ਡਿਫੈਂਸਿਵ ਡਰਾਈਵਿੰਗ 'ਤੇ ਜ਼ੋਰ, ਟਰਾਂਸਪੋਰਟ ਵਿਭਾਗ ਨੇ ਕਰਵਾਇਆ ਵਿਸ਼ੇਸ਼ ਸਿਖਲਾਈ ਕੈਂਪ
ਸਟੇਟ ਟ੍ਰਾਂਸਪੋਰਟ ਕਮਿਸ਼ਨਰ (ਐਸ.ਟੀ.ਸੀ.), ਪੰਜਾਬ ਦੇ ਦਫ਼ਤਰ ਵੱਲੋਂ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਹੋਰ ਵੀ.ਵੀ.ਆਈ.ਪੀ. ਸ਼ਖਸੀਅਤਾਂ ਨਾਲ ਤਾਇਨਾਤ ਟਰਾਂਸਪੋਰਟ ਵਿਭਾਗ ਦੇ ਲਗਭਗ 200 ਡਰਾਈਵਰਾਂ ਲਈ ਵਿਸ਼ੇਸ਼ ਵਿਗਿਆਨਕ ਡਰਾਈਵਿੰਗ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ। ਸੈਕਟਰ-17 ਸਥਿਤ ਮੁੱਖ ਦਫ਼ਤਰ ਵਿਖੇ ਕਰਵਾਏ ਗਏ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਰਵਾਇਤੀ ਡਰਾਈਵਿੰਗ ਤਰੀਕਿਆਂ ਨੂੰ ਵਿਗਿਆਨਕ ਸੋਚ ਅਤੇ ਬਚਾਅ ਪੱਖੀ ਸੜਕ ਸੁਰੱਖਿਆ ਹੁਨਰਾਂ ਨਾਲ ਜੋੜਨਾ ਸੀ। "ਹੁਨਰ-ਆਧਾਰਿਤ ਡਰਾਈਵਿੰਗ ਤੋਂ ਵਿਗਿਆਨਕ ਗਿਆਨ ਤੱਕ ਅਤੇ ਆਤਮ-ਵਿਸ਼ਵਾਸ ਤੋਂ ਚੌਕਸੀ ਤੇ ਕੁਸ਼ਲਤਾ ਤੱਕ" ਵਿਸ਼ੇ 'ਤੇ ਆਧਾਰਿਤ ਇਸ ਪ੍ਰੋਗਰਾਮ ਰਾਹੀਂ ਡਰਾਈਵਰਾਂ ਨੂੰ ਉੱਚ ਦਬਾਅ ਅਤੇ ਐਮਰਜੈਂਸੀ ਸਥਿਤੀਆਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਲਈ ਤਿਆਰ ਕੀਤਾ ਗਿਆ। ਸਿਖਲਾਈ ਦੌਰਾਨ ਡਿਫੈਂਸਿਵ ਡਰਾਈਵਿੰਗ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ। ਡਰਾਈਵਰਾਂ ਨੂੰ ਪਹਿਲਾਂ ਤੋਂ ਜੋਖਮ ਦੀ ਪਛਾਣ ਕਰਨ, ਸੜਕੀ ਖ਼ਤਰਿਆਂ ਦਾ ਤੁਰੰਤ ਅਨੁਮਾਨ ਲਗਾਉਣ ਅਤੇ ਐਮਰਜੈਂਸੀ ਹਾਲਾਤਾਂ ਵਿੱਚ ਫੌਰੀ ਕਾਰਵਾਈ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਮਨੁੱਖੀ ਗਲਤੀਆਂ ਕਾਰਨ ਵਾਪਰਨ ਵਾਲੇ ਹਾਦਸਿਆਂ ਨੂੰ ਘਟਾਉਣ ਲਈ ਮਨੋਵਿਗਿਆਨ ਅਤੇ ਵਿਵਹਾਰਕ ਤਬਦੀਲੀਆਂ ਬਾਰੇ ਵੀ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਗਏ। ਇਸ ਮੌਕੇ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਇਹ ਸਿਖਲਾਈ ਡਰਾਈਵਰਾਂ ਨੂੰ ਸਿਰਫ਼ ਤਕਨੀਕੀ ਤੌਰ 'ਤੇ ਹੀ ਨਹੀਂ, ਸਗੋਂ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਬਣਾਉਣ ਵੱਲ ਇੱਕ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਿਖਲਾਈ ਨਾਲ ਡਰਾਈਵਰ ਅਚਾਨਕ ਪੈਦਾ ਹੋਣ ਵਾਲੀਆਂ ਸਥਿਤੀਆਂ ਦਾ ਵਧੇਰੇ ਸੂਝ-ਬੂਝ ਅਤੇ ਸਮਰੱਥਾ ਨਾਲ ਸਾਹਮਣਾ ਕਰ ਸਕਣਗੇ। ਇਹ ਸਿਖਲਾਈ ਪ੍ਰੋਗਰਾਮ ਟਰਾਂਸਪੋਰਟ ਵਿਭਾਗ ਦੇ ਸਕੱਤਰ ਵਰੁਣ ਰੂਜਮ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਦਾ ਪ੍ਰਬੰਧ ਆਰ.ਟੀ.ਏ. ਸਕੱਤਰ ਰਨਪ੍ਰੀਤ ਸਿੰਘ ਵੱਲੋਂ ਕੀਤਾ ਗਿਆ, ਜਦਕਿ 'ਜ਼ੀਰੋ ਐਕਸੀਡੈਂਟ' ਐਨ.ਜੀ.ਓ. ਦੇ ਕੌਮੀ ਪੁਰਸਕਾਰ ਜੇਤੂ ਹਰਪ੍ਰੀਤ ਸਿੰਘ ਨੇ ਮਾਹਿਰ ਵਜੋਂ ਵੱਖ-ਵੱਖ ਵਿਸ਼ਿਆਂ 'ਤੇ ਸਿਖਲਾਈ ਸੈਸ਼ਨ ਲਏ।
Posted By: Daily Suraj Bureau