ਲੋਧੀ ਐਸਟੇਟ ਬੰਗਲੇ ਨੂੰ ਲੈ ਕੇ ਸਿਆਸੀ ਤਕਰਾਰ ਤੇਜ਼, ਵਰਮਾ ਦੇ ਗੰਭੀਰ ਦੋਸ਼

ਲੋਧੀ ਐਸਟੇਟ ਬੰਗਲੇ ਨੂੰ ਲੈ ਕੇ ਸਿਆਸੀ ਤਕਰਾਰ ਤੇਜ਼, ਵਰਮਾ ਦੇ ਗੰਭੀਰ ਦੋਸ਼

ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲੋਧੀ ਐਸਟੇਟ ਵਿੱਚ ਅਲਾਟ ਕੀਤੇ ਗਏ ਨਵੇਂ ਬੰਗਲੇ ਦੇ ਮਾਮਲੇ ‘ਤੇ ਘੇਰਿਆ। ਭਾਜਪਾ ਨੇ ਇਸ ਬੰਗਲੇ ਨੂੰ “ਸ਼ੀਸ਼ ਮਹਲ 2” ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਸ ਵਿੱਚ ਉੱਚ ਪੱਧਰੀ ਸੁਵਿਧਾਵਾਂ ਬਣਾਉਣ ਲਈ ਨਿੱਜੀ ਪੈਸਾ ਖਰਚ ਕੀਤਾ ਗਿਆ ਹੈ। ਭਾਜਪਾ ਦੇ ਮੁੱਖ ਦਫਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦਿੱਲੀ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਕਿਹਾ ਕਿ ਕੇਜਰੀਵਾਲ ਨੂੰ ਆਲੀਸ਼ਾਨ ਜੀਵਨ ਜੀਊਣ ਦੀ ਆਦਤ ਪੈ ਚੁੱਕੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਦੇ ਵੋਟਰਾਂ ਵੱਲੋਂ “ਸ਼ੀਸ਼ ਮਹਲ” ਤੋਂ ਬਾਹਰ ਕੱਢੇ ਜਾਣ ਤੋਂ ਬਾਅਦ ਕੇਜਰੀਵਾਲ ਪੰਜਾਬ ਗਏ ਅਤੇ ਹੁਣ ਉਨ੍ਹਾਂ ਨੇ ਲੋਧੀ ਐਸਟੇਟ ਵਿੱਚ ਇੱਕ ਨਵਾਂ ਸ਼ਾਨਦਾਰ ਬੰਗਲਾ ਤਿਆਰ ਕਰ ਲਿਆ ਹੈ। ਵਰਮਾ ਨੇ ਕੇਂਦਰ ਵੱਲੋਂ ਕੌਮੀ ਪਾਰਟੀ ਦੇ ਮੁਖੀ ਵਜੋਂ ਅਲਾਟ ਕੀਤੇ ਟਾਈਪ VII ਬੰਗਲੇ ਦੀਆਂ ਤਸਵੀਰਾਂ ਵੀ ਦਿਖਾਈਆਂ ਅਤੇ ਕਿਹਾ ਕਿ ਕੇਂਦਰੀ ਲੋਕ ਨਿਰਮਾਣ ਵਿਭਾਗ (CPWD) ਆਮ ਤੌਰ ‘ਤੇ ਇੰਨਾ ਖਰਚ ਨਹੀਂ ਕਰਦਾ। ਉਨ੍ਹਾਂ ਦਾ ਦਾਅਵਾ ਸੀ ਕਿ ਇਸ ਬੰਗਲੇ ਵਿੱਚ ਉੱਚ ਪੱਧਰੀ ਸੁਵਿਧਾਵਾਂ ਲਈ ਨਿੱਜੀ ਪੈਸਾ ਵਰਤਿਆ ਗਿਆ ਹੈ। ਉਨ੍ਹਾਂ ਨੇ ‘ਆਪ’ ਅਤੇ ਕੇਜਰੀਵਾਲ ਤੋਂ ਇਹ ਵੀ ਪੁੱਛਿਆ ਕਿ ਬੰਗਲੇ ‘ਤੇ ਕਿੰਨਾ ਖਰਚ ਹੋਇਆ ਅਤੇ ਇਸ ਦਾ ਸਰੋਤ ਕੀ ਸੀ। ਭਾਜਪਾ ਨੇ ਇਸ ਤੋਂ ਪਹਿਲਾਂ ਵੀ ਸਿਵਲ ਲਾਈਨਜ਼ ਦੇ ਫਲੈਗਸਟਾਫ ਰੋਡ ਸਥਿਤ ਬੰਗਲੇ ਨੂੰ “ਸ਼ੀਸ਼ ਮਹਲ” ਕਿਹਾ ਸੀ, ਜਿੱਥੇ ਕੇਜਰੀਵਾਲ ਸਤੰਬਰ 2024 ਤੱਕ ਮੁੱਖ ਮੰਤਰੀ ਵਜੋਂ ਰਹੇ ਸਨ। ਉਸ ਬੰਗਲੇ ਦੇ ਪੁਨਰਨਿਰਮਾਣ ਅਤੇ ਮਹਿੰਗੇ ਫਰਨੀਚਰ ‘ਤੇ ਖਰਚ ਨੂੰ ਲੈ ਕੇ ਵੀ ਵਿੱਤੀ ਬੇਨਿਯਮੀਆਂ ਦੇ ਦੋਸ਼ ਲੱਗੇ ਸਨ। ਵਰਮਾ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਦੀ ਨਵੀਂ ਰਿਹਾਇਸ਼, ਜੋ 95 ਲੋਧੀ ਐਸਟੇਟ ‘ਤੇ ਸਥਿਤ ਹੈ, ਵਿੱਚ ਪੰਜ ਬੈੱਡਰੂਮ ਅਤੇ ਚਾਰ ਡਰਾਇੰਗ ਰੂਮ ਹਨ ਅਤੇ ਇਸ ਵਿੱਚ ਲੁਟੀਅਨਜ਼ ਦਿੱਲੀ ਦੇ ਹੋਰ ਬੰਗਲਿਆਂ ਨਾਲੋਂ ਵਧੀਆ ਸੁਵਿਧਾਵਾਂ ਹਨ। ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਭਾਜਪਾ ਦੇ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘X’ ‘ਤੇ ਕਿਹਾ ਕਿ ਕੇਜਰੀਵਾਲ ਦੇ ਘਰ ਦੀਆਂ ਜਾਰੀ ਕੀਤੀਆਂ ਤਸਵੀਰਾਂ ਪੂਰੀ ਤਰ੍ਹਾਂ ਫਰਜ਼ੀ ਹਨ। ਸੰਜੇ ਸਿੰਘ ਨੇ ਭਾਜਪਾ ਆਗੂ ਪਰਵੇਸ਼ ਵਰਮਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਗਲਤ ਤਸਵੀਰਾਂ ਜਾਰੀ ਕਰਨ ਵਾਲਿਆਂ ਅਤੇ ਉਨ੍ਹਾਂ ਨੂੰ ਦਿਖਾਉਣ ਵਾਲੇ ਟੀਵੀ ਚੈਨਲਾਂ ਨੂੰ ਮਾਣਹਾਨੀ ਦੇ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਭਾਜਪਾ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਘਰ ਜਨਤਾ ਲਈ ਖੋਲ੍ਹਣ। ਸੰਜੇ ਸਿੰਘ ਨੇ ਇਹ ਵੀ ਕਿਹਾ ਕਿ ਕੇਜਰੀਵਾਲ ਵੀ ਆਪਣਾ ਘਰ ਜਨਤਾ ਲਈ ਖੋਲ੍ਹਣ ਲਈ ਤਿਆਰ ਹਨ, ਤਾਂ ਜੋ ਲੋਕ ਖੁਦ ਫੈਸਲਾ ਕਰ ਸਕਣ ਕਿ ਕਿਸਦਾ ਘਰ ਕਿੰਨਾ ਆਲੀਸ਼ਾਨ ਹੈ।