ਪਟਿਆਲਾ-ਬਠਿੰਡਾ ਕੌਮੀ ਮਾਰਗ 'ਤੇ ਵੱਡਾ ਹਾਦਸਾ: ਭਾਖੜਾ ਨਹਿਰ ਦਾ ਬੇਲੀ ਪੁਲ ਡਿੱਗਿਆ, ਮਲਬੇ 'ਚ ਫਸੇ ਦੋ ਟਰੱਕ ਅਤੇ ਇੱਕ ਨੂੰ ਲੱਗੀ ਅੱਗ
- ਪੰਜਾਬ
- (Asia/Kolkata)
ਪਟਿਆਲਾ-ਸੰਗਰੂਰ-ਬਠਿੰਡਾ ਕੌਮੀ ਮਾਰਗ 'ਤੇ ਪਿੰਡ ਪਸਿਆਣਾ ਨੇੜੇ ਭਾਖੜਾ ਨਹਿਰ ਉੱਪਰ ਬਣਿਆ ਇੱਕ ਬੇਲੀ ਪੁਲ ਵੀਰਵਾਰ ਤੜਕਸਾਰ ਅਚਾਨਕ ਢਹਿ-ਢੇਰੀ ਹੋ ਗਿਆ। ਇਸ ਹਾਦਸੇ ਦੌਰਾਨ ਪੁਲ ਤੋਂ ਲੰਘ ਰਹੇ ਰੇਤ ਨਾਲ ਭਰੇ ਦੋ ਟਰੱਕ ਹੇਠਾਂ ਡਿੱਗ ਕੇ ਟੁੱਟੇ ਹੋਏ ਢਾਂਚੇ ਦੇ ਮਲਬੇ ਵਿੱਚ ਲਟਕ ਗਏ, ਜਿਨ੍ਹਾਂ ਵਿੱਚੋਂ ਇੱਕ ਟਰੱਕ ਨੂੰ ਅੱਗ ਲੱਗ ਗਈ। ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਹਾਲਾਂਕਿ ਇੱਕ ਟਰੱਕ ਡਰਾਈਵਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਅੱਜ ਸਵੇਰੇ ਕਰੀਬ 6 ਵਜੇ ਉਸ ਵੇਲੇ ਵਾਪਰੀ ਜਦੋਂ ਇਸ ਪੁਲ ਤੋਂ ਤਿੰਨ ਗੱਡੀਆਂ ਗੁਜ਼ਰ ਰਹੀਆਂ ਸਨ। ਜਿਸ ਸਮੇਂ ਪੁਲ ਟੁੱਟਣਾ ਸ਼ੁਰੂ ਹੋਇਆ, ਇੱਕ ਟਰੱਕ ਦਾ ਅੱਧਾ ਹਿੱਸਾ ਪੁਲ 'ਤੇ ਸੀ, ਜਿਸ ਦੇ ਡਰਾਈਵਰ ਨੇ ਮੁਸਤੈਦੀ ਦਿਖਾਉਂਦਿਆਂ ਗੱਡੀ ਭਜਾ ਕੇ ਸੁਰੱਖਿਅਤ ਬਾਹਰ ਕੱਢ ਲਈ। ਪਰੰਤੂ, ਪੁਲ ਦੇ ਵਿਚਕਾਰ ਮੌਜੂਦ ਦੋ ਟਰੱਕ (ਨੰਬਰ PB-03-BC-9456 ਅਤੇ HR-63-B-4935) ਪੁਲ ਦੇ ਮਲਬੇ ਸਮੇਤ ਹੇਠਾਂ ਡਿੱਗ ਗਏ। ਮੁੱਢਲੀ ਜਾਂਚ ਵਿੱਚ ਪੁਲ ਡਿੱਗਣ ਦਾ ਕਾਰਨ ਨਿਰਧਾਰਿਤ ਸੀਮਾ ਤੋਂ ਵੱਧ ਭਾਰ (ਓਵਰਲੋਡਿੰਗ) ਮੰਨਿਆ ਜਾ ਰਿਹਾ ਹੈ, ਪਰ ਅਸਲ ਕਾਰਨਾਂ ਦਾ ਪਤਾ ਤਕਨੀਕੀ ਮਾਹਿਰਾਂ ਦੀ ਜਾਂਚ ਤੋਂ ਬਾਅਦ ਹੀ ਲੱਗੇਗਾ। ਹਾਦਸੇ ਮਗਰੋਂ ਦੋਵੇਂ ਟਰੱਕ ਪੁਲ ਦੇ ਟੁੱਟੇ ਢਾਂਚੇ ਵਿੱਚ ਫਸ ਕੇ ਨਹਿਰ ਉੱਪਰ ਲਟਕਦੇ ਰਹੇ। ਆਲੇ-ਦੁਆਲੇ ਲੋਹੇ ਦਾ ਜੰਗਲਾ ਲੱਗਾ ਹੋਣ ਕਾਰਨ ਗੱਡੀਆਂ ਨਹਿਰ ਦੇ ਪਾਣੀ ਵਿੱਚ ਰੁੜ੍ਹਨ ਤੋਂ ਬਚ ਗਈਆਂ, ਪਰ ਇਸੇ ਦੌਰਾਨ ਤਾਰਾਂ ਸ਼ਾਰਟ ਹੋਣ ਕਾਰਨ ਇੱਕ ਟਰੱਕ ਨੂੰ ਅੱਗ ਲੱਗ ਗਈ ਅਤੇ ਉਹ ਪੂਰੀ ਤਰ੍ਹਾਂ ਨਸ਼ਟ ਹੋ ਗਿਆ। ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ, ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ। ਇਸ ਦੁਰਘਟਨਾ ਵਿੱਚ PB-03-BC-9456 ਨੰਬਰ ਵਾਲੇ ਟਰੱਕ ਦੇ ਡਰਾਈਵਰ ਗੁਰਜੰਟ ਸਿੰਘ (ਵਾਸੀ ਪਿੰਡ ਭਾਈ ਰੂਪਾ, ਜ਼ਿਲ੍ਹਾ ਬਠਿੰਡਾ) ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਨੂੰ ਪੁਲੀਸ ਵੱਲੋਂ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਪ੍ਰਭਾਵਿਤ ਕੌਮੀ ਮਾਰਗ 'ਤੇ ਆਵਾਜਾਈ ਰੋਕ ਕੇ ਬਦਲਵੇਂ ਰਸਤਿਆਂ ਰਾਹੀਂ ਡਾਇਵਰਟ ਕਰ ਦਿੱਤੀ ਗਈ ਹੈ। ਦੂਜੇ ਪਾਸੇ, ਇਸ ਮਾਮਲੇ ਸਬੰਧੀ ਪ੍ਰਸ਼ਾਸਨਿਕ ਪੱਖ ਜਾਣਨ ਲਈ ਜ਼ਿਲ੍ਹਾ ਮੈਜਿਸਟ੍ਰੇਟ ਡਾ. ਹਿਮਾਂਸ਼ੂ ਅਗਰਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਫੋਨ ਨਾ ਚੁੱਕਣ ਕਾਰਨ ਗੱਲਬਾਤ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਇਹ ਕੌਮੀ ਮਾਰਗ ਸਾਲ 2016 ਵਿੱਚ ਮੁਕੰਮਲ ਹੋਇਆ ਸੀ ਅਤੇ ਇਹ ਪੁਲ ਵੀ ਉਸੇ ਸਮੇਂ ਬਣਾਇਆ ਗਿਆ ਸੀ। ਮਹਿਜ਼ 10 ਸਾਲਾਂ ਬਾਅਦ ਹੀ ਪੁਲ ਦੇ ਡਿੱਗ ਜਾਣ ਕਾਰਨ ਇਸ ਦੀ ਉਸਾਰੀ ਅਤੇ ਸਾਂਭ-ਸੰਭਾਲ 'ਤੇ ਕਈ ਸਵਾਲ ਉੱਠ ਰਹੇ ਹਨ। ਕਿਸਾਨਾਂ ਵੱਲੋਂ ਨਹਿਰ ਦੇ ਕੰਢੇ ਮਜ਼ਬੂਤ ਕਰਨ ਦੀ ਮੰਗ ਇਸ ਵੇਲੇ ਭਾਖੜਾ ਨਹਿਰ ਦਾ ਪਾਣੀ ਡਿੱਗੇ ਹੋਏ ਪੁਲ ਦੇ ਹਿੱਸੇ ਉੱਤੋਂ ਆਪਣੇ ਆਮ ਵਹਾਅ ਵਿੱਚ ਵਗ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਰਣਜੀਤ ਸਵਾਜਪੁਰ ਅਤੇ ਬੀ.ਕੇ.ਯੂ. ਕ੍ਰਾਂਤੀਕਾਰੀ ਦੇ ਆਗੂ ਅਵਤਾਰ ਸਿੰਘ ਕੌਰਜੀਵਾਲਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸਥਾਨਕ ਕਿਸਾਨ ਮੌਕੇ 'ਤੇ ਪੁੱਜੇ। ਕਿਸਾਨ ਆਗੂਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੁਲ ਡਿੱਗਣ ਕਾਰਨ ਭਾਖੜਾ ਨਹਿਰ ਦੇ ਕੰਢਿਆਂ ਨੂੰ ਨੁਕਸਾਨ ਪੁੱਜਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਹਿਰ ਟੁੱਟਣ ਦੇ ਕਿਸੇ ਵੀ ਵੱਡੇ ਖ਼ਤਰੇ ਨੂੰ ਟਾਲਣ ਲਈ ਇਨ੍ਹਾਂ ਕੰਢਿਆਂ ਨੂੰ ਤੁਰੰਤ ਮਜ਼ਬੂਤ ਕੀਤਾ ਜਾਵੇ।
Leave a Reply