ਐੱਫ.ਬੀ.ਆਈ. ਦੀ '10 ਮੋਸਟ ਵਾਂਟੇਡ ਭਗੌੜਿਆਂ' ਦੀ ਸੂਚੀ ਵਿੱਚ ਸ਼ਾਮਲ ਹੋਇਆ ਗੋਲਡੀ ਬਰਾੜ, ਗ੍ਰਿਫ਼ਤਾਰੀ ਦੀ ਸੂਚਨਾ ਦੇਣ 'ਤੇ 10 ਲੱਖ ਡਾਲਰ ਤੱਕ ਦੇ ਇਨਾਮ ਦਾ ਐਲਾਨ
- ਪੰਜਾਬ
- (Asia/Kolkata)
ਸੰਘੀ ਜਾਂਚ ਬਿਊਰੋ (ਐੱਫ.ਬੀ.ਆਈ.) ਨੇ ਸਤਿਇੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਆਪਣੀ ਬਹੁ-ਚਰਚਿਤ '10 ਮੋਸਟ ਵਾਂਟੇਡ ਭਗੌੜਿਆਂ' (10 Most Wanted Fugitives) ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਗੋਲਡੀ ਬਰਾੜ ਨੂੰ ਲਾਰੈਂਸ ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ (ਓ.ਸੀ.ਜੀ.) ਦਾ ਕਥਿਤ ਉੱਤਰੀ ਅਮਰੀਕੀ ਆਗੂ ਮੰਨਿਆ ਜਾਂਦਾ ਹੈ। ਇਹ ਇੱਕ ਕੌਮਾਂਤਰੀ ਅਪਰਾਧਿਕ ਸਿੰਡੀਕੇਟ ਹੈ, ਜੋ ਕਥਿਤ ਤੌਰ 'ਤੇ ਅਮਰੀਕਾ ਅਤੇ ਕੈਨੇਡਾ ਸਮੇਤ ਹੋਰਨਾਂ ਹਿੱਸਿਆਂ ਵਿੱਚ ਹਿੰਸਕ ਅਪਰਾਧਾਂ ਵਿੱਚ ਸ਼ਾਮਲ ਰਿਹਾ ਹੈ। ਇਨ੍ਹਾਂ ਸਰਗਰਮੀਆਂ ਵਿੱਚ ਸਿਆਸੀ ਅਤੇ ਧਾਰਮਿਕ ਸ਼ਖ਼ਸੀਅਤਾਂ ਦੀਆਂ ਹੱਤਿਆਵਾਂ, ਗੋਲੀਬਾਰੀ, ਕਤਲ, ਅਗਵਾ, ਫਿਰੌਤੀ, ਹਮਲੇ, ਮਨੁੱਖੀ ਤਸਕਰੀ ਅਤੇ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਸ਼ਾਮਲ ਹੈ। ਪ੍ਰਾਪਤ ਵੇਰਵਿਆਂ ਮੁਤਾਬਕ, 1 ਜੁਲਾਈ ਨੂੰ ਲਾਸ ਏਂਜਲਸ ਸਥਿਤ ਯੂ.ਐਸ. ਜ਼ਿਲ੍ਹਾ ਅਦਾਲਤ ਵਿੱਚ ਸਤਿਇੰਦਰਜੀਤ ਸਿੰਘ (ਦਿੱਤੇ ਵੇਰਵੇ ਵਿੱਚ ਇੱਕ ਥਾਂ ਸਰਿੰਦਰਜੀਤ ਸਿੰਘ ਵੀ ਦਰਜ) ਖ਼ਿਲਾਫ਼ ਇੱਕ ਸੰਘੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਉਸ 'ਤੇ ਰੀਕੋ (RICO) ਸਾਜ਼ਿਸ਼, ਫਿਰੌਤੀ ਰਾਹੀਂ ਵਪਾਰ ਵਿੱਚ ਦਖ਼ਲਅੰਦਾਜ਼ੀ ਕਰਨ ਅਤੇ ਦਖ਼ਲਅੰਦਾਜ਼ੀ ਦੀ ਕੋਸ਼ਿਸ਼ ਕਰਨ ਦੀ ਸਾਜ਼ਿਸ਼, ਅਤੇ ਨਸ਼ੀਲੇ ਪਦਾਰਥਾਂ (ਨਿਯੰਤਰਿਤ ਪਦਾਰਥਾਂ) ਨੂੰ ਵੰਡਣ ਅਤੇ ਵੰਡਣ ਦੇ ਇਰਾਦੇ ਨਾਲ ਰੱਖਣ ਦੀ ਸਾਜ਼ਿਸ਼ ਦੇ ਦੋਸ਼ ਲਗਾਏ ਗਏ ਹਨ। ਇਸ ਕਾਰਵਾਈ ਸਬੰਧੀ ਐੱਫ.ਬੀ.ਆਈ. ਲਾਸ ਏਂਜਲਸ ਦੇ ਸਹਾਇਕ ਨਿਰਦੇਸ਼ਕ ਇੰਚਾਰਜ ਪੈਟ੍ਰਿਕ ਗ੍ਰੈਂਡੀ ਨੇ ਕਿਹਾ ਕਿ ਸਤਿਇੰਦਰਜੀਤ ਸਿੰਘ ਨੂੰ ਉਸ ਦੀ ਹਿੰਸਾ ਦੀ ਪ੍ਰਵਿਰਤੀ ਅਤੇ ਵੱਖ-ਵੱਖ ਅਪਰਾਧਾਂ ਦੇ ਆਧਾਰ 'ਤੇ ਐੱਫ.