ਹਿੰਦੂ ਸੰਗਠਨ ਦੇ ਦੌਰੇ ਦੌਰਾਨ ਮਹਿਲਾ ਸਟਾਫ਼ ਨੂੰ ਹਟਾਉਣ ਦਾ ਵਿਰੋਧ, ਵਿਰੋਧ ਵਜੋਂ ਆਈਫਲ ਟਾਵਰ ਇਕ ਦਿਨ ਲਈ ਬੰਦ
ਦੁਨੀਆ ਦੇ ਸਭ ਤੋਂ ਪ੍ਰਸਿੱਧ ਸੈਰ-ਸਪਾਟਾ ਕੇਂਦਰਾਂ ਵਿੱਚੋਂ ਇੱਕ, ਫਰਾਂਸ ਦੇ ਆਈਫਲ ਟਾਵਰ ਨੂੰ ਸਟਾਫ਼ ਵੱਲੋਂ ਕੀਤੀ ਗਈ ਹੜਤਾਲ ਕਾਰਨ ਇੱਕ ਦਿਨ ਲਈ ਪੂਰੀ ਤਰ੍ਹਾਂ ਬੰਦ ਰੱਖਣਾ ਪਿਆ। ਇਹ ਵਿਰੋਧ ਪ੍ਰਦਰਸ਼ਨ ਇੱਕ ਹਿੰਦੂ ਧਾਰਮਿਕ ਸੰਗਠਨ ਦੇ ਦੌਰੇ ਦੌਰਾਨ ਮਹਿਲਾ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਤੋਂ ਹਟਾਉਣ ਅਤੇ ਉਨ੍ਹਾਂ ਦੀ ਆਵਾਜਾਈ 'ਤੇ ਰੋਕ ਲਗਾਉਣ ਦੇ ਵਿਰੋਧ ਵਿੱਚ ਕੀਤਾ ਗਿਆ ਸੀ। ਯੂਰੋਨਿਊਜ਼ ਦੀ ਰਿਪੋਰਟ ਅਨੁਸਾਰ, ਇਹ ਘਟਨਾ ਬੀਤੇ ਸ਼ਨੀਵਾਰ ਨੂੰ ਵਾਪਰੀ ਸੀ। 'ਬੋਚਾਸਣਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ' (BAPS) ਨਾਮਕ ਹਿੰਦੂ ਧਾਰਮਿਕ ਸਮੂਹ ਦੇ ਲਗਭਗ 100 ਮੈਂਬਰਾਂ ਦੇ ਵਫ਼ਦ ਦੇ ਦੌਰੇ ਦੌਰਾਨ ਆਈਫਲ ਟਾਵਰ ਦੀਆਂ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਨਿਯਮਤ ਕੰਮ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਇਸ ਬਾਰੇ ਜਦੋਂ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਪੈਰਿਸ ਖੇਤਰ ਵਿੱਚ BAPS ਸੰਸਥਾ ਵੱਲੋਂ ਨਵੇਂ ਮੰਦਿਰ ਦੇ ਉਦਘਾਟਨ ਤੋਂ ਜਾਣੂ ਹੈ, ਪਰ ਆਈਫਲ ਟਾਵਰ ਨਾਲ ਜੁੜਿਆ ਇਹ ਘਟਨਾਕ੍ਰਮ ਪੂਰੀ ਤਰ੍ਹਾਂ ਨਾਲ ਸਬੰਧਤ ਧਿਰਾਂ ਦੇ ਵਿਚਕਾਰ ਦਾ ਮਾਮਲਾ ਹੈ। ਫਰਾਂਸ ਵਿੱਚ ਟਰੇਡ ਯੂਨੀਅਨ ਦੀ ਪ੍ਰਤੀਨਿਧ ਡਾਇਨ ਡੈਵੋਇਨ ਅਤੇ CGT ਯੂਨੀਅਨ ਨੇ ਦੱਸਿਆ ਕਿ ਜਦੋਂ ਇਹ ਵਫ਼ਦ ਉੱਥੋਂ ਲੰਘ ਰਿਹਾ ਸੀ, ਤਾਂ ਮਹਿਲਾ ਕਰਮਚਾਰੀਆਂ ਨੂੰ ਆਪਣੀਆਂ ਪੋਸਟਾਂ ਛੱਡ ਕੇ ਦੂਜੀਆਂ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਅਤੇ ਕਈ ਥਾਵਾਂ 'ਤੇ ਉਨ੍ਹਾਂ ਦੀ ਜਗ੍ਹਾ ਪੁਰਸ਼ਾਂ ਨੂੰ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ, ਮਹਿਲਾ ਮੁਲਾਜ਼ਮਾਂ ਨੂੰ ਵਫ਼ਦ ਦੀ ਮੌਜੂਦਗੀ ਦੌਰਾਨ ਖਾਸ ਰਸਤਿਆਂ ਤੋਂ ਨਾ ਲੰਘਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਸਨ। ਆਈਫਲ ਟਾਵਰ ਦੇ ਸਟਾਫ਼ ਨੇ ਅਜਿਹੀਆਂ ਹਦਾਇਤਾਂ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਔਰਤਾਂ ਨਾਲ ਵਿਤਕਰਾ ਕਰਾਰ ਦਿੱਤਾ। ਟਾਵਰ ਦਾ ਸੰਚਾਲਨ ਕਰਨ ਵਾਲੀ ਕੰਪਨੀ SETE ਨੇ ਮੰਨਿਆ ਕਿ BAPS ਵਫ਼ਦ ਵੱਲੋਂ ਔਰਤਾਂ ਨਾਲ ਸੰਪਰਕ ਘੱਟ ਕਰਨ ਦੀ ਬੇਨਤੀ ਕੀਤੀ ਗਈ ਸੀ, ਜਿਸ ਨੂੰ ਸਵੀਕਾਰ ਕਰਨਾ ਉਨ੍ਹਾਂ ਦੀ ਭੁੱਲ ਸੀ। ਪੈਰਿਸ ਦੇ ਮੇਅਰ ਇਮੈਨੁਅਲ ਨੇ ਸਟਾਫ਼ ਦੇ ਰੋਸ ਨੂੰ ਜਾਇਜ਼ ਠਹਿਰਾਉਂਦਿਆਂ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਦੂਜੇ ਪਾਸੇ, BAPS ਪੈਰਿਸ ਮੰਦਿਰ ਨੇ ਸੋਸ਼ਲ ਮੀਡੀਆ 'ਤੇ ਬਿਆਨ ਜਾਰੀ ਕਰਕੇ ਅਸੁਵਿਧਾ ਲਈ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਜਾਂ ਆਵਾਜਾਈ ਰੋਕਣਾ ਨਹੀਂ ਸੀ। ਇਸ ਦੌਰਾਨ, ਫਰਾਂਸ ਦੀ ਨੈਸ਼ਨਲ ਅਸੈਂਬਲੀ ਦੀ ਪ੍ਰਧਾਨ ਯੇਲ ਬ੍ਰੌਨ-ਪਿਵੇਟ, ਮੰਤਰੀ ਅਰੋਰ ਬਰਗ ਅਤੇ ਸਾਬਕਾ ਪ੍ਰਧਾਨ ਮੰਤਰੀ ਗੈਬਰੀਅਲ ਅਟਾਲ ਵਰਗੇ ਪ੍ਰਮੁੱਖ ਰਾਜਨੇਤਾਵਾਂ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।
Posted By: Daily Suraj Bureau