ਸਰ੍ਹੀ ਪੁਲਿਸ ਦੀ ਕਾਰਵਾਈ: ਘਰ ਉੱਤੇ ਹਮਲੇ ਦੇ ਦੋਸ਼ ’ਚ ਤਿੰਨ ਨੌਜਵਾਨ ਗ੍ਰਿਫਤਾਰ

ਸਰ੍ਹੀ ਪੁਲਿਸ ਦੀ ਕਾਰਵਾਈ: ਘਰ ਉੱਤੇ ਹਮਲੇ ਦੇ ਦੋਸ਼ ’ਚ ਤਿੰਨ ਨੌਜਵਾਨ ਗ੍ਰਿਫਤਾਰ

ਸਰ੍ਹੀ ਪੁਲਿਸ ਸਰਵਿਸ ਨੇ ਜ਼ਬਰੀ ਉਗਰਾਹੀ ਨਾਲ ਸੰਬੰਧਤ ਇੱਕ ਮਾਮਲੇ ਵਿੱਚ ਘਰ ਉੱਤੇ ਗੋਲੀਆਂ ਚਲਾਉਣ ਦੇ ਦੋਸ਼ਾਂ ਤਹਿਤ ਤਿੰਨ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਬਿਆਨ ਅਨੁਸਾਰ ਇਹ ਕਾਰਵਾਈ ਸੋਮਵਾਰ ਨੂੰ ਕੀਤੀ ਗਈ। ਪੁਲਿਸ ਨੇ ਦੱਸਿਆ ਕਿ 21 ਸਾਲਾ ਹਰਜਤ ਸਿੰਘ, 19 ਸਾਲਾ ਤਰਨਵੀਰ ਸਿੰਘ ਅਤੇ 21 ਸਾਲਾ ਦਇਆਜੀਤ ਸਿੰਘ ਖ਼ਿਲਾਫ਼ ਹਥਿਆਰ ਚਲਾਉਣ ਨਾਲ ਸੰਬੰਧਤ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਤਿੰਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਜਾਰੀ ਬਿਆਨ ਮੁਤਾਬਕ ਘਟਨਾ ਸਰ੍ਹੀ ਦੇ ਕ੍ਰੀਸੈਂਟ ਬੀਚ ਇਲਾਕੇ ਵਿੱਚ ਵਾਪਰੀ, ਜਿੱਥੇ ਸ਼ੱਕੀ ਵਿਅਕਤੀਆਂ ਵੱਲੋਂ ਇੱਕ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ। ਇਸ ਤੋਂ ਇਲਾਵਾ ਘਰ ਦੇ ਬਾਹਰ ਅੱਗ ਲਗਾਉਣ ਦੀ ਵੀ ਘਟਨਾ ਸਾਹਮਣੇ ਆਈ ਹੈ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਜਾਣਕਾਰੀ ਹੋਵੇ ਤਾਂ ਪੁਲਿਸ ਨਾਲ ਸਾਂਝੀ ਕੀਤੀ ਜਾਵੇ।