Daily Suraj

ਪੰਜਾਬੀ

ਮਾਨਾਂਵਾਲਾ ਸਟੇਸ਼ਨ ਦੇ ਨਵੀਨੀਕਰਨ ਕਾਰਨ ਛੇ ਟਰੇਨਾਂ ਦੇ ਰੂਟਾਂ ਵਿੱਚ ਤਬਦੀਲੀ

22 Sep, 2026 06:43 AM

ਪੰਜਾਬ ਦੇ ਮਾਨਾਂਵਾਲਾ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਮੁਰੰਮਤ ਅਤੇ ਨਵੀਨੀਕਰਨ ਦੇ ਕੰਮਾਂ ਕਾਰਨ ਜੰਮੂ ਡਿਵੀਜ਼ਨ ਰਾਹੀਂ ਸੰਚਾਲਿਤ ਹੋਣ ਵਾਲੀਆਂ ਛੇ ਰੇਲ ਗੱਡੀਆਂ ਦੇ ਰੂਟਾਂ ਵਿੱਚ ਅਸਥਾਈ ਤਬਦੀਲੀ ਕੀਤੀ ਗਈ ਹੈ। ਰੇਲਵੇ ਅਧਿਕਾਰੀਆਂ ਅਨੁਸਾਰ ਇਹ ਤਬਦੀਲੀ 21 ਸਤੰਬਰ ਤੋਂ 27 ਸਤੰਬਰ ਤੱਕ ਲਾਗੂ ਰਹੇਗੀ। ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਫਿਰੋਜ਼ਪੁਰ ਡਿਵੀਜ਼ਨ ਦੇ ਜਲੰਧਰ ਕੈਂਟ-ਅੰਮ੍ਰਿਤਸਰ ਸੈਕਸ਼ਨ ’ਤੇ ਸਥਿਤ ਮਾਨਾਂਵਾਲਾ ਸਟੇਸ਼ਨ ਵਿੱਚ ਵਿਕਾਸ ਅਤੇ ਨਵੀਨੀਕਰਨ ਦੇ ਕੰਮ ਜਾਰੀ ਹਨ। ਇਸੇ ਕਰਕੇ ਕੁਝ ਟਰੇਨਾਂ ਨੂੰ ਬਦਲਵੇਂ ਰੂਟਾਂ ਰਾਹੀਂ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ, ਪਠਾਨਕੋਟ-ਦਿੱਲੀ ਐਕਸਪ੍ਰੈਸ 25 ਸਤੰਬਰ ਨੂੰ ਛੱਡ ਕੇ 21 ਤੋਂ 27 ਸਤੰਬਰ ਤੱਕ ਪਠਾਨਕੋਟ-ਮੁਕੇਰੀਆਂ-ਜਲੰਧਰ ਕੈਂਟ-ਲੁਧਿਆਣਾ ਰੂਟ ਰਾਹੀਂ ਚੱਲੇਗੀ। ਇਸੇ ਤਰ੍ਹਾਂ ਦਿੱਲੀ-ਪਠਾਨਕੋਟ ਐਕਸਪ੍ਰੈਸ 24 ਸਤੰਬਰ ਨੂੰ ਛੱਡ ਕੇ 21 ਤੋਂ 27 ਸਤੰਬਰ ਤੱਕ ਲੁਧਿਆਣਾ-ਜਲੰਧਰ ਕੈਂਟ-ਮੁਕੇਰੀਆਂ-ਪਠਾਨਕੋਟ ਰਸਤੇ ਸੰਚਾਲਿਤ ਹੋਵੇਗੀ। ਇਸ ਤੋਂ ਇਲਾਵਾ ਭਗਤ ਕੀ ਕੋਠੀ-ਜੰਮੂ ਤਵੀ ਐਕਸਪ੍ਰੈਸ 21 ਤੋਂ 26 ਸਤੰਬਰ ਤੱਕ ਜਲੰਧਰ ਕੈਂਟ-ਮੁਕੇਰੀਆਂ-ਪਠਾਨਕੋਟ ਰੂਟ ਤੋਂ ਲੰਘੇਗੀ। ਜਦਕਿ ਜੰਮੂ ਤਵੀ-ਭਗਤ ਕੀ ਕੋਠੀ ਐਕਸਪ੍ਰੈਸ 21 ਤੋਂ 27 ਸਤੰਬਰ ਤੱਕ ਪਠਾਨਕੋਟ-ਮੁਕੇਰੀਆਂ-ਜਲੰਧਰ ਕੈਂਟ ਰਾਹੀਂ ਚੱਲੇਗੀ। ਰੇਲਵੇ ਵੱਲੋਂ ਟਾਟਾਨਗਰ-ਜੰਮੂ ਤਵੀ ਐਕਸਪ੍ਰੈਸ ਨੂੰ 23 ਅਤੇ 25 ਸਤੰਬਰ ਨੂੰ ਜਲੰਧਰ ਕੈਂਟ-ਮੁਕੇਰੀਆਂ-ਪਠਾਨਕੋਟ ਰੂਟ ’ਤੇ ਡਾਇਵਰਟ ਕੀਤਾ ਗਿਆ ਹੈ। ਇਸੇ ਤਰ੍ਹਾਂ ਸੰਭਲਪੁਰ-ਜੰਮੂ ਤਵੀ ਐਕਸਪ੍ਰੈਸ 24 ਸਤੰਬਰ ਨੂੰ ਇਸੇ ਬਦਲਵੇਂ ਰਸਤੇ ਰਾਹੀਂ ਸੰਚਾਲਿਤ ਕੀਤੀ ਜਾਵੇਗੀ। ਰੇਲਵੇ ਨੇ ਯਾਤਰੀਆਂ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਟਰੇਨ ਦੀ ਤਾਜ਼ਾ ਸਥਿਤੀ ਦੀ ਪੁਸ਼ਟੀ ਕਰਨ ਦੀ ਸਲਾਹ ਦਿੱਤੀ ਹੈ। ਇਸ ਲਈ ਯਾਤਰੀ ਰੇਲਵੇ ਹੈਲਪਲਾਈਨ 139 ਜਾਂ ਨੈਸ਼ਨਲ ਟਰੇਨ ਇਨਕੁਆਇਰੀ ਸਿਸਟਮ ਦੀ ਵਰਤੋਂ ਕਰ ਸਕਦੇ ਹਨ, ਤਾਂ ਜੋ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਿਆ ਜਾ ਸਕੇ।

Posted By: Daily Suraj Bureau

Latest News