ਬੀ.ਆਈ. ਦੀ ਬਦਨਾਮ '10 ਮੋਸਟ ਵਾਂਟੇਡ ਭਗੌੜਿਆਂ' ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੂਚੀ ਉਨ੍ਹਾਂ ਫਰਾਰ ਵਿਅਕਤੀਆਂ ਲਈ ਰਾਖਵੀਂ ਹੈ ਜਿਨ੍ਹਾਂ ਬਾਰੇ ਐੱਫ.ਬੀ.ਆਈ. ਮੰਨਦੀ ਹੈ ਕਿ ਉਨ੍ਹਾਂ ਵੱਲੋਂ ਦੂਜਿਆਂ ਨੂੰ ਆਪਣਾ ਸ਼ਿਕਾਰ ਬਣਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਲੋੜ ਹੈ। ਗ੍ਰੈਂਡੀ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਿੰਘ ਨੂੰ ਫੜ ਕੇ ਅਮਰੀਕੀ ਅਦਾਲਤ ਵਿੱਚ ਉਸ ਦੇ ਕਥਿਤ ਅਪਰਾਧਾਂ ਲਈ ਮੁਕੱਦਮਾ ਨਹੀਂ ਚਲਾਇਆ ਜਾਂਦਾ, ਉਦੋਂ ਤੱਕ ਏਜੰਸੀ ਸੰਤੁਸ਼ਟ ਨਹੀਂ ਹੋਵੇਗੀ, ਕਿਉਂਕਿ ਇਨ੍ਹਾਂ ਅਪਰਾਧਾਂ ਨੇ ਅਮਰੀਕਾ ਦੇ ਨਾਲ-ਨਾਲ ਦੁਨੀਆ ਭਰ ਦੇ ਨਾਗਰਿਕਾਂ ਨੂੰ ਪ੍ਰਭਾਵਿਤ ਕੀਤਾ ਹੈ। ਪੁਲੀਸ ਵੱਲੋਂ ਸਤਿਇੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਕਈ ਸਹਿ-ਸਾਜ਼ਿਸ਼ਕਰਤਾਵਾਂ ਨੂੰ 'ਆਪਰੇਸ਼ਨ ਹਾਰਡ ਬਾਲ' (Operation Hard Ball) ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਭਾਰਤੀ ਅਪਰਾਧਿਕ ਗਰੁੱਪਾਂ ਬਾਰੇ ਕਈ ਸਾਲਾਂ ਤੱਕ ਚੱਲੀ ਇੱਕ ਸੰਘੀ (ਫੈਡਰਲ) ਜਾਂਚ ਸੀ, ਜੋ ਗੈਰ-ਕਾਨੂੰਨੀ ਵਸੂਲੀ, ਨਿਸ਼ਾਨਾ ਬਣਾ ਕੇ ਕੀਤੀਆਂ ਹੱਤਿਆਵਾਂ, ਗੋਲੀਬਾਰੀ, ਫਿਰੌਤੀ ਮੰਗਣ, ਕੌਮਾਂਤਰੀ ਸਰਹੱਦਾਂ ਦੇ ਪਾਰ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਦੁਨੀਆ ਭਰ ਵਿੱਚ ਅਜਿਹੇ ਹੋਰ ਅਪਰਾਧਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਦਾ ਅਸਰ ਖ਼ਾਸ ਤੌਰ 'ਤੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਭਾਈਚਾਰੇ 'ਤੇ ਪੈਂਦਾ ਹੈ। ਗੋਲਡੀ ਬਰਾੜ ਬਾਕੀ ਬਚੇ ਭਗੌੜਿਆਂ ਵਿੱਚੋਂ ਇੱਕ ਹੈ, ਜਦੋਂਕਿ ਹੋਰ ਫਰਾਰ ਮੁਲਜ਼ਮਾਂ ਵਿੱਚ ਮੇਜਰ ਸਿੰਘ, ਸੁਖਰਾਜ ਸਿੰਘ ਕੰਗ, ਬਿਨਾਂ ਨਾਮ ਵਾਲਾ 'ਕਮਲ' ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ। ਬਿਸ਼ਨੋਈ ਆਰਗੇਨਾਈਜ਼ਡ ਕ੍ਰਾਈਮ ਗਰੁੱਪ (ਓ.ਸੀ.