ਕਾਰੋਬਾਰ ਸੁਧਾਰਨ ਦੀ ਕਵਾਇਦ: ਸਟਾਰਬਕਸ ਵੱਲੋਂ ਘੱਟ ਕਾਰਗੁਜ਼ਾਰੀ ਵਾਲੇ 250 ਸਟੋਰ ਬੰਦ ਕਰਨ ਦਾ ਐਲਾਨ
- ਵਿਦੇਸ਼
- (Asia/Kolkata)
ਵਿਸ਼ਵ ਪ੍ਰਸਿੱਧ ਕੌਫੀ ਚੇਨ ਸਟਾਰਬਕਸ (Starbucks) ਨੇ ਆਪਣੀ ਵਿਕਰੀ ਵਿੱਚ ਸੁਧਾਰ ਲਿਆਉਣ ਅਤੇ ਕੰਪਨੀ ਦੇ ਕਾਰੋਬਾਰ ਨੂੰ ਮੁੜ ਲੀਹ 'ਤੇ ਲਿਆਉਣ ਲਈ ਉੱਤਰੀ ਅਮਰੀਕਾ ਵਿੱਚ ਘੱਟ ਕਾਰਗੁਜ਼ਾਰੀ ਵਾਲੇ 250 ਕੌਫੀਹਾਊਸ ਬੰਦ ਕਰਨ ਦਾ ਵੱਡਾ ਐਲਾਨ ਕੀਤਾ ਹੈ। ਕੰਪਨੀ ਵੱਲੋਂ ਵੀਰਵਾਰ ਨੂੰ ਜਾਰੀ ਰੈਗੂਲੇਟਰੀ ਫਾਈਲਿੰਗ ਅਨੁਸਾਰ, ਇਸ ਪੁਨਰਗਠਨ ਪ੍ਰਕਿਰਿਆ ਉੱਤੇ ਲਗਭਗ 30 ਕਰੋੜ ਅਮਰੀਕੀ ਡਾਲਰ ਦੀ ਲਾਗਤ ਆਉਣ ਦਾ ਅਨੁਮਾਨ ਹੈ। ਬੰਦ ਕੀਤੇ ਜਾਣ ਵਾਲੇ ਇਹ ਸਟੋਰ ਉੱਤਰੀ ਅਮਰੀਕਾ ਵਿੱਚ ਸਟਾਰਬਕਸ ਦੇ ਕੁੱਲ 18,000 ਦੇ ਲਗਭਗ ਆਊਟਲੇਟਾਂ ਦਾ ਕਰੀਬ ਇੱਕ ਫੀਸਦੀ ਬਣਦੇ ਹਨ। ਕੰਪਨੀ ਦੀ ਯੋਜਨਾ ਹੈ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਸਟੋਰਾਂ ਨੂੰ ਵਿੱਤੀ ਸਾਲ 2026 ਦੇ ਅੰਤ ਤੱਕ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸਟਾਰਬਕਸ ਨੇ ਘੱਟ ਕਮਾਈ ਵਾਲੇ ਕਈ ਸਟੋਰ ਬੰਦ ਕੀਤੇ ਸਨ, ਜਿਨ੍ਹਾਂ ਵਿੱਚ ਸਿਆਟਲ ਦਾ ਚਰਚਿਤ ਰੋਸਟਰੀ ਆਊਟਲੇਟ ਵੀ ਸ਼ਾਮਲ ਸੀ। ਉਸ ਵੇਲੇ ਪੁਨਰਗਠਨ ਦੀ ਕੁੱਲ ਲਾਗਤ ਲਗਭਗ ਇੱਕ ਅਰਬ ਅਮਰੀਕੀ ਡਾਲਰ ਰਹੀ ਸੀ। ਇਸ ਦੇ ਨਾਲ ਹੀ, ਕੰਪਨੀ ਨੇ ਵਿੱਤੀ ਸਾਲ 2026 ਦੌਰਾਨ ਵਿਸ਼ਵ ਭਰ ਵਿੱਚ ਨਵੇਂ ਕੰਪਨੀ-ਆਪਰੇਟਿਡ ਅਤੇ ਲਾਇਸੈਂਸਸ਼ੁਦਾ ਕੌਫੀਹਾਊਸ ਖੋਲ੍ਹਣ ਦੇ ਆਪਣੇ ਟੀਚੇ ਨੂੰ ਵੀ ਘਟਾ ਦਿੱਤਾ ਹੈ। ਪਹਿਲਾਂ ਕੰਪਨੀ ਵੱਲੋਂ 600 ਤੋਂ 650 ਨਵੇਂ ਸਟੋਰ ਖੋਲ੍ਹਣ ਦੀ ਯੋਜਨਾ ਸੀ, ਜਿਸ ਨੂੰ ਹੁਣ ਸੀਮਤ ਕਰਕੇ ਲਗਭਗ 440 ਕਰ ਦਿੱਤਾ ਗਿਆ ਹੈ। ਸਟਾਰਬਕਸ ਦੇ ਸੀਈਓ ਬ੍ਰਾਇਨ ਨਿਕੋਲ ਆਪਣੇ "ਬੈਕ ਟੂ ਸਟਾਰਬਕਸ" (Back to Starbucks) ਮੁਹਿੰਮ ਰਾਹੀਂ ਗਾਹਕਾਂ ਨੂੰ ਮੁੜ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੁਹਿੰਮ ਅਧੀਨ ਅਮਰੀਕਾ ਵਿੱਚ ਆਰਡਰ ਦੇ ਉਡੀਕ ਸਮੇਂ ਨੂੰ ਘੱਟ ਕਰਨ, ਮੈਨਿਊ ਨੂੰ ਸਰਲ ਬਣਾਉਣ ਅਤੇ ਰਸੋਈ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣ 'ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਲਾਗਤਾਂ ਨੂੰ ਕੰਟਰੋਲ ਕਰਨ ਲਈ ਕੰਪਨੀ ਨੇ ਕਈ ਕਾਰਪੋਰੇਟ ਅਹੁਦੇ ਖ਼ਤਮ ਕਰ ਦਿੱਤੇ ਹਨ ਅਤੇ ਕੁਝ ਖੇਤਰੀ ਦਫ਼ਤਰਾਂ ਨੂੰ ਵੀ ਬੰਦ ਕਰ ਦਿੱਤਾ ਹੈ। ਸਟਾਰਬਕਸ ਦੇ ਅੰਕੜਿਆਂ ਅਨੁਸਾਰ, ਜੁਲਾਈ ਤੱਕ ਲਗਾਤਾਰ ਚਾਰ ਤਿਮਾਹੀਆਂ ਵਿੱਚ ਤੁਲਨਾਤਮਕ ਵਿਕਰੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਵੱਖ-ਵੱਖ ਆਮਦਨ ਵਰਗਾਂ ਦੇ ਗਾਹਕਾਂ ਦੀ ਆਮਦ ਵਧੀ ਹੈ। ਹਾਲਾਂਕਿ, ਬਾਜ਼ਾਰ ਮਾਹਿਰਾਂ ਦਾ ਮੰਨਣਾ ਹੈ ਕਿ ਵਿਕਰੀ ਦੇ ਇਸ ਸੁਧਾਰ ਨੂੰ ਵਧੇਰੇ ਮੁਨਾਫ਼ੇ ਅਤੇ ਮਜ਼ਬੂਤ ਮਾਰਜਿਨ ਵਿੱਚ ਬਦਲਣਾ ਕੰਪਨੀ ਲਈ ਅਗਲਾ ਵੱਡਾ ਇਮਤਿਹਾਨ ਹੋਵੇਗਾ।
Leave a Reply