ਮਾਪਿਆਂ ਲਈ ਚੇਤਾਵਨੀ: ਆਨਲਾਈਨ ਗੇਮਿੰਗ ਅਤੇ ਬੱਚਿਆਂ ਦੀ ਮਨੋਸਥਿਤੀ

ਮਾਪਿਆਂ ਲਈ ਚੇਤਾਵਨੀ: ਆਨਲਾਈਨ ਗੇਮਿੰਗ ਅਤੇ ਬੱਚਿਆਂ ਦੀ ਮਨੋਸਥਿਤੀ

ਮੋਬਾਈਲ ਫੋਨਾਂ ਨੇ ਚਾਹੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੋਵੇ ਪਰ ਇਨ੍ਹਾਂ ਹੀ ਮੋਬਾਈਲ ਫੋਨਾਂ ਰਾਹੀਂ, ਇੱਕ ਬਿਮਾਰੀ ਵੀ ਚੁੱਪ-ਚਾਪ ਸਾਡੇ ਘਰਾਂ ਵਿੱਚ ਦਾਖਲ ਹੋ ਗਈ ਹੈ। ਇਹ ਬਿਮਾਰੀ ਹੈ ਮੋਬਾਈਲ ਫੋਨਾਂ ‘ਤੇ ਗੇਮਾਂ ਖੇਡਣ ਆਦਤ (Online) ਜਿਸ ਕਾਰਨ ਹਰ ਰੋਜ਼ ਘਰ ਉਜੜ ਰਹੇ ਹਨ। ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਜਿੱਥੇ ਤਿੰਨ ਭੈਣਾਂ ਨੇ ਔਨਲਾਈਨ ਗੇਮਾਂ ਦੀ ਲਤ ਕਾਰਨ ਖੁਦਕੁਸ਼ੀ ਕਰ ਲਈ ਓਥੇ ਹੀ ਭੋਪਾਲ ਵਿੱਚ ਵੀ ਮੋਬਾਈਲ ਗੇਮਾਂ ਦੀ ਲਤ ਨੇ ਇੱਕ ਮਾਸੂਮ ਬੱਚੇ ਦੀ ਜਾਨ ਲੈ ਲਈ। ਜਾਣਕਾਰੀ ਅਨੁਸਾਰ ਸੋਮਵਾਰ 2 ਫਰਵਰੀ ਨੂੰ ਅੰਸ਼ ਦੇ ਨਾਨਕੇ ਘਰ ਉਸ ਦੇ ਨਾਨਾ ਜੀ ਦੀ ਤੇਰ੍ਹਵੀਂ ਦਾ ਪ੍ਰੋਗਰਾਮ ਸੀ। ਪਰਿਵਾਰ ਦੇ ਮੈਂਬਰ ਉੱਥੇ ਗਏ ਹੋਏ ਸਨ। ਜਦੋਂ ਪਰਿਵਾਰਕ ਮੈਂਬਰ ਘਰ ਆਏ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਕਾਫ਼ੀ ਖੜਕਾਉਣ ਦੇ ਬਾਵਜੂਦ ਜਦੋਂ ਦਰਵਾਜ਼ਾ ਨਹੀਂ ਖੁੱਲ੍ਹਿਆ, ਤਾਂ ਉਨ੍ਹਾਂ ਨੇ ਖਿੜਕੀ ਰਾਹੀਂ ਅੰਦਰ ਝਾਕਿਆ । ਅੰਦਰ ਦੇਖਣ ‘ਤੇ ਅੰਸ਼ ਦੀ ਖ਼ੁਦਕੁਸ਼ੀ ਬਾਰੇ ਪਤਾ ਲੱਗਿਆ। ਬੱਚੇ ਨੇ ਘਰ ਅੰਦਰ ਹੀ ਫਾਹਾ ਲੈ ਲਿਆ। ਐਡੀਸ਼ਨਲ ਡੀ.ਸੀ.ਪੀ. (DCP) ਗੌਤਮ ਸੋਲੰਕੀ ਨੇ ਦੱਸਿਆ ਕਿ ਭੋਪਾਲ ਵਿੱਚ ਖ਼ੁਦਕੁਸ਼ੀ ਕਰਨ ਵਾਲੇ ਵਿਦਿਆਰਥੀ ਦੀ ਪਛਾਣ ਅੰਸ਼ ਸਾਹੂ ਵਜੋਂ ਹੋਈ ਹੈ। ਇਕਲੌਤੇ ਪੁੱਤਰ ਦੀ ਖ਼ੁਦਕੁਸ਼ੀ ਨਾਲ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪਿਪਲਾਨੀ ਥਾਣਾ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਅੰਸ਼ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੁਲਿਸ ਨੂੰ ਮੌਕੇ ‘ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਉਨ੍ਹਾਂ ਨੇ ਉਸਦੇ ਕਮਰੇ ਵਿੱਚੋਂ ਉਸਦਾ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਅੰਸ਼ ਆਪਣੇ ਮੋਬਾਈਲ ਫੋਨ ‘ਤੇ ਬਲੂ ਵ੍ਹੇਲ ਗੇਮ ਖੇਡਣ ਦਾ ਆਦੀ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਬੱਚੇ ਨੇ ਗੇਮ ਵਿੱਚ ਉਸਨੂੰ ਸੌਂਪੇ ਗਏ ਕੰਮ ਨੂੰ ਪੂਰਾ ਕਰਨ ਦੇ ਦਬਾਅ ਹੇਠ ਇਹ ਕਦਮ ਚੁੱਕਿਆ ਹੈ।