Daily Suraj

ਪੰਜਾਬੀ

ਅਮਰੀਕੀ ਮੱਧਚੋਣਾਂ ਦੇ ਨਤੀਜੇ: ਡੈਮੋਕ੍ਰੇਟਸ ਦੀ ਵੱਡੀ ਵਾਪਸੀ, ਓਹੀਓ 'ਚ ਵਿਵੇਕ ਰਾਮਾਸਵਾਮੀ ਦੀ ਹਾਰ

04 Nov, 2026 08:03 AM

ਅਮਰੀਕਾ ਦੀਆਂ ਮੱਧਮੋੜੀ (ਮੀਡ-ਟਰਮ) ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਡੈਮੋਕ੍ਰੇਟਸ ਨੇ ਜਾਰਜੀਆ ਵਿੱਚ ਗਵਰਨਰ ਦੀ ਅਹਿਮ ਸੀਟ 'ਤੇ ਜਿੱਤ ਦਰਜ ਕੀਤੀ ਹੈ ਅਤੇ ਰਿਪਬਲਿਕਨ ਪਾਰਟੀ ਕੋਲੋਂ ਕਈ ਮਹੱਤਵਪੂਰਨ ਸੈਨੇਟ ਸੀਟਾਂ ਖੋਹਣ ਵੱਲ ਤੇਜ਼ੀ ਨਾਲ ਵਧ ਰਹੇ ਹਨ। ਚੋਣਾਂ ਦੇ ਇਹ ਨਤੀਜੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੀ ਪਾਰਟੀ ਲਈ ਇੱਕ ਵੱਡਾ ਸਿਆਸੀ ਝਟਕਾ ਮੰਨੇ ਜਾ ਰਹੇ ਹਨ।ਇਨ੍ਹਾਂ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਪ੍ਰਦਰਸ਼ਨ ਵੀ ਕਾਫੀ ਚਰਚਾ ਵਿੱਚ ਰਿਹਾ ਹੈ। 40 ਸਾਲਾ ਸੁਹਾਸ ਸੁਬਰਾਮਣਿਅਮ ਨੇ ਵਰਜੀਨੀਆ ਤੋਂ ਅਤੇ 39 ਸਾਲਾ ਪੀਆ ਡਾਂਡੀਆ ਨੇ ਫਲੋਰੀਡਾ ਤੋਂ ਅਮਰੀਕੀ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ (ਹੇਠਲੇ ਸਦਨ) ਦੀਆਂ ਸੀਟਾਂ ਜਿੱਤ ਕੇ ਵੱਡੀ ਸਫਲਤਾ ਦਰਜ ਕੀਤੀ ਹੈ। ਇਸੇ ਦੌਰਾਨ 61 ਸਾਲਾ ਅਰੁਣਾ ਮਿਲਰ ਨੂੰ ਮੈਰੀਲੈਂਡ ਦੀ ਲੈਫਟੀਨੈਂਟ ਗਵਰਨਰ ਵਜੋਂ ਦੋਬਾਰਾ ਚੁਣ ਲਿਆ ਗਿਆ ਹੈ। ਵੇਰਵਿਆਂ ਅਨੁਸਾਰ, ਸਾਬਕਾ ਹਾਈ ਸਕੂਲ ਪ੍ਰਿੰਸੀਪਲ ਪੀਆ ਡਾਂਡੀਆ ਨੇ ਫਲੋਰੀਡਾ ਦੇ 22ਵੇਂ ਕਾਂਗਰਸਨਲ ਹਲਕੇ ਤੋਂ ਰਿਪਬਲਿਕਨ ਉਮੀਦਵਾਰ ਕੇਸੀ ਅਸਕਰ ਨੂੰ ਮਾਤ ਦਿੱਤੀ ਹੈ। ਇਸ ਨਾਲ ਉਹ ਅਮਰੀਕੀ ਹਾਊਸ ਵਿੱਚ ਪਹੁੰਚਣ ਵਾਲੀ ਨਵੀਂ ਭਾਰਤੀ-ਅਮਰੀਕੀ ਬਣ ਗਈ ਹੈ। ਦੂਜੇ ਪਾਸੇ, ਸੁਹਾਸ ਸੁਬਰਾਮਣਿਅਮ ਨੇ ਵਰਜੀਨੀਆ ਦੇ 10ਵੇਂ ਕਾਂਗਰਸਨਲ ਹਲਕੇ ਤੋਂ ਆਪਣੀ ਜਿੱਤ ਬਰਕਰਾਰ ਰੱਖਦਿਆਂ ਦੁਬਾਰਾ ਚੋਣ ਜਿੱਤੀ ਹੈ।ਦੂਜੇ ਪਾਸੇ, ਡੋਨਲਡ ਟਰੰਪ ਦੇ ਨਜ਼ਦੀਕੀ ਮੰਨੇ ਜਾਂਦੇ ਭਾਰਤੀ-ਅਮਰੀਕੀ ਉਦਮੀ ਤੇ ਆਗੂ ਵਿਵੇਕ ਰਾਮਾਸਵਾਮੀ ਨੂੰ ਵੱਡਾ ਝਟਕਾ ਲੱਗਿਆ ਹੈ। ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਗ੍ਰਹਿ ਰਾਜ ਓਹੀਓ ਵਿੱਚ ਗਵਰਨਰ ਦੀ ਚੋਣ ਦੌਰਾਨ ਡੈਮੋਕ੍ਰੇਟਿਕ ਉਮੀਦਵਾਰ ਐਮੀ ਐਕਟਨ ਨੇ ਉਨ੍ਹਾਂ ਨੂੰ ਹਰਾ ਦਿੱਤਾ ਹੈ। ਦੋਵਾਂ ਨੇਤਾਵਾਂ ਵਿਚਾਲੇ ਕਾਫੀ ਤਿੱਖੀ ਚੋਣ ਮੁਹਿੰਮ ਦੇਖਣ ਨੂੰ ਮਿਲੀ ਸੀ, ਜਿਸ ਨਾਲ ਰਿਪਬਲਿਕਨ ਪਾਰਟੀ ਦੇ ਅੰਦਰੂਨੀ ਮਤਭੇਦ ਵੀ ਸਾਹਮਣੇ ਆਏ ਸਨ।ਇਸ ਤੋਂ ਇਲਾਵਾ, ਕੇਰਲ 'ਚ ਜਨਮੀ ਡੈਮੋਕ੍ਰੇਟ ਆਗੂ ਨਿਥਿਆ ਰਾਮਨ ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਲਾਸ ਏਂਜਲਸ ਦੇ ਮੇਅਰ ਦੀ ਪੋਸਟ ਲਈ ਆਪਣੀ ਸਾਬਕਾ ਬੌਸ ਕੈਰਨ ਬਾਸ ਨਾਲ ਬਹੁਤ ਹੀ ਫਸਵੇਂ ਮੁਕਾਬਲੇ ਵਿੱਚ ਡਟੀ ਹੋਈ ਹੈ। ਹੋਰ ਭਾਰਤੀ-ਅਮਰੀਕੀ ਨੇਤਾਵਾਂ ਵਿੱਚ ਰੋ ਖੰਨਾ, ਅਮੀ ਬੇਰਾ ਅਤੇ ਪ੍ਰਮਿਲਾ ਜੈਪਾਲ ਅਮਰੀਕੀ ਹਾਊਸ ਆਫ ਰਿਪ੍ਰੈਜ਼ੈਂਟੇਟਿਵਜ਼ ਲਈ ਦੁਬਾਰਾ ਚੋਣ ਮੈਦਾਨ ਵਿੱਚ ਹਨ, ਜਦਕਿ ਡੈਮੋਕ੍ਰੇਟ ਅਮੀਸ਼ ਸ਼ਾਹ ਪਹਿਲੀ ਵਾਰ ਕਾਂਗਰਸ 'ਚ ਦਾਖਲ ਹੋਣ ਲਈ ਸਖ਼ਤ ਟੱਕਰ ਦੇ ਰਹੇ ਹਨ।

Latest News