‘ਆਪ’ ਸੰਸਦ ਮੈਂਬਰਾਂ ਦੇ ਪਾਲਾ ਬਦਲਣ ‘ਤੇ ਕਾਂਗਰਸ ਦਾ ਤਨਜ਼, ਭਾਜਪਾ ‘ਤੇ ਨਿਸ਼ਾਨਾ

‘ਆਪ’ ਸੰਸਦ ਮੈਂਬਰਾਂ ਦੇ ਪਾਲਾ ਬਦਲਣ ‘ਤੇ ਕਾਂਗਰਸ ਦਾ ਤਨਜ਼, ਭਾਜਪਾ ‘ਤੇ ਨਿਸ਼ਾਨਾ

ਆਮ ਆਦਮੀ ਪਾਰਟੀ (ਆਪ) ਦੇ ਸੱਤ ਸੰਸਦ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਜਨੀਤਿਕ ਮਾਹੌਲ ਗਰਮਾ ਗਿਆ ਹੈ। ਇਸ ਮਾਮਲੇ ‘ਤੇ ਕਾਂਗਰਸ ਨੇ ਸ਼ਨਿੱਚਰਵਾਰ ਨੂੰ ਭਾਜਪਾ ‘ਤੇ ਤੀਖਾ ਤਨਜ਼ ਕਰਦਿਆਂ ਕਿਹਾ ਕਿ ਉਸ ਦੀ “ਵਾਸ਼ਿੰਗ ਮਸ਼ੀਨ” ਹੁਣ “ਮੋਦੀ ਵਾਸ਼ਿੰਗ ਪਾਊਡਰ” ਦੇ ਨਾਲ ਮੁੜ ਸਰਗਰਮ ਹੋ ਗਈ ਹੈ। ਕਾਂਗਰਸ ਲੰਮੇ ਸਮੇਂ ਤੋਂ ਇਹ ਦੋਸ਼ ਲਗਾਉਂਦੀ ਆ ਰਹੀ ਹੈ ਕਿ ਭਾਜਪਾ ਵੱਖ-ਵੱਖ ਪਾਰਟੀਆਂ ਦੇ ਉਹਨਾਂ ਆਗੂਆਂ ਨੂੰ ਆਪਣੇ ਨਾਲ ਜੋੜਦੀ ਹੈ ਜੋ ਕਾਨੂੰਨੀ ਮਾਮਲਿਆਂ ਦਾ ਸਾਹਮਣਾ ਕਰ ਰਹੇ ਹੁੰਦੇ ਹਨ ਅਤੇ ਫਿਰ ਉਨ੍ਹਾਂ ਵਿਰੁੱਧ ਕਾਰਵਾਈ ਨੂੰ ਮੱਠਾ ਕਰ ਦਿੱਤਾ ਜਾਂਦਾ ਹੈ। ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਕਿ ਭਾਜਪਾ ਦੀ ਵਾਸ਼ਿੰਗ ਮਸ਼ੀਨ ਹੁਣ “ਮੋਦੀ ਵਾਸ਼ਿੰਗ ਪਾਊਡਰ” ਦੇ ਨਾਲ ਵਾਪਸ ਆ ਗਈ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਆਪ ਨੂੰ ਇਮਾਨਦਾਰੀ ਅਤੇ ਸਿਧਾਂਤਾਂ ਦਾ ਪ੍ਰਤੀਕ ਦੱਸਦੇ ਸਨ, ਉਹ ਹੁਣ ਬੇਨਕਾਬ ਹੋ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਆਪਣੇ ਮੂਲ ਸਿਧਾਂਤਾਂ ਅਤੇ ਨੈਤਿਕ ਮੂਲਿਆਂ ਤੋਂ ਭਟਕ ਗਈ ਹੈ। ਜ਼ਿਕਰਯੋਗ ਹੈ ਕਿ ਪਾਰਟੀ ਛੱਡਣ ਵਾਲੇ ਸੱਤ ‘ਆਪ’ ਸੰਸਦ ਮੈਂਬਰਾਂ ਵਿੱਚੋਂ ਇੱਕ ਅਸ਼ੋਕ ਮਿੱਤਲ ਨੇ ਕੁਝ ਦਿਨ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਛਾਪਿਆਂ ਦਾ ਸਾਹਮਣਾ ਕੀਤਾ ਸੀ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਸੀ, ਜਦੋਂ ਉਸ ਦੇ ਸੱਤ ਰਾਜ ਸਭਾ ਮੈਂਬਰ—ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ, ਰਾਜੇਂਦਰ ਗੁਪਤਾ, ਵਿਕਰਮ ਸਾਹਨੀ ਅਤੇ ਸਵਾਤੀ ਮਾਲੀਵਾਲ—ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਇਸ ਘਟਨਾ ਤੋਂ ਬਾਅਦ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਭਾਜਪਾ ‘ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ, ਜਦਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਸੰਸਦ ਮੈਂਬਰਾਂ ਨੂੰ “ਗੱਦਾਰ” ਕਰਾਰ ਦਿੱਤਾ।