ਜੀ.) ਕੌਮਾਂਤਰੀ ਅਪਰਾਧਿਕ ਸਿੰਡੀਕੇਟ ਦਾ ਮੁੱਖ ਦਫ਼ਤਰ ਭਾਰਤ ਵਿੱਚ ਹੈ, ਜਿਸ ਦੇ ਅਮਰੀਕਾ, ਕੈਨੇਡਾ, ਯੂਨਾਈਟਿਡ ਕਿੰਗਡਮ, ਯੂਰਪ ਅਤੇ ਆਸਟ੍ਰੇਲੀਆ ਵਿੱਚ ਹਜ਼ਾਰਾਂ ਮੈਂਬਰ ਅਤੇ ਸਹਿਯੋਗੀ ਹਨ। ਇਸ ਗਰੁੱਪ ਦੀ ਸ਼ੁਰੂਆਤ ਭਾਰਤ ਦੇ ਪੰਜਾਬ ਰਾਜ ਵਿੱਚ ਇਸ ਦੇ ਸੰਸਥਾਪਕ ਲਾਰੈਂਸ ਬਿਸ਼ਨੋਈ ਦੀ ਅਗਵਾਈ ਹੇਠ ਹੋਈ ਸੀ। ਦੋਸ਼ ਪੱਤਰ (ਇੰਡਾਈਟਮੈਂਟ) ਅਨੁਸਾਰ, 2010 ਦੇ ਦਹਾਕੇ ਦੇ ਸ਼ੁਰੂ ਵਿੱਚ ਯੂਨੀਵਰਸਿਟੀ ਵਿੱਚ ਪੜ੍ਹਦਿਆਂ ਬਿਸ਼ਨੋਈ ਨੇ ਖ਼ੁਦ ਨੂੰ ਇੱਕ ਵਿਦਿਆਰਥੀ ਆਗੂ ਵਜੋਂ ਪੇਸ਼ ਕੀਤਾ ਅਤੇ ਸਹਿਯੋਗੀਆਂ ਤੇ ਸਮਰਥਕਾਂ ਦਾ ਨੈੱਟਵਰਕ ਤਿਆਰ ਕੀਤਾ, ਪਰ ਜਲਦੀ ਹੀ ਕੈਂਪਸ ਦੀ ਸਿਆਸਤ ਛੱਡ ਕੇ ਅਪਰਾਧਿਕ ਗਤੀਵਿਧੀਆਂ ਦਾ ਰਾਹ ਫੜ ਲਿਆ ਅਤੇ ਆਪਣੇ ਸਹਿਯੋਗੀਆਂ ਤੇ ਸਮਰਥਕਾਂ ਨੂੰ ਇੱਕ ਅਪਰਾਧਿਕ ਗਿਰੋਹ ਵਿੱਚ ਬਦਲ ਦਿੱਤਾ। ਗਿਰੋਹ ਦੇ ਰੋਜ਼ਾਨਾ ਦੇ ਕੰਮਕਾਜ ਨੂੰ ਚਲਾਉਣ ਵਿੱਚ ਮਦਦ ਲਈ ਬਿਸ਼ਨੋਈ ਨੇ ਭਰੋਸੇਮੰਦ ਸਾਥੀਆਂ ਅਤੇ ਖੇਤਰੀ ਆਗੂਆਂ ਨੂੰ ਕੰਟਰੋਲ ਸੌਂਪ ਦਿੱਤਾ ਸੀ। ਐੱਫ.ਬੀ.ਆਈ. ਵੱਲੋਂ ਜਾਰੀ ਅਧਿਕਾਰਤ ਨੋਟ ਵਿੱਚ ਆਮ ਲੋਕਾਂ ਨੂੰ ਸਤਿਇੰਦਰਜੀਤ ਸਿੰਘ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਤੋਂ ਬਚਣ ਦੀ ਚੇਤਾਵਨੀ ਦਿੱਤੀ ਗਈ ਹੈ ਅਤੇ ਜਾਣਕਾਰੀ ਹੋਣ 'ਤੇ ਸਥਾਨਕ ਐੱਫ.ਬੀ.ਆਈ. ਦਫ਼ਤਰ, ਨਜ਼ਦੀਕੀ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਨਾਲ ਸੰਪਰਕ ਕਰਨ ਜਾਂ 1-800-CALL-FBI (1-800-225-5324) 'ਤੇ ਕਾਲ ਕਰਨ ਲਈ ਕਿਹਾ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ 'ਤੇ ਐੱਫ.ਬੀ.ਆਈ. ਨੇ 10 ਲੱਖ ਡਾਲਰ ਤੱਕ ਦੇ ਇਨਾਮ ਦਾ ਐਲਾਨ ਕੀਤਾ ਹੈ। ਪੈਟ੍ਰਿਕ ਗ੍ਰੈਂਡੀ ਨੇ ਕਿਹਾ ਕਿ ਏਜੰਸੀ ਸੂਚਨਾਵਾਂ ਅਤੇ ਸੁਰਾਗਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਅਤੇ ਜਨਤਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਗੁਪਤ ਰੂਪ ਵਿੱਚ ਜਾਣਕਾਰੀ ਦੇ ਸਕਦੇ ਹਨ ਅਤੇ ਏਜੰਸੀ ਉਸ ਜਾਣਕਾਰੀ ਅਤੇ ਉਨ੍ਹਾਂ ਦੀ ਪਛਾਣ ਨੂੰ ਗੁਪਤ ਰੱਖੇਗੀ।
Leave a Reply