Daily Suraj

ਪੰਜਾਬੀ

ਅੰਮ੍ਰਿਤਪਾਲ ਸਿੰਘ ਦੀ ਹਿਰਾਸਤੀ ਪੈਰੋਲ: ਯਾਤਰਾ 'ਤੇ ਖ਼ਰਚ ਹੋਣਗੇ ਪੌਣੇ ਅੱਠ ਲੱਖ ਰੁਪਏ, 21 ਨਵੰਬਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਰਹਿਣਗੇ ਜੱਲੂਪੁਰ ਖੇੜਾ 'ਚ

19 Nov, 2026 04:50 PM

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਦਾਦੀ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਪੰਜਾਬ ਲਿਆਉਣ ਵਾਸਤੇ ਪੰਜਾਬ ਪੁਲੀਸ ਦੀ ਇੱਕ ਵਿਸ਼ੇਸ਼ ਟੀਮ ਵੀਰਵਾਰ ਨੂੰ ਆਸਾਮ ਦੇ ਡਿਬਰੂਗੜ੍ਹ ਪਹੁੰਚ ਗਈ ਹੈ। ਇਸ ਟੀਮ ਵਿੱਚ ਪੰਜ ਪੁਲੀਸ ਮੁਲਾਜ਼ਮ ਸ਼ਾਮਲ ਹਨ। ਨਿਰਧਾਰਤ ਯੋਜਨਾ ਅਨੁਸਾਰ, ਪੰਜਾਬ ਪੁਲੀਸ ਦੀ ਟੀਮ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਪਹਿਲਾਂ ਦਿੱਲੀ ਲੈ ਕੇ ਆਵੇਗੀ ਅਤੇ ਉੱਥੋਂ ਅੰਮ੍ਰਿਤਸਰ ਪਹੁੰਚਾਇਆ ਜਾਵੇਗਾ। ਇਸ ਮਗਰੋਂ, ਸੜਕੀ ਰਸਤੇ ਰਾਹੀਂ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਉਨ੍ਹਾਂ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਲਿਜਾਇਆ ਜਾਵੇਗਾ। ਉਨ੍ਹਾਂ ਦੀ ਸਮੁੱਚੀ ਯਾਤਰਾ ਦੌਰਾਨ ਪੰਜਾਬ ਪੁਲੀਸ ਦੀ ਟੀਮ ਨਾਲ ਮੌਜੂਦ ਰਹੇਗੀ। ਇਸ ਪੂਰੀ ਯਾਤਰਾ 'ਤੇ ਲਗਪਗ ਪੌਣੇ ਅੱਠ ਲੱਖ ਰੁਪਏ ਦਾ ਖ਼ਰਚ ਆਵੇਗਾ, ਜਿਸ ਦੀ ਅਦਾਇਗੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਦਾਦੀ ਚਰਨ ਕੌਰ (84) ਦਾ ਲੰਮੀ ਬਿਮਾਰੀ ਮਗਰੋਂ 8 ਨਵੰਬਰ ਨੂੰ ਦੇਹਾਂਤ ਹੋ ਗਿਆ ਸੀ। ਪਰਿਵਾਰ ਨੇ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ਵਿੱਚ ਸਸਕਾਰ ਕਰਨ ਲਈ ਇਸ ਨੂੰ ਰੋਕਿਆ ਹੋਇਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 14 ਨਵੰਬਰ ਨੂੰ ਸਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮਿਲੀ ਸੀ, ਪਰ ਥੋੜ੍ਹੇ ਸਮੇਂ ਵਿੱਚ ਆਵਾਜਾਈ ਦੇ ਪ੍ਰਬੰਧ ਨਾ ਹੋ ਸਕਣ ਕਾਰਨ ਉਹ ਪੰਜਾਬ ਨਹੀਂ ਪਹੁੰਚ ਸਕੇ ਸਨ। ਇਸ ਤੋਂ ਬਾਅਦ ਪਰਿਵਾਰ ਨੇ ਸਸਕਾਰ ਦੀ ਤਰੀਕ ਅੱਗੇ ਪਾ ਦਿੱਤੀ ਸੀ। ਅੰਮ੍ਰਿਤਸਰ ਦੀ ਅਦਾਲਤ ਨੇ 17 ਨਵੰਬਰ ਨੂੰ ਨਵੀਂ ਅਰਜ਼ੀ 'ਤੇ ਸੁਣਵਾਈ ਕਰਦਿਆਂ 21 ਨਵੰਬਰ ਲਈ ਤਿੰਨ ਘੰਟੇ ਦੀ ਹਿਰਾਸਤੀ ਪੈਰੋਲ ਮਨਜ਼ੂਰ ਕੀਤੀ ਸੀ। ਅਦਾਲਤ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ 21 ਨਵੰਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਹੀ ਆਪਣੇ ਪਿੰਡ ਵਿੱਚ ਰਹਿ ਸਕਣਗੇ। ਉਨ੍ਹਾਂ ਨੂੰ ਸਸਕਾਰ ਤੋਂ ਇਲਾਵਾ ਕਿਸੇ ਹੋਰ ਸਮਾਗਮ ਜਾਂ ਜਨਤਕ ਇਕੱਠ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਸਕਾਰ ਤੋਂ ਬਾਅਦ ਦੀਆਂ ਰਸਮਾਂ ਤਹਿਤ ਉਹ 22 ਨਵੰਬਰ ਨੂੰ ਅਸਥੀਆਂ ਚੁਗਣ ਦੀ ਰਸਮ ਅਤੇ 23 ਨਵੰਬਰ ਨੂੰ ਅਖੰਡ ਪਾਠ ਦੇ ਭੋਗ ਸਮਾਗਮ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੋਣਗੇ। ਇਸ ਤੋਂ ਇਲਾਵਾ, ਅਦਾਲਤ ਨੇ ਪ੍ਰਸ਼ਾਸਨ ਨੂੰ ਇਹ ਹਦਾਇਤ ਵੀ ਕੀਤੀ ਹੈ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਜਾਂ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖ਼ਦਸ਼ਾ ਪੈਦਾ ਹੋਣ 'ਤੇ ਉਨ੍ਹਾਂ ਨੂੰ ਤੁਰੰਤ ਸਸਕਾਰ ਵਾਲੀ ਥਾਂ ਤੋਂ ਹਟਾਇਆ ਜਾ ਸਕਦਾ ਹੈ। ਗੌਰਤਲਬ ਹੈ ਕਿ ਅਪਰੈਲ 2023 ਵਿੱਚ ਹੋਈ ਗ੍ਰਿਫ਼ਤਾਰੀ ਮਗਰੋਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਆਪਣੇ ਜੱਦੀ ਪਿੰਡ ਪਹੁੰਚਣਗੇ।

Latest News