Daily Suraj

ਪੰਜਾਬੀ

ਭਗਵੰਤ ਮਾਨ ਸਰਕਾਰ ਦੀ ਟੈਕਸ ਚੋਰੀ ਵਿਰੁੱਧ ਕਾਰਵਾਈ: 22.53 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਪਰਦਾਫਾਸ਼, ਮੌਕੇ 'ਤੇ ਹੀ 9.50 ਕਰੋੜ ਰੁਪਏ ਨਕਦ ਬਰਾਮਦ: ਹਰਪਾਲ ਸਿੰਘ ਚੀਮਾ

08 Sep, 2026 05:17 PM

ਭਗਵੰਤ ਮਾਨ ਸਰਕਾਰ ਵੱਲੋਂ ਤਕਨਾਲੋਜੀ ਆਧਾਰਿਤ ਟੈਕਸ ਲਾਗੂਕਰਨ ਤੇਜ਼ ਕੀਤੇ ਜਾਣ ਨਾਲ ਫ਼ਰਜ਼ੀ ਇਨਪੁਟ ਟੈਕਸ ਕ੍ਰੈਡਿਟ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ: ਹਰਪਾਲ ਸਿੰਘ ਚੀਮਾ ਇਮਾਨਦਾਰ ਟੈਕਸ ਦਾਤਾਵਾਂ ਨੂੰ ਹਮੇਸ਼ਾ ਸਹੂਲਤ ਮਿਲੇਗੀ, ਪਰ ਭਗਵੰਤ ਮਾਨ ਸਰਕਾਰ ਵੱਲੋਂ ਟੈਕਸ ਚੋਰੀ ਪ੍ਰਤੀ ਜ਼ੀਰੋ ਟਾਲਰੈਂਸ ਦੀ ਵਚਨਬੱਧਤਾ: ਹਰਪਾਲ ਸਿੰਘ ਚੀਮਾ ਟੈਕਸ ਚੋਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ 22 ਕਰੋੜ ਰੁਪਏ ਦੇ ਜੀ.ਐੱਸ.ਟੀ. (ਵਸਤਾਂ ਅਤੇ ਸੇਵਾਵਾਂ ਕਰ) ਦੀ ਚੋਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕਰਨ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਮੰਡੀ ਗੋਬਿੰਦਗੜ੍ਹ ਸਥਿਤ ਇੱਕ ਫਰਮ ਵਿਰੁੱਧ ਪੰਜਾਬ ਕਰ ਵਿਭਾਗ ਵਿਭਾਗ ਦੇ ਇੰਟੈਲੀਜੈਂਸ-ਅਧਾਰਤ ਆਪ੍ਰੇਸ਼ਨ ਦੇ ਨਤੀਜੇ ਵਜੋਂ ਮੌਕੇ 'ਤੇ 9.50 ਕਰੋੜ ਰੁਪਏ ਦੀ ਨਕਦ ਬਰਾਮਦਗੀ ਹੋ ਚੁੱਕੀ ਹੈ, ਜੋ ਕਿ ਟੈਕਸ ਧੋਖਾਧੜੀ ਵਿਰੁੱਧ ਭਗਵੰਤ ਮਾਨ ਸਰਕਾਰ ਦੀ ਤਕਨਾਲੋਜੀ-ਸੰਚਾਲਿਤ ਅਤੇ ਜ਼ੀਰੋ-ਟਾਲਰੈਂਸ ਨੀਤੀ ਦੀ ਇੱਕ ਵੱਡੀ ਕਾਮਯਾਬੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "ਵਿਭਾਗ ਵੱਲੋਂ ਮੈਸਰਜ਼ ਜਗਤ ਮੈਟਲਜ਼ ਪ੍ਰਾਈਵੇਟ ਲਿਮਟਿਡ ਵਿਰੁੱਧ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਬਾਰੀਕੀ ਨਾਲ ਕੀਤੇ ਗਏ ਡੇਟਾ ਵਿਸ਼ਲੇਸ਼ਣ ਰਾਹੀਂ, ਸਾਡੇ ਟੈਕਸ ਅਧਿਕਾਰੀਆਂ ਨੇ ਪਾਇਆ ਕਿ ਇਸ ਕੰਪਨੀ ਨੇ ਲਗਭਗ 22.53 ਕਰੋੜ ਰੁਪਏ ਦੇ ਇਨਪੁਟ ਟੈਕਸ ਕ੍ਰੈਡਿਟ (ਆਈ.ਟੀ.