ਓਟਵਾ ਦੇ ਨਵੇਂ ਹਸਪਤਾਲ ਦੀ ਲਾਗਤ 2.8 ਅਰਬ ਤੋਂ ਵਧ ਕੇ ਕਰੀਬ 10 ਅਰਬ ਡਾਲਰ ਕਿਵੇਂ ਪਹੁੰਚੀ? ਸਪੱਸ਼ਟ ਕਾਰਨ ਦੱਸਣ ਤੋਂ ਅਸਮਰੱਥ ਅਧਿਕਾਰੀ
ਕੈਨੇਡਾ ਦੇ ਓਟਵਾ ਸ਼ਹਿਰ ਵਿੱਚ ਬਣਨ ਜਾ ਰਹੇ ਨਵੇਂ ਹਸਪਤਾਲ ਦੀ ਲਾਗਤ ਵਿੱਚ ਹੋਏ ਭਾਰੀ ਵਾਧੇ ਨੇ ਕਈ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਾਲ 2021 ਵਿੱਚ ਜਦੋਂ ਓਟਵਾ ਹਸਪਤਾਲ ਦੇ ਨਵੇਂ ਸਿਵਿਕ ਕੈਂਪਸ ਦੀ ਯੋਜਨਾ ਦਾ ਐਲਾਨ ਕੀਤਾ ਗਿਆ ਸੀ, ਉਸ ਸਮੇਂ ਇਸ ਪ੍ਰਾਜੈਕਟ ਦੀ ਕੁੱਲ ਲਾਗਤ 2.8 ਅਰਬ ਡਾਲਰ ਤੈਅ ਕੀਤੀ ਗਈ ਸੀ। ਇਸ ਵਿੱਚੋਂ 2.1 ਅਰਬ ਡਾਲਰ ਓਂਟਾਰੀਓ ਸਰਕਾਰ ਨੇ ਦੇਣੇ ਸਨ, ਜਦਕਿ ਬਾਕੀ 700 ਮਿਲੀਅਨ ਡਾਲਰ ਸਥਾਨਕ ਪੱਧਰ 'ਤੇ ਇਕੱਠੇ ਕੀਤੇ ਜਾਣੇ ਸਨ। ਹਾਲਾਂਕਿ, ਹੁਣ ਸੂਬਾਈ ਸਰਕਾਰ ਦਾ ਯੋਗਦਾਨ ਹੀ ਵਧ ਕੇ ਲਗਪਗ 10 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਸ ਤੇਜ਼ ਵਾਧੇ ਦੇ ਸਹੀ ਕਾਰਨਾਂ ਬਾਰੇ ਹਾਲੇ ਤੱਕ ਕੋਈ ਸਪੱਸ਼ਟ ਜਵਾਬ ਸਾਹਮਣੇ ਨਹੀਂ ਆ ਸਕਿਆ। ਓਂਟਾਰੀਓ ਦੇ ਬੁਨਿਆਦੀ ਢਾਂਚਾ ਮੰਤਰੀ ਡੇਵਿਡ ਪਿੱਚੀਨੀ ਨੇ ਅਕਤੂਬਰ ਮਹੀਨੇ ਇਸ ਪ੍ਰਾਜੈਕਟ ਲਈ ਸਰਕਾਰੀ ਫੰਡਿੰਗ ਵਿੱਚ ਹੋਏ ਵਾਧੇ ਬਾਰੇ ਜਾਣਕਾਰੀ ਦਿੰਦਿਆਂ ਸਪਲਾਈ ਚੇਨ ਦੀਆਂ ਸਮੱਸਿਆਵਾਂ, ਮਿਊਂਸਪਲ ਫੀਸਾਂ ਅਤੇ ਵਿਕਾਸ ਖਰਚਿਆਂ ਨੂੰ ਇਸ ਦੇ ਮੁੱਖ ਕਾਰਨਾਂ ਵਿੱਚ ਸ਼ਾਮਲ ਕੀਤਾ ਸੀ। ਇਸ ਦੇ ਬਾਵਜੂਦ, ਪ੍ਰਾਜੈਕਟ ਦੀ ਕੁੱਲ ਅੰਤਿਮ ਲਾਗਤ ਅਜੇ ਤੱਕ ਜਨਤਕ ਨਹੀਂ ਕੀਤੀ ਗਈ। ਇਸ ਮਾਮਲੇ ਵਿੱਚ ਓਟਵਾ ਸ਼ਹਿਰ ਵੱਲੋਂ ਲਾਗੂ ਕੀਤੇ ਜਾਣ ਵਾਲੇ ਵਿਕਾਸ ਖਰਚਿਆਂ ਦੀ ਵੀ ਚਰਚਾ ਹੋ ਰਹੀ ਹੈ। ਓਟਵਾ ਓਂਟਾਰੀਓ ਦੇ ਉਨ੍ਹਾਂ ਕੁਝ ਚੋਣਵੇਂ ਸ਼ਹਿਰਾਂ ਵਿੱਚੋਂ ਇੱਕ ਹੈ, ਜਿੱਥੇ ਨਵੇਂ ਹਸਪਤਾਲ ਦੀ ਉਸਾਰੀ 'ਤੇ ਵਿਕਾਸ ਖਰਚਾ ਲਗਾਇਆ ਜਾਵੇਗਾ। ਆਮ ਤੌਰ 'ਤੇ ਇਹ ਫੀਸ ਨਵੇਂ ਰਿਹਾਇਸ਼ੀ ਅਤੇ ਹੋਰ ਉਸਾਰੀ ਪ੍ਰਾਜੈਕਟਾਂ ਤੋਂ ਵਸੂਲੀ ਜਾਂਦੀ ਹੈ, ਤਾਂ ਜੋ ਵਧਦੀ ਆਬਾਦੀ ਕਾਰਨ ਸੜਕਾਂ, ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ 'ਤੇ ਆਉਣ ਵਾਲੇ ਖਰਚਿਆਂ ਦੀ ਪੂਰਤੀ ਕੀਤੀ ਜਾ ਸਕੇ। ਦੂਜੇ ਪਾਸੇ, ਸੂਬੇ ਦੀਆਂ ਜ਼ਿਆਦਾਤਰ ਮਿਊਂਸਪੈਲਿਟੀਜ਼ ਹਸਪਤਾਲਾਂ ਨੂੰ ਇਸ ਫੀਸ ਤੋਂ ਛੋਟ ਦਿੰਦੀਆਂ ਹਨ। ਓਟਵਾ ਸਿਟੀ ਨੇ ਸਾਲ 2024 ਵਿੱਚ ਆਪਣੇ ਵਿਕਾਸ ਖਰਚਾ ਨਿਯਮਾਂ ਵਿੱਚ ਸੋਧ ਕਰਦਿਆਂ ਹਸਪਤਾਲਾਂ ਨੂੰ ਮਿਲਦੀ ਦਹਾਕਿਆਂ ਪੁਰਾਣੀ ਛੋਟ ਖ਼ਤਮ ਕਰ ਦਿੱਤੀ ਸੀ। ਇਹ ਫ਼ੈਸਲਾ ਉਸ ਸਮੇਂ ਲਿਆ ਗਿਆ ਸੀ ਜਦੋਂ ਨਵੇਂ ਸਿਵਿਕ ਕੈਂਪਸ ਲਈ ਹਸਪਤਾਲ ਪ੍ਰਬੰਧਕਾਂ ਨੇ ਸ਼ਹਿਰ ਤੋਂ 150 ਮਿਲੀਅਨ ਡਾਲਰ ਦੇ ਸਥਾਨਕ ਯੋਗਦਾਨ ਦੀ ਮੰਗ ਕੀਤੀ ਸੀ। ਸ਼ਹਿਰ ਦੇ ਮੁੱਖ ਵਿੱਤੀ ਅਧਿਕਾਰੀ ਸਿਰਿਲ ਰੋਜਰਜ਼ ਮੁਤਾਬਕ, ਅਧਿਕਾਰੀ ਅਜੇ ਵੀ ਇਸ ਵਿਸ਼ੇਸ਼ ਵਿਕਾਸ ਫੀਸ ਅਤੇ ਇਸ ਨਾਲ ਜੁੜੇ ਬੁਨਿਆਦੀ ਢਾਂਚੇ ਦੇ ਖਰਚਿਆਂ ਦਾ ਮੁਲਾਂਕਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਾਂਕਣ ਦਾ ਕੰਮ ਪੂਰਾ ਹੋਣ ਤੋਂ ਬਾਅਦ ਸਿਟੀ ਕੌਂਸਲ ਸਾਹਮਣੇ ਵਿਸਥਾਰਪੂਰਵਕ ਜਾਣਕਾਰੀ ਅਤੇ ਸਿਫ਼ਾਰਸ਼ਾਂ ਰੱਖੀਆਂ ਜਾਣਗੀਆਂ। ਉਨ੍ਹਾਂ ਅਨੁਸਾਰ, ਨਵੇਂ ਹਸਪਤਾਲ ਨੂੰ ਸੇਵਾਵਾਂ ਦੇਣ ਲਈ ਸ਼ਹਿਰ ਦੇ ਬਾਹਰੀ ਬੁਨਿਆਦੀ ਢਾਂਚੇ 'ਤੇ ਹੋਣ ਵਾਲੇ ਯੋਗ ਖਰਚਿਆਂ ਦੀ ਕੁਝ ਰਕਮ ਵਿਕਾਸ ਫੀਸ ਰਾਹੀਂ ਵਸੂਲੀ ਜਾ ਸਕਦੀ ਹੈ। ਇਸ ਨਾਲ ਇਹ ਬੋਝ ਸਿਰਫ਼ ਜਾਇਦਾਦ ਟੈਕਸ ਅਤੇ ਹੋਰ ਸੇਵਾ ਫੀਸਾਂ ਅਦਾ ਕਰਨ ਵਾਲੇ ਨਾਗਰਿਕਾਂ 'ਤੇ ਪਾਉਣ ਦੀ ਲੋੜ ਘਟੇਗੀ। ਫ਼ਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਵਿਕਾਸ ਫੀਸਾਂ ਕਾਰਨ ਹਸਪਤਾਲ ਦੀ ਕੁੱਲ ਲਾਗਤ ਵਿੱਚ ਕਿੰਨਾ ਵਾਧਾ ਹੋਵੇਗਾ। ਪਰ 2.8 ਅਰਬ ਡਾਲਰ ਤੋਂ ਲਗਪਗ 10 ਅਰਬ ਡਾਲਰ ਤੱਕ ਪਹੁੰਚੇ ਇਸ ਪ੍ਰਾਜੈਕਟ ਨੇ ਸਰਕਾਰੀ ਯੋਜਨਾਬੰਦੀ, ਖਰਚਿਆਂ ਦੇ ਅੰਦਾਜ਼ਿਆਂ ਅਤੇ ਜਵਾਬਦੇਹੀ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।