ਬਿਹਾਰ ਦੇ ਵੈਸ਼ਾਲੀ 'ਚ ਗੰਗਾ ਨਦੀ 'ਚ 11 ਲੋਕਾਂ ਨਾਲ ਭਰੀ ਕਿਸ਼ਤੀ ਪਲਟੀ, 9 ਨੂੰ ਬਚਾਇਆ ਗਿਆ
ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਮੰਗਲਵਾਰ ਦੁਪਹਿਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮਹਾਤਮਾ ਗਾਂਧੀ ਸੇਤੂ ਪੁਲ ਦੇ ਪਾਏ ਨੰਬਰ-10 ਦੇ ਨੇੜੇ 11 ਸਵਾਰੀਆਂ ਨਾਲ ਭਰੀ ਇੱਕ ਕਿਸ਼ਤੀ ਅਚਾਨਕ ਪਲਟ ਕੇ ਡੁੱਬ ਗਈ। ਘਟਨਾ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਿਸ਼ਤੀ ਰਾਘੋਪੁਰ ਤੋਂ ਦੀਘਾ ਵੱਲ ਜਾ ਰਹੀ ਸੀ। ਯਾਤਰਾ ਦੌਰਾਨ ਜਿਵੇਂ ਹੀ ਕਿਸ਼ਤੀ ਗਾਂਧੀ ਸੇਤੂ ਪੁਲ ਦੇ ਸਮੀਪ ਪਹੁੰਚੀ, ਤਾਂ ਨਦੀ ਦੇ ਤੇਜ਼ ਵਹਾਅ ਦੀ ਲਪੇਟ ਵਿੱਚ ਆਉਣ ਕਾਰਨ ਬੇਕਾਬੂ ਹੋ ਗਈ ਅਤੇ ਪਾਣੀ ਵਿੱਚ ਡੁੱਬ ਗਈ।ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਨੇ ਬਚਾਅ ਕਾਰਜ ਸ਼ੁਰੂ ਕੀਤਾ, ਜਿਸ ਤੋਂ ਬਾਅਦ ਪ੍ਰਸ਼ਾਸਨਿਕ ਟੀਮਾਂ ਅਤੇ ਬਚਾਅ ਦਲ (ਰੇਸਕਿਊ ਟੀਮ) ਵੀ ਮੌਕੇ 'ਤੇ ਪਹੁੰਚ ਗਏ। ਪ੍ਰਸ਼ਾਸਨ ਵੱਲੋਂ ਚਲਾਏ ਗਏ ਤੁਰੰਤ ਰੇਸਕਿਊ ਆਪ੍ਰੇਸ਼ਨ ਦੌਰਾਨ 11 ਵਿੱਚੋਂ 9 ਲੋਕਾਂ ਨੂੰ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।ਇਸ ਦੌਰਾਨ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਵੈਸ਼ਾਲੀ ਦੀ ਜ਼ਿਲ੍ਹਾ ਮੈਜਿਸਟ੍ਰੇਟ (ਡੀਐੱਮ) ਵਰਸ਼ਾ ਸਿੰਘ ਵੀ ਖ਼ੁਦ ਘਟਨਾ ਸਥਾਨ 'ਤੇ ਪਹੁੰਚੇ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ।ਅਧਿਕਾਰੀਆਂ ਅਨੁਸਾਰ ਇਸ ਹਾਦਸੇ ਵਿੱਚ ਦੋ ਵਿਅਕਤੀ—ਦੀਪਕ ਕੁਮਾਰ ਅਤੇ ਚੰਦਨ ਕੁਮਾਰ—ਅਜੇ ਵੀ ਲਾਪਤਾ ਹਨ। ਬਚਾਅ ਟੀਮਾਂ ਵੱਲੋਂ ਨਦੀ ਵਿੱਚ ਦੋਵਾਂ ਲਾਪਤਾ ਵਿਅਕਤੀਆਂ ਦੀ ਭਾਲ ਲਈ ਵੱਡੇ ਪੱਧਰ 'ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਹਾ ਹੈ।
Posted By: Daily Suraj Bureau