ਸੀ.) ਦਾ ਗਲਤ ਦਾਅਵਾ ਕੀਤਾ ਸੀ। ਅਸੀਂ ਪਾਇਆ ਕਿ ਇਹ ਵੱਡੇ ਦਾਅਵੇ ਸਿੱਧੇ ਤੌਰ 'ਤੇ ਉਨ੍ਹਾਂ ਸਪਲਾਇਰਾਂ ਨਾਲ ਜੁੜੇ ਹੋਏ ਸਨ ਜਿਨ੍ਹਾਂ ਦੀਆਂ ਜੀ.ਐਸ.ਟੀ. ਰਜਿਸਟ੍ਰੇਸ਼ਨਾਂ ਨੂੰ ਸਬੰਧਤ ਅਧਿਕਾਰੀਆਂ ਦੁਆਰਾ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਸੀ।" ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਵਿਭਾਗ ਨੇ ਜਿਵੇਂ-ਜਿਵੇਂ ਡੂੰਘਾਈ ਨਾਲ ਜਾਂਚ ਕੀਤੀ, ਇਹ ਸਪੱਸ਼ਟ ਹੋ ਗਿਆ ਕਿ ਪੂਰੀ ਸਪਲਾਈ ਚੇਨ ਤਾਸ਼ ਦੇ ਪੱਤਿਆਂ ਦੇ ਮਹਿਲ ਵਾਂਗ ਬਣੀ ਹੋਈ ਸੀ। ਉਨ੍ਹਾਂ ਕਿਹਾ, "ਸਾਡੀ ਜਾਂਚ ਤੋਂ ਇਹ ਸਾਹਮਣੇ ਆਇਆ ਹੈ ਕਿ ਇਸ ਲੈਣ-ਦੇਣ ਦੀ ਲੜੀ ਵਿੱਚ ਵਿਚੋਲੇ ਸਪਲਾਇਰਾਂ ਨੇ ਖੁਦ ਰੱਦ ਕੀਤੇ ਡੀਲਰਾਂ ਤੋਂ ਭਾਰੀ ਆਈ.ਟੀ.ਸੀ. ਪ੍ਰਾਪਤ ਕੀਤਾ ਸੀ। ਇਸ ਤੋਂ ਲੈਣ-ਦੇਣ ਦੀ ਅਸਲੀਅਤ 'ਤੇ ਗੰਭੀਰ ਸਵਾਲ ਖੜ੍ਹੇ ਹੋਏ ਅਤੇ ਸੰਕੇਤ ਮਿਲਿਆ ਕਿ ਮਾਲ ਦੀ ਅਸਲ ਆਵਾਜਾਈ ਬਹੁਤ ਸ਼ੱਕੀ ਸੀ।" ਤੇਜ਼ ਇਨਫੋਰਸਮੈਂਟ ਕਾਰਵਾਈ ਦਾ ਵੇਰਵਾ ਦਿੰਦਿਆਂ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਰ ਵਿਭਾਗ ਦੀਆਂ ਟੀਮਾਂ ਸੂਬੇ ਦੇ ਮਾਲੀਏ ਨੂੰ ਸੁਰੱਖਿਅਤ ਕਰਨ ਲਈ ਦਿਨ-ਰਾਤ ਇੱਕ ਕਰ ਰਹੀਆਂ ਹਨ। ਉਨ੍ਹਾਂ ਦੱਸਿਆ, "ਇਨ੍ਹਾਂ ਪੁਖ਼ਤਾ ਸੂਚਨਾਵਾਂ 'ਤੇ ਕਾਰਵਾਈ ਕਰਦਿਆਂ, ਸਾਡੇ ਵਿਭਾਗ ਨੇ 7 ਸਤੰਬਰ 2026 ਨੂੰ ਮੰਡੀ ਗੋਬਿੰਦਗੜ੍ਹ ਵਿਖੇ ਫਰਮ ਦੇ ਕਾਰੋਬਾਰੀ ਅਹਾਤੇ 'ਤੇ ਸਖ਼ਤ ਨਿਰੀਖਣ ਕੀਤਾ। ਤਲਾਸ਼ੀ ਦੇਰ ਰਾਤ ਤੱਕ ਜਾਰੀ ਰਹੀ। ਇਹ ਮਹਿਸੂਸ ਕਰਦਿਆਂ ਕਿ ਉਨ੍ਹਾਂ ਦੀ ਖੇਡ ਖਤਮ ਹੋ ਗਈ ਹੈ ਅਤੇ ਉਹ ਸਾਡੇ ਸਬੂਤਾਂ ਨਾਲ ਘਿਰ ਗਏ ਹਨ, ਸਬੰਧਤ ਧਿਰ ਨੇ ਮੌਕੇ 'ਤੇ ਹੀ 9.50 ਕਰੋੜ ਰੁਪਏ ਐਸ.ਜੀ.ਐਸ.ਟੀ. ਵਜੋਂ ਨਕਦ ਜਮ੍ਹਾ ਕਰਵਾ ਦਿੱਤੇ।" ਵਿੱਤ ਮੰਤਰੀ ਨੇ ਮਾਣ ਨਾਲ ਕਿਹਾ ਕਿ ਇਹ ਤੁਰੰਤ ਜਮ੍ਹਾਂ ਕਰਵਾਈ ਗਈ ਰਕਮ ਪੰਜਾਬ ਦੇ ਖੁਫੀਆ-ਅਧਾਰਤ ਇਨਫੋਰਸਮੈਂਟ ਤੰਤਰ ਦੀ ਪ੍ਰਭਾਵਸ਼ੀਲਤਾ ਦਾ ਸਬੂਤ ਹੈ। ਉਨ੍ਹਾਂ ਕਿਹਾ, "ਅਸੀਂ ਜਾਅਲੀ ਬਿਲਿੰਗ ਨੈਟਵਰਕਾਂ ਦੀ ਪਛਾਣ ਕਰਨ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨ ਲਈ ਅਤਿ-ਆਧੁਨਿਕ ਡੇਟਾ ਵਿਸ਼ਲੇਸ਼ਣ ਅਤੇ ਤਕਨਾਲੋਜੀ-ਅਧਾਰਤ ਜਾਂਚਾਂ ਦੀ ਲਗਾਤਾਰ ਵਰਤੋਂ ਕਰ ਰਹੇ ਹਾਂ।" ਸ਼ੁਰੂਆਤੀ ਬਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ, ਹਰਪਾਲ ਸਿੰਘ ਚੀਮਾ ਨੇ ਸਪੱਸ਼ਟ ਕੀਤਾ ਕਿ ਵਿਭਾਗ ਬਕਾਇਆ ਰਕਮ ਦੀ ਵਸੂਲੀ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਉਨ੍ਹਾਂ ਕਿਹਾ, "ਕੁੱਲ ਟੈਕਸ ਚੋਰੀ ਲਗਭਗ 22 ਕਰੋੜ ਰੁਪਏ ਹੈ, ਅਤੇ ਸਾਨੂੰ ਉਮੀਦ ਹੈ ਕਿ ਚੱਲ ਰਹੀ ਕਾਰਵਾਈ ਦੌਰਾਨ ਬਾਕੀ ਰਕਮ ਨਿਯਮਾਂ ਅਨੁਸਾਰ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਇਸ ਨੈੱਟਵਰਕ ਦੀ ਤਹਿ ਤੱਕ ਜਾਣ ਲਈ, ਸਾਡੀਆਂ ਟੀਮਾਂ ਵਰਤਮਾਨ ਵਿੱਚ ਮਾਲ ਦੀ ਅਸਲ ਰਸੀਦ, ਟੈਕਸ ਚਲਾਨਾਂ ਦੀ ਪ੍ਰਮਾਣਿਕਤਾ, ਸੰਬੰਧਿਤ ਈ-ਵੇਅ ਬਿੱਲਾਂ, ਵਾਹਨਾਂ ਦੇ ਰਿਕਾਰਡ, ਵਜ਼ਨ ਪਰਚੀਆਂ, ਬੈਂਕਿੰਗ ਲੈਣ-ਦੇਣ, ਅਤੇ ਪੂਰੇ ਵਿੱਤੀ ਲੈਣ-ਦੇਣ ਦੀ ਬਾਰੀਕੀ ਨਾਲ ਜਾਂਚ ਕਰ ਰਹੀਆਂ ਹਨ।" ਸੂਬੇ ਦੇ ਖਜ਼ਾਨੇ ਦੀ ਰਾਖੀ ਲਈ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਵਿੱਤ ਮੰਤਰੀ ਨੇ ਸਖ਼ਤ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ, "ਪੰਜਾਬ ਸਰਕਾਰ ਟੈਕਸ ਚੋਰੀ ਅਤੇ ਧੋਖਾਧੜੀ ਵਾਲੇ ਆਈ.ਟੀ.ਸੀ. ਲੈਣ-ਦੇਣ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ 'ਤੇ ਕਾਇਮ ਹੈ। ਇਮਾਨਦਾਰ ਅਤੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਟੈਕਸ ਦਾਤਾਵਾਂ ਨੂੰ ਹਮੇਸ਼ਾ ਸਹੂਲਤ ਮਿਲੇਗੀ ਅਤੇ ਉਨ੍ਹਾਂ ਨੂੰ ਸਾਡਾ ਪੂਰਾ ਸਹਿਯੋਗ ਮਿਲੇਗਾ। ਹਾਲਾਂਕਿ, ਜਿਹੜੇ ਲੋਕ ਸਾਡੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕਰਨਗੇ, ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।"

Posted By: Daily Suraj Bureau

Latest News