ਪੰਜਾਬ ਦਾ ਚਰਚਿਤ ਡਰੱਗ ਕੇਸ: SIT ਵੱਲੋਂ ਬਿਕਰਮ ਮਜੀਠੀਆ ਅਤੇ ਜਗਦੀਸ਼ ਭੋਲਾ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ
- ਪੰਜਾਬ
- (Asia/Kolkata)
6,000 ਕਰੋੜ ਰੁਪਏ ਦੇ ਚਰਚਿਤ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੱਜ ਯਾਨੀ 5 ਅਕਤੂਬਰ ਨੂੰ ਤਲਬ ਕੀਤਾ ਹੈ। ਮਿਲ ਰਹੀ ਜਾਣਕਾਰੀ ਮੁابਕ ਬਿਕਰਮ ਮਜੀਠੀਆ ਅੱਜ ਇਸ ਮਾਮਲੇ ਸਬੰਧੀ ਪੁੱਛਗਿੱਛ ਲਈ ਐੱਸ.ਆਈ.ਟੀ. ਅੱਗੇ ਪੇਸ਼ ਹੋਣਗੇ। ਇਸ ਪੂਰੇ ਮਾਮਲੇ ਦੀ ਖ਼ਾਸ ਗੱਲ ਇਹ ਹੈ ਕਿ ਐੱਸ.ਆਈ.ਟੀ. ਵੱਲੋਂ ਇਸੇ ਮਾਮਲੇ ਵਿੱਚ ਜਗਦੀਸ਼ ਭੋਲਾ ਨੂੰ ਵੀ ਤਲਬ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਜਾਂਚ ਟੀਮ ਵੱਲੋਂ ਪਹਿਲੀ ਵਾਰ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਮਾਮਲੇ ਦੀ ਜਾਂਚ ਦੌਰਾਨ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਮਜੀਠੀਆ ਅਤੇ ਭੋਲਾ ਤੋਂ ਇੱਕਠੇ ਸਵਾਲ-ਜਵਾਬ ਕੀਤੇ ਜਾਣਗੇ। ਕਾਬਿਲੇਗ਼ੌਰ ਹੈ ਕਿ ਬਿਕਰਮ ਮਜੀਠੀਆ ਦਾ ਨਾਂ ਸਭ ਤੋਂ ਪਹਿਲਾਂ ਸਾਲ 2013-14 ਦੌਰਾਨ ਜਗਦੀਸ਼ ਭੋਲਾ ਡਰੱਗ ਰੈਕੇਟ ਵਿੱਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਆਪਣੀ ਜਾਂਚ ਦੌਰਾਨ ਇਸ ਮਨੀ ਲਾਂਡਰਿੰਗ ਅਤੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ 6,000 ਕਰੋੜ ਰੁਪਏ ਤੱਕ ਦਾ ਕਰਾਰ ਦਿੱਤਾ ਸੀ, ਜਿਸ ਤੋਂ ਬਾਅਦ ਸਾਲ 2014 ਵਿੱਚ ਜਗਦੀਸ਼ ਭੋਲਾ ਨੇ ਮਜੀਠੀਆ ਦਾ ਨਾਂ ਲਿਆ ਸੀ। ਇਸ ਮਾਮਲੇ ਵਿੱਚ ਦਸੰਬਰ 2021 ਵਿੱਚ ਪੰਜਾਬ ਪੁਲਿਸ ਦੀ ਅਪਰਾਧ ਸ਼ਾਖਾ ਵੱਲੋਂ ਐਨ.ਡੀ.ਪੀ.ਐਸ. ਐਕਟ (NDPS Act) ਦੀਆਂ ਧਾਰਾਵਾਂ 25, 27-ਏ ਅਤੇ 29 ਤਹਿਤ ਬਿਕਰਮ ਮਜੀਠੀਆ ਵਿਰੁੱਧ ਰਸਮੀ ਤੌਰ 'ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਇਹ ਐੱਫ.ਆਈ.ਆਰ. ਸਾਲ 2018 ਦੀ ਐੱਸ.ਟੀ.ਐੱਫ. (STF) ਰਿਪੋਰਟ 'ਤੇ ਅਧਾਰਤ ਹੈ, ਜਿਸ ਵਿੱਚ ਪੁਲਿਸ ਨੇ ਦੋਸ਼ ਲਾਇਆ ਸੀ ਕਿ ਮਜੀਠੀਆ ਦੇ ਸਬੰਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋਸ਼ੀ ਵਿਅਕਤੀਆਂ ਨਾਲ ਸਨ।
Leave a Reply