Daily Suraj

ਪੰਜਾਬੀ

ਵਟਸਐਪ ਨੇ ਕਈ ਯੂਜ਼ਰਾਂ ਦੇ ਅਕਾਊਂਟ 24 ਘੰਟਿਆਂ ਲਈ ‘ਅੰਡਰ ਰਿਵਿਊ’ ਰੱਖੇ, ਫੀਚਰ ਹੋਏ ਬਲੌਕ

04 Aug, 2026 09:01 AM

ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ 24 ਘੰਟਿਆਂ ਲਈ ‘ਅੰਡਰ ਰਿਵਿਊ’ (ਸਮੀਖਿਆ ਅਧੀਨ) ਰੱਖਦਿਆਂ ਐਪ ਦੇ ਸਾਰੇ ਫੀਚਰ ਅਸਥਾਈ ਤੌਰ ’ਤੇ ਬਲੌਕ ਕਰ ਦਿੱਤੇ। ਇਸ ਕਾਰਨ ਪ੍ਰਭਾਵਿਤ ਯੂਜ਼ਰਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਪਰੇਸ਼ਾਨੀ ਸਾਂਝੀ ਕੀਤੀ। ਇਹ ਸਮੱਸਿਆ ਮੰਗਲਵਾਰ ਰਾਤ ਕਰੀਬ 8 ਵਜੇ ਸਾਹਮਣੇ ਆਈ। ਯੂਜ਼ਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਪਹਿਲਾਂ ਕੋਈ ਜਾਣਕਾਰੀ ਜਾਂ ਚਿਤਾਵਨੀ ਨਹੀਂ ਦਿੱਤੀ ਗਈ। ਪ੍ਰਭਾਵਿਤ ਯੂਜ਼ਰਾਂ ਦੀ ਫੋਨ ਸਕਰੀਨ ’ਤੇ ਸੁਨੇਹਾ ਦਿਖਾਈ ਦਿੱਤਾ ਕਿ ਉਨ੍ਹਾਂ ਦਾ “ਅਕਾਊਂਟ ਅੰਡਰ ਰਿਵਿਊ ਹੈ।” ਸੁਨੇਹੇ ਵਿੱਚ ਕਿਹਾ ਗਿਆ ਕਿ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਖਾਤਾਧਾਰਕ ਵਟਸਐਪ ਦੀਆਂ ਸੇਵਾ ਸ਼ਰਤਾਂ ਦੀ ਪਾਲਣਾ ਕਰ ਰਿਹਾ ਹੈ ਜਾਂ ਨਹੀਂ। ਇਸ ਲਈ ਡਿਵਾਈਸ ਨਾਲ ਸਬੰਧਤ ਜਾਣਕਾਰੀ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਇਸ ਦਾ ਨਤੀਜਾ 24 ਘੰਟਿਆਂ ਦੇ ਅੰਦਰ ਦਿੱਤਾ ਜਾਵੇਗਾ। ਸੁਨੇਹੇ ਵਿੱਚ ਯੂਜ਼ਰਾਂ ਨੂੰ ਜ਼ਿੰਮੇਵਾਰੀ ਨਾਲ ਵਟਸਐਪ ਦੀ ਵਰਤੋਂ ਕਰਨ ਸਬੰਧੀ ਹਦਾਇਤਾਂ ਅਤੇ ਚੋਰੀ ਹੋਏ ਫੋਨ ਨਾਲ ਜੁੜੇ ਵਿਕਲਪ ਵੀ ਦਿਖਾਏ ਗਏ। ਸੋਸ਼ਲ ਮੀਡੀਆ ’ਤੇ ਯੂਜ਼ਰਾਂ ਨੇ ਜਤਾਈ ਨਾਰਾਜ਼ਗੀ ਇਸ ਘਟਨਾ ਤੋਂ ਬਾਅਦ ਕਈ ਯੂਜ਼ਰਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਇੱਕ ਯੂਜ਼ਰ ਨੇ ਦਾਅਵਾ ਕੀਤਾ ਕਿ ਉਸ ਦਾ ਅਕਾਊਂਟ ਬਿਨਾਂ ਕਿਸੇ ਸੂਚਨਾ ਜਾਂ ਸਪੱਸ਼ਟੀਕਰਨ ਦੇ ਬੰਦ ਕਰ ਦਿੱਤਾ ਗਿਆ। ਉਸ ਨੇ ਕਿਹਾ ਕਿ ਅਪੀਲ ਕਰਨ ਦੇ ਬਾਵਜੂਦ ਉਸ ਨੂੰ ਸਿਰਫ਼ ਇਹੀ ਸੁਨੇਹਾ ਮਿਲ ਰਿਹਾ ਹੈ ਕਿ 24 ਘੰਟਿਆਂ ਵਿੱਚ ਸਮੀਖਿਆ ਪੂਰੀ ਹੋਵੇਗੀ। ਇਸੇ ਤਰ੍ਹਾਂ ਐਕਸ (X) ’ਤੇ ਸਲੋਨੀ ਨਾਮਕ ਯੂਜ਼ਰ ਨੇ ਲਿਖਿਆ ਕਿ ਉਸ ਦਾ ਕੰਮ ਵਟਸਐਪ ’ਤੇ ਨਿਰਭਰ ਹੈ ਅਤੇ ਬਿਨਾਂ ਕਿਸੇ ਚਿਤਾਵਨੀ ਦੇ ਅਕਾਊਂਟ ਸਮੀਖਿਆ ਅਧੀਨ ਜਾਣ ਕਾਰਨ ਉਸ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਟਸਐਪ ਨੇ ਦਿੱਤੀ ਸਫ਼ਾਈ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਐਪ ਦੀ ਦੁਰਵਰਤੋਂ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰਦੀ ਹੈ ਤਾਂ ਜੋ ਹੋਰ ਯੂਜ਼ਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕਈ ਵਾਰ ਗਲਤੀ ਨਾਲ ਵੀ ਅਜਿਹੀ ਸਥਿਤੀ ਬਣ ਜਾਂਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪ੍ਰਭਾਵਿਤ ਯੂਜ਼ਰਾਂ ਨੂੰ ਜਲਦੀ ਤੋਂ ਜਲਦੀ ਐਪ ਦੀਆਂ ਸੇਵਾਵਾਂ ਮੁੜ ਉਪਲਬਧ ਕਰਵਾਉਣ ਲਈ ਤੁਰੰਤ ਕਦਮ ਚੁੱਕੇ ਜਾਂਦੇ ਹਨ।

Posted By: Daily Suraj Bureau

Latest News