ਪਾਤੜਾਂ ਨੇੜੇ ਵੱਡਾ ਹਾਦਸਾ: ਇਲੈਕਟ੍ਰਿਕ ਸਕੂਟੀ ਸਵਾਰ ਲੜਕੀਆਂ ਨੂੰ ਬਚਾਉਂਦਿਆਂ ਬੇਕਾਬੂ ਹੋਈ ਹਰਿਆਣਾ ਰੋਡਵੇਜ਼ ਦੀ ਬੱਸ, 5 ਜ਼ਖ਼ਮੀ

ਪਾਤੜਾਂ ਨੇੜੇ ਵੱਡਾ ਹਾਦਸਾ: ਇਲੈਕਟ੍ਰਿਕ ਸਕੂਟੀ ਸਵਾਰ ਲੜਕੀਆਂ ਨੂੰ ਬਚਾਉਂਦਿਆਂ ਬੇਕਾਬੂ ਹੋਈ ਹਰਿਆਣਾ ਰੋਡਵੇਜ਼ ਦੀ ਬੱਸ, 5 ਜ਼ਖ਼ਮੀ

ਜ਼ਿਲ੍ਹਾ ਪਟਿਆਲਾ ਅਧੀਨ ਪੈਂਦੇ ਕਸਬਾ ਪਾਤੜਾਂ ਨੇੜੇ ਹਾਮਝੇੜੀ ਬਾਈਪਾਸ ਦੇ ਟੀ-ਪੁਆਇੰਟ ਕੋਲ ਅੱਜ ਸਵੇਰੇ ਹਰਿਆਣਾ ਰੋਡਵੇਜ਼ ਦੀ ਇੱਕ ਬੱਸ ਹਾਦਸਾਗ੍ਰਸਤ ਹੋ ਗਈ। ਸੜਕ 'ਤੇ ਜਾ ਰਹੀਆਂ ਦੋ ਸਕੂਟੀ ਸਵਾਰ ਲੜਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਸ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉਤਰ ਗਈ। ਇਸ ਹਾਦਸੇ ਵਿੱਚ ਬੱਸ ਦੇ ਡਰਾਈਵਰ, ਕੰਡਕਟਰ ਅਤੇ ਦੋ ਸਵਾਰੀਆਂ ਸਮੇਤ ਇੱਕ ਸਕੂਟੀ ਸਵਾਰ ਲੜਕੀ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ 19 ਨਵੰਬਰ ਨੂੰ ਸਵੇਰੇ ਕਰੀਬ 7 ਵਜੇ ਵਾਪਰੀ। ਹਰਿਆਣਾ ਰੋਡਵੇਜ਼ ਦੀ ਬੱਸ (ਨੰਬਰ HR39E-1803) ਫਤਿਆਬਾਦ ਤੋਂ ਪਾਤੜਾਂ ਵੱਲ ਆ ਰਹੀ ਸੀ। ਜਦੋਂ ਇਹ ਬੱਸ ਜਾਖਲ-ਪਾਤੜਾਂ ਮੁੱਖ ਮਾਰਗ 'ਤੇ ਸਥਿਤ ਹਾਮਝੇੜੀ ਬਾਈਪਾਸ ਟੀ-ਪੁਆਇੰਟ ਨੇੜੇ ਪਹੁੰਚੀ ਤਾਂ ਇਹ ਹਾਦਸਾ ਵਾਪਰ ਗਿਆ। ਬੱਸ ਦੇ ਕੰਡਕਟਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇੱਕ ਇਲੈਕਟ੍ਰਿਕ ਸਕੂਟੀ 'ਤੇ ਸਵਾਰ ਦੋ ਲੜਕੀਆਂ ਅਚਾਨਕ ਬੱਸ ਦੇ ਬਿਲਕੁਲ ਸਾਹਮਣੇ ਆ ਗਈਆਂ। ਲੜਕੀਆਂ ਦੀ ਜਾਨ ਬਚਾਉਣ ਲਈ ਡਰਾਈਵਰ ਨੇ ਬੱਸ ਨੂੰ ਮੋੜਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਉਹ ਗੱਡੀ ਤੋਂ ਆਪਣਾ ਸੰਤੁਲਨ ਗੁਆ ਬੈਠਾ ਅਤੇ ਬੱਸ ਸਿੱਧੀ ਸੜਕ ਤੋਂ ਹੇਠਾਂ ਉਤਰ ਗਈ। ਇਸ ਹਾਦਸੇ ਵਿੱਚ ਬੱਸ ਚਾਲਕ ਨਵੀਨ ਪੁੱਤਰ ਸਰਵਣ ਅਤੇ ਕੰਡਕਟਰ ਵਿਨੋਦ ਕੁਮਾਰ ਪੁੱਤਰ ਪਰਲਾਦ (ਦੋਵੇਂ ਵਾਸੀ ਤਹਿਸੀਲ ਭੂਨਾ, ਜ਼ਿਲ੍ਹਾ ਫਤਿਆਬਾਦ, ਹਰਿਆਣਾ) ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਬੱਸ ਵਿੱਚ ਸਫ਼ਰ ਕਰ ਰਹੇ ਦੋ ਯਾਤਰੀਆਂ, ਜਿਨ੍ਹਾਂ ਦੀ ਪਛਾਣ ਅਮਰ ਚੌਹਾਨ (30) ਪੁੱਤਰ ਮਦਨ ਚੌਹਾਨ ਵਾਸੀ ਫਤਿਆਬਾਦ ਅਤੇ ਨਛੱਤਰ ਸਿੰਘ (64) ਪੁੱਤਰ ਲਾਲ ਸਿੰਘ ਵਾਸੀ ਰਤੀਆ (ਹਰਿਆਣਾ) ਵਜੋਂ ਹੋਈ ਹੈ, ਨੂੰ ਵੀ ਸੱਟਾਂ ਲੱਗੀਆਂ ਹਨ। ਹਾਦਸੇ ਦੌਰਾਨ ਸਕੂਟੀ ਸਵਾਰ ਕਾਜਲ ਨਾਮਕ ਲੜਕੀ ਵੀ ਜ਼ਖ਼ਮੀ ਹੋ ਗਈ। ਘਟਨਾ ਤੋਂ ਤੁਰੰਤ ਬਾਅਦ ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਪਹੁੰਚਾਇਆ ਗਿਆ। ਜ਼ਖ਼ਮੀ ਡਰਾਈਵਰ ਨਵੀਨ ਅਤੇ ਕੰਡਕਟਰ ਵਿਨੋਦ ਕੁਮਾਰ ਨੂੰ ