Daily Suraj

ਪੰਜਾਬੀ

ਕੈਨੇਡਾ ਸਰਕਾਰ ਦੀ ਨਾਗਰਿਕਾਂ ਨੂੰ ਅਪੀਲ: ਐਮਰਜੈਂਸੀ ਹਾਲਾਤ ਲਈ ਘਰਾਂ 'ਚ ਰੱਖੋ 72 ਘੰਟਿਆਂ ਦਾ ਖਾਣ-ਪੀਣ ਤੇ ਪਾਣੀ

04 Nov, 2026 10:32 AM

ਕੈਨੇਡਾ ਸਰਕਾਰ ਨੇ ਦੇਸ਼ ਦੇ ਨਾਗਰਿਕਾਂ ਨੂੰ ਕਿਸੇ ਵੀ ਸੰਭਾਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਘੱਟੋ-ਘੱਟ 72 ਘੰਟਿਆਂ ਦਾ ਰਾਸ਼ਨ ਅਤੇ ਪਾਣੀ ਘਰਾਂ ਵਿੱਚ ਤਿਆਰ ਰੱਖਣ ਦੀ ਆਪਣੀ ਪੁਰਾਣੀ ਐਡਵਾਇਜ਼ਰੀ ਮੁੜ ਦੁਹਰਾਈ ਹੈ। ਫੈਡਰਲ ਸਰਕਾਰ ਅਨੁਸਾਰ ਲੋਕਾਂ ਨੂੰ ਅਜਿਹੀ ਤਿਆਰੀ ਰੱਖਣੀ ਚਾਹੀਦੀ ਹੈ ਤਾਂ ਜੋ ਬਿਜਲੀ, ਪਾਣੀ ਜਾਂ ਹੋਰ ਬੁਨਿਆਦੀ ਸੇਵਾਵਾਂ ਬੰਦ ਹੋਣ ਦੀ ਸੂਰਤ ਵਿੱਚ ਉਹ ਘੱਟੋ-ਘੱਟ ਤਿੰਨ ਦਿਨਾਂ ਤੱਕ ਆਪਣੇ ਪਰਿਵਾਰ ਦੀ ਦੇਖਭਾਲ ਆਪ ਕਰ ਸਕਣ। ਫੈਡਰਲ ਵਿਭਾਗ 'ਪਬਲਿਕ ਸੇਫਟੀ ਕੈਨੇਡਾ' ਦੀ ਬੁਲਾਰਨ ਜ਼ਾਰਾਹ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਨੇਡੀਅਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਇਹ ਸਲਾਹ ਦਿੱਤੀ ਜਾ ਰਹੀ ਹੈ। ਇਸ ਅਧੀਨ ਪੀਣ ਵਾਲਾ ਸਾਫ਼ ਪਾਣੀ, ਲੰਬੇ ਸਮੇਂ ਤੱਕ ਖ਼ਰਾਬ ਨਾ ਹੋਣ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਜ਼ਰੂਰੀ ਸਮਾਨ ਘਰ ਵਿੱਚ ਸਟੋਰ ਕਰਨ ਲਈ ਆਖਿਆ ਗਿਆ ਹੈ। ਅਧਿਕਾਰੀਆਂ ਮੁਤਾਬਕ 72 ਘੰਟਿਆਂ ਦੀ ਤਿਆਰੀ ਇੱਕ ਘੱਟੋ-ਘੱਟ ਸਿਫ਼ਾਰਸ਼ ਹੈ, ਕਿਉਂਕਿ ਕੁਝ ਖੇਤਰਾਂ ਵਿੱਚ ਬੁਨਿਆਦੀ ਸੇਵਾਵਾਂ ਬਹਾਲ ਹੋਣ ਅਤੇ ਰਾਹਤ ਟੀਮਾਂ ਦੇ ਪਹੁੰਚਣ ਵਿੱਚ ਇਸ ਤੋਂ ਵੱਧ ਸਮਾਂ ਵੀ ਲੱਗ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸਲਾਹ ਅਜਿਹੇ ਸਮੇਂ ਆਈ ਹੈ ਜਦੋਂ ਬ੍ਰਿਟੇਨ, ਫਰਾਂਸ, ਜਾਪਾਨ ਅਤੇ ਯੂਰਪੀਅਨ ਕਮਿਸ਼ਨ ਵਰਗੀਆਂ ਗਲੋਬਲ ਸ਼ਕਤੀਆਂ ਨੇ ਵੀ ਆਪਣੇ ਨਾਗਰਿਕਾਂ ਨੂੰ ਐਮਰਜੈਂਸੀ ਲਈ ਤਿਆਰ ਰਹਿਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਬ੍ਰਿਟੇਨ ਵਿੱਚ 'ਬੀ ਰੈਡੀ' ਮੁਹਿੰਮ ਤਹਿਤ ਸਾਈਬਰ ਹਮਲਿਆਂ ਅਤੇ ਖ਼ਰਾਬ ਮੌਸਮ ਕਾਰਨ ਸੇਵਾਵਾਂ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਫਰਾਂਸ ਦੇ ਨੌਰਮੈਂਡੀ ਖੇਤਰ ਨੇ ਵੀ ਲੋਕਾਂ ਨੂੰ 72 ਘੰਟਿਆਂ ਦੀਆਂ ਲੋੜੀਂਦੀਆਂ ਵਸਤਾਂ ਵਾਲਾ 'ਐਮਰਜੈਂਸੀ ਬੈਗ' ਤਿਆਰ ਰੱਖਣ ਦੀ ਹਦਾਇਤ ਦਿੱਤੀ ਹੈ, ਜਦਕਿ ਜਾਪਾਨ ਨੇ ਭੂਚਾਲਾਂ ਵਰਗੀਆਂ ਆਫ਼ਤਾਂ ਲਈ ਨਵੀਂ ਕੌਮੀ ਏਜੰਸੀ ਸ਼ੁਰੂ ਕਰਕੇ ਤਿੰਨ ਦਿਨਾਂ ਦੇ ਪ੍ਰਬੰਧਾਂ ਦਾ ਸੁਝਾਅ ਦਿੱਤਾ ਹੈ। ਹਾਲਾਂਕਿ, ਵੱਖ-ਵੱਖ ਦੇਸ਼ਾਂ ਵੱਲੋਂ ਜਾਰੀ ਇਨ੍ਹਾਂ ਐਡਵਾਇਜ਼ਰੀਆਂ ਵਿੱਚ ਕਿਸੇ ਸਾਂਝੀ ਯੋਜਨਾ ਜਾਂ ਤੁਰੰਤ ਆਉਣ ਵਾਲੀ ਕਿਸੇ ਖ਼ਾਸ ਘਟਨਾ ਦਾ ਸੰਕੇਤ ਨਹੀਂ ਮਿਲਿਆ ਹੈ। ਦੂਜੇ ਪਾਸੇ, 'ਡਿਜ਼ਾਸਟਰ ਰਿਕਵਰੀ ਇੰਸਟੀਚਿਊਟ ਆਫ਼ ਕੈਨੇਡਾ' ਦੀ ਮਾਹਿਰ ਸੁਜ਼ੈਨ ਬਰਨੀਏ ਦਾ ਮੰਨਣਾ ਹੈ ਕਿ ਬਦਲਦੇ ਹਾਲਾਤਾਂ ਵਿੱਚ 72 ਘੰਟੇ ਵੀ ਘੱਟ ਹਨ। ਜੰਗਲਾਂ ਦੀ ਅੱਗ, ਹੜ੍ਹਾਂ, ਕੁਦਰਤੀ ਆਫ਼ਤਾਂ ਅਤੇ ਸਾਈਬਰ ਹਮਲਿਆਂ ਦੇ ਵੱਧਦੇ ਖ਼ਤਰਿਆਂ ਨੂੰ ਦੇਖਦਿਆਂ ਉਨ੍ਹਾਂ ਕੈਨੇਡੀਅਨਾਂ ਨੂੰ ਘੱਟੋ-ਘੱਟ ਸੱਤ ਦਿਨਾਂ (ਇੱਕ ਹਫ਼ਤੇ) ਲਈ ਖਾਣ-ਪੀਣ ਤੇ ਜ਼ਰੂਰੀ ਵਸਤਾਂ ਦਾ ਪ੍ਰਬੰਧ ਕਰਨ ਅਤੇ ਇੱਕ ਐਮਰਜੈਂਸੀ ਬੈਗ ਤਿਆਰ ਰੱਖਣ ਦੀ ਸਲਾਹ ਦਿੱਤੀ ਹੈ। ਇਸੇ ਤਰ੍ਹਾਂ 'ਐਮਰਜੈਂਸੀ ਮੈਨੇਜਮੈਂਟ ਲੌਜਿਸਟਿਕਸ ਕੈਨੇਡਾ' ਦੇ ਸਹਿ-ਸੰਸਥਾਪਕ ਸਕੌਟ ਕੈਮਰੌਨ ਨੇ ਵੀ ਨਿੱਜੀ ਨਾਲ-ਨਾਲ ਭਾਈਚਾਰਕ ਪੱਧਰ 'ਤੇ ਖਾਣ-ਪੀਣ ਦੀ ਸਪਲਾਈ ਅਤੇ ਉਪਲਬਧ ਸਰੋਤਾਂ ਦੀ ਜਾਣਕਾਰੀ ਰੱਖਣ ਦੀ ਅਪੀਲ ਕੀਤੀ ਹੈ।

Latest News