ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਅਰਸ਼ ਡੱਲਾ ਨੇ ਦਿੱਤੇ ਸਨ ਹਥਿਆਰ: ਜਗਮਨ ਸਮਰਾ ਦਾ ਦਾਅਵਾ; ‘ਵਾਰਿਸ ਪੰਜਾਬ ਦੇ’ ਨੇ ਦੋਸ਼ ਨਕਾਰੇ
- ਪੰਜਾਬ
- (Asia/Kolkata)
ਕੈਨੇਡਾ ਵਿੱਚ ਰਹਿ ਰਹੇ ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਨੇ ਗੈਂਗਸਟਰ ਤੋਂ ਅਤਿਵਾਦੀ ਬਣੇ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਅਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੂੰ ਲੈ ਕੇ ਗੰਭੀਰ ਦੋਸ਼ ਲਾਏ ਹਨ। ਜ਼ਿਕਰਯੋਗ ਹੈ ਕਿ ਸਮਰਾ ਨੇ ਬੀਤੇ ਜੂਨ ਮਹੀਨੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ ਬੇਅਦਬੀ ਦੇ ਇਲਜ਼ਾਮ ਲਾਉਂਦਿਆਂ ਇੱਕ ਰਾਜ ਸਭਾ ਮੈਂਬਰ ਤੋਂ ਮਿਲੀ ਕਥਿਤ ਵੀਡੀਓ ਵੀ ਵਾਇਰਲ ਕੀਤੀ ਸੀ। ਸਮਰਾ ਵੱਲੋਂ ਸਾਂਝੀ ਕੀਤੀ ਗਈ ਇੱਕ ਨਵੀਂ ਵੀਡੀਓ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੋਗਾ ਦੇ ਵਸਨੀਕ ਅਤੇ ਪਾਬੰਦੀਸ਼ੁਦਾ ਜਥੇਬੰਦੀ ‘ਖ਼ਾਲਿਸਤਾਨ ਟਾਈਗਰ ਫੋਰਸ’ (KTF) ਦੇ ਕਾਰਜਕਾਰੀ ਮੁਖੀ ਮੰਨੇ ਜਾਂਦੇ ਅਰਸ਼ ਡੱਲਾ ਨੇ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਹਥਿਆਰ ਚਲਾਉਣ ਦੀ ਸਿਖਲਾਈ ਦੇਣ ਲਈ ਦੋ ਆਟੋਮੈਟਿਕ .30 ਬੋਰ ਦੇ ਪਿਸਤੌਲ ਮੁਹੱਈਆ ਕਰਵਾਏ ਸਨ। ਸਮਰਾ ਨੇ ਇਲਜ਼ਾਮ ਲਾਇਆ ਕਿ ਸਮਰਥਕਾਂ ਨੂੰ ਦੋ ਦਿਨਾਂ ਦੀ ਸਿਖਲਾਈ ਦੇਣ ਵਾਸਤੇ ਫ਼ੌਜ ਦੇ ਇੱਕ ਸੇਵਾਮੁਕਤ ਕਰਨਲ ਦੀਆਂ ਸੇਵਾਵਾਂ ਲਈਆਂ ਗਈਆਂ ਸਨ। 3.5 ਲੱਖ ਰੁਪਏ ਦੀ ਅਦਾਇਗੀ ਅਤੇ ਜੇਲ੍ਹ ’ਚ ਸੰਪਰਕ ਦਾ ਦਾਅਵਾ ਆਪਣੇ ਵੀਡੀਓ ਬਿਆਨ ਵਿੱਚ ਸਮਰਾ ਨੇ ਦੱਸਿਆ ਕਿ ਸਮਰਥਕਾਂ ਨੇ ਵੱਖ-ਵੱਖ ਟੁਕੜੀਆਂ (ਬੈਚਾਂ) ਵਿੱਚ ਇਹ ਸਿਖਲਾਈ ਹਾਸਲ ਕੀਤੀ ਸੀ ਅਤੇ ਇੱਕ ਪਿਸਤੌਲ ਵਿੱਚ ਤਕਨੀਕੀ ਖ਼ਰਾਬੀ ਆਉਣ ਮਗਰੋਂ ਉਸ ਨੂੰ ਬਦਲਿਆ ਵੀ ਗਿਆ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਇਨ੍ਹਾਂ ਹਥਿਆਰਾਂ ਦੀ ਖ਼ਰੀਦ ਲਈ ਉਸ ਨੇ ਖ਼ੁਦ 3.5 ਲੱਖ ਰੁਪਏ ਅਦਾ ਕੀਤੇ ਸਨ। ਅਰਸ਼ ਡੱਲਾ ਨਾਲ ਆਪਣੇ ਕਥਿਤ ਸਬੰਧਾਂ ਬਾਰੇ ਜਾਣਕਾਰੀ ਦਿੰਦਿਆਂ ਸਮਰਾ ਨੇ ਕਿਹਾ ਕਿ ਉਹ ਖ਼ਾਲਿਸਤਾਨ ਦਾ ਸਮਰਥਕ ਰਿਹਾ ਹੈ ਅਤੇ ਉਸ ਨੇ ਡੱਲਾ ਤੇ ਐਲਾਨੇ ਗਏ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਸਮੇਤ ਕਈ ਵਿਅਕਤੀਆਂ ਦੀ ਮਦਦ ਕੀਤੀ ਹੈ। ਸਮਰਾ ਅਨੁਸਾਰ, ਫ਼ਰੀਦਕੋਟ ਕੇਂਦਰੀ ਜੇਲ੍ਹ ਵਿੱਚ ਬੰਦ ਰਹਿਣ ਦੌਰਾਨ ਉਹ ਸਭ ਤੋਂ ਪਹਿਲਾਂ ਡੱਲਾ ਦੇ ਪਿਤਾ ਦੇ ਸੰਪਰਕ ਵਿੱਚ ਆਇਆ ਸੀ। ਕੈਨੇਡਾ ਪਹੁੰਚਣ ਮਗਰੋਂ ਉਸ ਨੇ ਡੱਲਾ ਨਾਲ ਰਾਬਤਾ ਕਾਇਮ ਕੀਤਾ, ਜਿਸ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ ਅਤੇ ਇਹ ਹਥਿਆਰ ਜਗਮੋਹਨ ਸਿੰਘ ਜੱਗਾ ਨਾਮੀ ਵਿਅਕਤੀ ਨੇ ਹਾਸਲ ਕੀਤੇ ਸਨ। ਸਮਰਾ ਨੇ ਅੱਗੇ ਦੋਸ਼ ਲਾਇਆ ਕਿ ਡੱਲਾ ਨੇ ਅੰਮ੍ਰਿਤਪਾਲ ਅਤੇ ਹੋਰਨਾਂ ਦੀ ਸਹਾਇਤਾ ਇਸ ਲਈ ਕੀਤੀ ਸੀ ਕਿਉਂਕਿ ਉਹ ਖ਼ਾਲਿਸਤਾਨ ਦੇ ਮੁੱਦੇ ਦੀ ਵਕਾਲਤ ਕਰਦੇ ਸਨ। ਪਾਰਟੀ ਦੀ ਰਜਿਸਟ੍ਰੇਸ਼ਨ ਰੋਕਣ ਲਈ ਫੈਲਾਇਆ ਜਾ ਰਿਹੈ ਝੂਠ: ਰਸ਼ਪਾਲ ਸਿੰਘ ਸੋਸਣ ਦੂਜੇ ਪਾਸੇ, ਅੰਮ੍ਰਿਤਪਾਲ ਸਿੰਘ ਦੀ ਜਥੇਬੰਦੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ (AD-WPD) ਨੇ ਸਮਰਾ ਦੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਪਾਰਟੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਸ ਨੇ ਨਾ ਤਾਂ ਕਦੇ ਖ਼ਾਲਿਸਤਾਨ ਦੀ ਮੰਗ ਕੀਤੀ ਹੈ ਅਤੇ ਨਾ ਹੀ ਇਸ ਦਾ ਵਿਰੋਧ ਕੀਤਾ ਹੈ। ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਬੁਲਾਰੇ ਰਸ਼ਪਾਲ ਸਿੰਘ ਸੋਸਣ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਕਰਾਰ ਦਿੰਦਿਆਂ ਸਮਰਾ ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਮਰਾ ਖ਼ੁਦ ਜੇਲ੍ਹ ਵਿੱਚੋਂ ਫ਼ਰਾਰ ਹੋਇਆ ਵਿਅਕਤੀ ਹੈ ਅਤੇ ਇਹ ਜਾਂਚ ਦਾ ਵਿਸ਼ਾ ਹੈ ਕਿ ਉਹ ਕਿਸ ਦੇ ਇਸ਼ਾਰੇ ’ਤੇ ਅਜਿਹੇ ਮਨਘੜਤ ਬਿਆਨ ਦੇ ਰਿਹਾ ਹੈ। ਸੋਸਣ ਨੇ ਦੋਸ਼ ਲਾਇਆ ਕਿ ਇਹ ਸਭ ਕੁਝ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਨੂੰ ਇੱਕ ਸਿਆਸੀ ਪਾਰਟੀ ਵਜੋਂ ਰਜਿਸਟਰ ਹੋਣ ਤੋਂ ਰੋਕਣ ਲਈ ਕੀਤਾ ਜਾ ਰਿਹਾ ਹੈ—ਖ਼ਾਸ ਕਰਕੇ ਉਦੋਂ, ਜਦੋਂ ਤਿੰਨ ਸਾਲਾਂ ਬਾਅਦ ਮਹਿਜ਼ ਤਿੰਨ ਘੰਟਿਆਂ ਲਈ ਆਏ ਅੰਮ੍ਰਿਤਪਾਲ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ ਹੈ। ਉਨ੍ਹਾਂ ਮੁਤਾਬਕ ਵਿਰੋਧੀ ਪਾਰਟੀਆਂ ਡਰੀਆਂ ਹੋਈਆਂ ਹਨ ਅਤੇ ਇਸੇ ਕਾਰਨ ਅਜਿਹਾ ਗੁੰਮਰਾਹਕੁੰਨ ਪ੍ਰਚਾਰ ਫੈਲਾਇਆ ਜਾ ਰਿਹਾ ਹੈ। ਕੌਣ ਹੈ ਜਗਮਨ ਸਮਰਾ? ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਕੈਨੇਡਾ ਵਿੱਚ ਰਹਿਣ ਵਾਲਾ ਇੱਕ ਪ੍ਰਵਾਸੀ ਭਾਰਤੀ (NRI) ਹੈ, ਜੋ ਸਾਲ 2022 ਵਿੱਚ ਫ਼ਰੀਦਕੋਟ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਪੁਲੀਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਉਸ ਖ਼ਿਲਾਫ਼ 28 ਨਵੰਬਰ 2020 ਨੂੰ ਫ਼ਿਰੋਜ਼ਪੁਰ ਵਿਖੇ 65 ਲੱਖ ਰੁਪਏ ਦੀ ਠੱਗੀ ਅਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਹ ਫ਼ਰੀਦਕੋਟ ਕੇਂਦਰੀ ਜੇਲ੍ਹ ਵਿੱਚ ਬੰਦ ਸੀ। 23 ਦਸੰਬਰ 2021 ਨੂੰ ਉਸ ਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਕੋਟ ਦੇ ਆਰਥੋਪੀਡਿਕਸ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਵਿਧਾਨ ਸਭਾ ਚੋਣਾਂ ਤੋਂ ਕਰੀਬ ਦੋ ਮਹੀਨੇ ਪਹਿਲਾਂ, 1 ਫਰਵਰੀ 2022 ਨੂੰ ਉਹ ਜੇਲ੍ਹ ਗਾਰਦਾਂ ਨੂੰ ਚਕਮਾ ਦੇ ਕੇ ਨਿਆਂਇਕ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਅਤੇ ਬਾਅਦ ਵਿੱਚ ਕੈਨੇਡਾ ਪਹੁੰਚ ਗਿਆ।
Leave a Reply