ਮਾਨਸੂਨ ਦੀ ਵਾਪਸੀ ਵਿਚਕਾਰ ਪੰਜਾਬ ਦੇ ਮੌਸਮ ’ਚ ਬਦਲਾਅ ਦੇ ਸੰਕੇਤ, 25 ਸਤੰਬਰ ਦੇ ਆਸ-ਪਾਸ ਮੀਂਹ ਦੀ ਉਮੀਦ
ਦੱਖਣ-ਪੱਛਮੀ ਮਾਨਸੂਨ ਨੇ ਪੰਜਾਬ ਤੋਂ ਵਾਪਸੀ ਦਾ ਰਾਹ ਫੜ ਲਿਆ ਹੈ। ਇਸ ਸਮੇਂ ਮਾਨਸੂਨ ਦੀ ਵਾਪਸੀ ਲਾਈਨ ਪਟਿਆਲਾ ਅਤੇ ਗੁਰਦਾਸਪੁਰ ਵਿੱਚੋਂ ਲੰਘ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਇੱਕ ਤੋਂ ਦੋ ਦਿਨਾਂ ਵਿੱਚ ਮਾਨਸੂਨ ਪੰਜਾਬ ਦੇ ਬਾਕੀ ਹਿੱਸਿਆਂ ਤੋਂ ਵਾਪਸ ਹੋ ਕੇ ਚੰਡੀਗੜ੍ਹ ਅਤੇ ਦਿੱਲੀ ਵੱਲ ਵਧ ਸਕਦਾ ਹੈ। 23 ਸਤੰਬਰ ਨੂੰ ਸੂਬੇ ਭਰ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਪੱਛਮੀ ਹਵਾਵਾਂ ਚੱਲ ਰਹੀਆਂ ਹਨ, ਜੋ ਬੱਦਲ ਬਣਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਸ ਦੌਰਾਨ ਮੌਸਮ ਵਿਭਾਗ ਨੇ 25 ਸਤੰਬਰ ਦੇ ਆਸ-ਪਾਸ ਪੰਜਾਬ ਸਮੇਤ ਕੁਝ ਖੇਤਰਾਂ ਵਿੱਚ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਜਤਾਈ ਹੈ। ਇਸ ਦੌਰਾਨ ਅਸਮਾਨ ਵਿੱਚ ਬੱਦਲ ਛਾਏ ਰਹਿਣ ਅਤੇ ਕੁਝ ਥਾਵਾਂ ’ਤੇ ਗਰਜ-ਤੂਫ਼ਾਨ ਆਉਣ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ ਇਹ ਮੌਸਮੀ ਬਦਲਾਅ ਸਿੱਧੇ ਤੌਰ ’ਤੇ ਮਾਨਸੂਨ ਦੀ ਵਾਪਸੀ ਨਾਲ ਸਬੰਧਤ ਨਹੀਂ ਹੋਵੇਗਾ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਔਸਤ ਤਾਪਮਾਨ ਵਿੱਚ 0.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਾਲ ਪੰਜਾਬ ਵਿੱਚ ਮਾਨਸੂਨ ਦੌਰਾਨ ਆਮ ਨਾਲੋਂ 39 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਮਾਨਸੂਨ ਦੀ ਵਾਪਸੀ ਦੇ ਬਾਵਜੂਦ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਸੰਭਾਵਿਤ ਬਦਲਾਅ ’ਤੇ ਨਜ਼ਰ ਬਣੀ ਰਹੇਗੀ।