚਣ ਕਾਰਨ ਰਾਜ ਦੇ ਤੱਟਵਰਤੀ ਖੇਤਰਾਂ ਵਿੱਚ ਭਾਰੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਮੂਸਲਾਧਾਰ ਬਾਰਸ਼, ਤੇਜ਼ ਤੂਫ਼ਾਨੀ ਹਵਾਵਾਂ ਅਤੇ ਸਮੁੰਦਰ ਵਿੱਚ ਉੱਠ ਰਹੀਆਂ ਉੱਚੀਆਂ ਲਹਿਰਾਂ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਅਸਤ-ਵਿਆਸਤ ਕਰ ਦਿੱਤਾ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਤੂਫ਼ਾਨ ਦਾ ਕੇਂਦਰ ਆਂਧਰਾ ਪ੍ਰਦੇਸ਼ ਅਤੇ ਯਾਨਮ ਦੇ ਤੱਟਾਂ ਨੇੜੇ ਬਣਿਆ ਹੋਇਆ ਹੈ। ਅਮਰਾਵਤੀ ਮੌਸਮ ਵਿਭਾਗ ਦੀ ਡਾਇਰੈਕਟਰ ਡਾ. ਕੇ. ਨਾਗਰਤਨਾ ਨੇ ਜਾਣਕਾਰੀ ਦਿੱਤੀ ਕਿ ਤੱਟਵਰਤੀ ਖੇਤਰਾਂ ਵਿੱਚ 125 ਤੋਂ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ, ਜੋ ਵੱਧ ਕੇ 150 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਸਕਦੀਆਂ ਹਨ। ਕਾਕੀਨਾਡਾ ਅਤੇ ਯਾਨਮ ਦੇ ਤੱਟਾਂ ’ਤੇ ਸਮੁੰਦਰ ਵਿੱਚ 2.5 ਮੀਟਰ ਤੱਕ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ, ਜਿਸ ਨਾਲ ਹੇਠਲੇ ਇਲਾਕਿਆਂ ਵਿੱਚ ਸਮੁੰਦਰੀ ਪਾਣੀ ਭਰਨ ਦਾ ਗੰਭੀਰ ਖ਼ਤਰਾ ਪੈਦਾ ਹੋ ਗਿਆ ਹੈ। ਤੂਫ਼ਾਨ ਦੇ ਗੰਭੀਰ ਖ਼ਤਰੇ ਨੂੰ ਦੇਖਦਿਆਂ ਸਰਕਾਰ ਨੇ ਬਾਪਤਲਾ, ਗੁੰਟੂਰ, ਕ੍ਰਿਸ਼ਨਾ, ਵਿਸ਼ਾਖਾਪਟਨਮ, ਈਸਟ ਅਤੇ ਵੈਸਟ ਗੋਦਾਵਰੀ ਸਮੇਤ 16 ਜ਼ਿਲ੍ਹਿਆਂ ਵਿੱਚ ਫਲੈਸ਼ ਫਲੱਡ (ਅਚਾਨਕ ਹੜ੍ਹ) ਦਾ ਅਲਰਟ ਜਾਰੀ ਕੀਤਾ ਹੈ। ਸੁਰੱਖਿਆ ਦੇ ਮੱਦੇਨਜ਼ਰ ਵਿਸ਼ਾਖਾਪਟਨਮ ਦੇ ਚਰਚਿਤ ਆਰ.ਕੇ. ਬੀਚ ’ਤੇ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ ਅਤੇ ਮਛਿਆਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਖ਼ਤ ਹਦਾਇਤ ਦਿੱਤੀ ਗਈ ਹੈ। ਸ਼ਹਿਰ ਵਿੱਚ ਕਈ ਥਾਵਾਂ ’ਤੇ ਵੱਡੇ ਦਰੱਖਤ ਉੱਖੜ ਗਏ ਹਨ ਅਤੇ ਵਿਜੇਵਾੜਾ ਵਿੱਚ ਭਾਰੀ ਬਾਰਸ਼ ਕਾਰਨ ਸੜਕਾਂ ਜਲਥਲ ਹੋ ਗਈਆਂ ਹਨ। ਸਥਿਤੀ ਦਾ ਜਾਇਜ਼ਾ ਲੈਂਦਿਆਂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸੂਬੇ ਵਿੱਚ 2,199 ਚੱਕਰਵਾਤ ਰਾਹਤ ਕੈਂਪ ਸਥਾਪਤ ਕੀਤੇ ਗਏ ਹਨ। ਰਾਹਤ ਅਤੇ ਬਚਾਅ ਕਾਰਜਾਂ ਲਈ 14 ਜ਼ਿਲ੍ਹਿਆਂ ਵਿੱਚ ਐੱਨਡੀਆਰਐੱਫ (NDRF) ਦੀਆਂ 12 ਅਤੇ ਐੱਸਡੀਆਰਐੱਫ (SDRF) ਦੀਆਂ 10 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 1,087 ਮੈਡੀਕਲ ਟੀਮਾਂ, 1,274 ਐਂਬੂਲੈਂਸਾਂ ਅਤੇ ਐਮਰਜੈਂਸੀ ਬੈੱਡ ਤਿਆਰ ਰੱਖੇ ਗਏ ਹਨ, ਜਦਕਿ ਗਰਭਵਤੀ ਔਰਤਾਂ ਨੂੰ ਪਹਿਲਾਂ ਹੀ ਸੁਰੱਖਿਅਤ ਹਸਪਤਾਲਾਂ ਵਿੱਚ ਪਹੁੰਚਾਇਆ ਜਾ ਚੁੱਕਾ ਹੈ। ਖ਼ਰਾਬ ਮੌਸਮ ਦੇ ਚੱਲਦਿਆਂ ਵਿਸ਼ਾਖਾਪਟਨਮ, ਵਿਜੇਵਾੜਾ ਅਤੇ ਰਾਜਮੁੰਦਰੀ ਹਵਾਈ ਅੱਡਿਆਂ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਨੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਤੂਫ਼ਾਨੀ ਹਵਾਵਾਂ ਸ਼ਾਂਤ ਨਹੀਂ ਹੁੰਦੀਆਂ, ਉਹ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਅਤੇ ਬਿਜਲੀ ਦੇ ਖੰਭਿਆਂ ਜਾਂ ਵੱਡੇ ਦਰੱਖਤਾਂ ਹੇਠਾਂ ਖੜ੍ਹੇ ਹੋਣ ਤੋਂ ਗੁਰੇਜ਼ ਕਰਨ।

Latest News