Daily Suraj

ਪੰਜਾਬੀ

ਸਕਾਟਲੈਂਡ: ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੰਦੇਸ਼, 'ਵਿਦੇਸ਼ਾਂ ’ਚ ਵਸਦੇ ਸਿੱਖ ਆਪਣੇ ਬੱਚਿਆਂ ਨੂੰ ਗੁਰਮੁਖੀ ਸਿਖਾ ਕੇ ਆਪਣੀਆਂ ਜੜ੍ਹਾਂ ਨਾਲ ਜੋੜਨ'

04 Nov, 2026 09:39 AM

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵਿਦੇਸ਼ਾਂ ਵਿੱਚ ਵਸਦੀ ਸਿੱਖ ਸੰਗਤ ਨੂੰ ਇੱਕ ਵਿਸ਼ੇਸ਼ ਅਪੀਲ ਕਰਦਿਆਂ ਆਖਿਆ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖੀ ਦੀਆਂ ਮੂਲ ਜੜ੍ਹਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਗੁਰਮੁਖੀ ਭਾਸ਼ਾ ਦੀ ਸਿੱਖਿਆ ਜ਼ਰੂਰ ਦਵਾਉਣ। ਜਥੇਦਾਰ ਗੜਗੱਜ ਨੇ ਸਕਾਟਲੈਂਡ ਦੇ ਐਡਿਨਬਰਗ ਸ਼ਹਿਰ ਸਥਿਤ ਗੁਰੂ ਨਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ ਇੱਕ ਵਿਸ਼ੇਸ਼ ਸਮਾਗਮ ਵਿੱਚ ਸ਼ਮੂਲੀਅਤ ਕੀਤੀ, ਜਿੱਥੇ ਉਨ੍ਹਾਂ ਨੇ ਸੰਗਤ ਨਾਲ ਗੁਰਮਤਿ ਅਤੇ ਸਿੱਖ ਇਤਿਹਾਸ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰਾਂ ਸਾਂਝੀਆਂ ਕਰਦਿਆਂ ਸਿੱਖੀ ਸਿਧਾਂਤਾਂ ਅਨੁਸਾਰ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੱਤੀ। ਇਸ ਵਿਸ਼ੇਸ਼ ਸਮਾਗਮ ਤੋਂ ਪਹਿਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਕਾਟਲੈਂਡ ਦੇ ਪ੍ਰਮੁੱਖ ਸਿੱਖ ਨੁਮਾਇੰਦਿਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਨਾਲ ਇੱਕ ਅਹਿਮ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਸਥਾਨਕ ਭਾਈਚਾਰੇ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ, ਚਿੰਤਾਵਾਂ ਅਤੇ ਧਰਮ ਪ੍ਰਚਾਰ-ਪ੍ਰਸਾਰ ਦੇ ਕਾਰਜਾਂ ਲਈ ਲੋੜੀਂਦੇ ਸਾਧਨਾਂ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ। ਉਨ੍ਹਾਂ ਇਸ ਗੱਲ ’ਤੇ ਖ਼ੁਸ਼ੀ ਜ਼ਾਹਰ ਕੀਤੀ ਕਿ ਲੰਮੇ ਸਮੇਂ ਤੋਂ ਸਕਾਟਲੈਂਡ ਵਿੱਚ ਵਸ ਰਹੇ ਸਿੱਖ ਪਰਿਵਾਰ ਸੱਚੀ-ਸੁੱਚੀ ਕਿਰਤ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨਾਲ ਦ੍ਰਿੜ੍ਹਤਾ ਨਾਲ ਜੁੜੇ ਹੋਏ ਹਨ। ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਜ਼ੋਰ ਦਿੱਤਾ ਕਿ ਨਵੀਂ ਪੀੜ੍ਹੀ ਨੂੰ ਗੁਰੂ ਘਰ ਨਾਲ ਜੋੜਨਾ ਅਤਿ ਜ਼ਰੂਰੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਬੱਚੇ ਸਿੱਖੀ ਸੱਭਿਆਚਾਰ, ਰਵਾਇਤਾਂ ਅਤੇ ਸਿਧਾਂਤਾਂ ਦੇ ਧਾਰਨੀ ਬਣ ਕੇ 'ਸਰਬੱਤ ਦੇ ਭਲੇ' ਦੇ ਕਾਰਜਾਂ ਵਿੱਚ ਯੋਗਦਾਨ ਪਾ ਸਕਣ। ਉਨ੍ਹਾਂ ਐਡਿਨਬਰਗ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਆਖਿਆ ਕਿ ਗੁਰੂ ਘਰ ਅੰਦਰ ਬੱਚਿਆਂ ਨੂੰ ਗੁਰਮੁਖੀ ਪੰਜਾਬੀ ਸਿਖਾਉਣ ਲਈ ਵਿਸ਼ੇਸ਼ ਪ੍ਰਬੰਧ ਅਤੇ ਕਲਾਸਾਂ ਦਾ ਆਯੋਜਨ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪ੍ਰਵਾਸੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨਾਲ ਆਪਣਾ ਜੁੜਾਅ ਬਣਾ ਕੇ ਰੱਖਣ ਅਤੇ ਸਮੇਂ-ਸਮੇਂ 'ਤੇ ਆਪਣੇ ਪਿੰਡਾਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਦਰਬਾਰ ਸਾਹਿਬ) ਦੇ ਦਰਸ਼ਨ ਇਸ਼ਨਾਨ ਲਈ ਜ਼ਰੂਰ ਆਉਂਦੇ ਰਹਿਣ। ਐਡਿਨਬਰਗ ਦੀਆਂ ਇਤਿਹਾਸਕ ਇਮਾਰਤਾਂ ਦਾ ਹਵਾਲਾ ਦਿੰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਜਿਸ ਤਰ੍ਹਾਂ ਇੱਥੋਂ ਦੇ ਲੋਕਾਂ ਨੇ ਆਪਣੀ ਹਜ਼ਾਰਾਂ ਸਾਲ ਪੁਰਾਣੀ ਵਿਰਾਸਤ ਨੂੰ ਅਸਲ ਰੂਪ ਵਿੱਚ ਸੰਭਾਲ ਕੇ ਰੱਖਿਆ ਹੈ, ਉਸੇ ਤਰ੍ਹਾਂ ਸਿੱਖ ਕੌਮ ਨੂੰ ਵੀ ਆਪਣੀ ਅਮੀਰ ਵਿਰਾਸਤ ਨੂੰ ਹਰ ਹੀਲੇ ਸੰਭਾਲਣਾ ਚਾਹੀਦਾ ਹੈ, ਕਿਉਂਕਿ ਵਿਰਾਸਤ ਹੀ ਕਿਸੇ ਵੀ ਕੌਮ ਦੀ ਬੁਨਿਆਦ ਹੁੰਦੀ ਹੈ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਪਰਿਵਾਰ ਆਪਣੇ ਬੱਚਿਆਂ ਸਮੇਤ ਸ਼ਾਮਲ ਹੋਏ। ਇਸ ਮੌਕੇ ਗੁਰੂ ਨਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਰਮਵੀਰ ਸਿੰਘ ਖ਼ਾਲਸਾ, ਮੀਤ ਪ੍ਰਧਾਨ ਲਖਵਿੰਦਰ ਸਿੰਘ, ਜਨਰਲ ਸਕੱਤਰ ਵੇਗੇ ਸਿੰਘ, ਸਟੇਜ ਸਕੱਤਰ ਗੁਲਾਬ ਸਿੰਘ ਗੋਲਡ, ਸੁਖਦੀਪ ਸਿੰਘ ਰੰਧਾਵਾ, ਸੂਰਜ ਸਿੰਘ ਗੋਲਡ, ਅਜੀਤਕਮਲ ਸਿੰਘ ਰੰਧਾਵਾ, ਅਮਨਦੀਪ ਸਿੰਘ, ਗੁਰਵਿੰਦਰ ਸਿੰਘ ਅਤੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Latest News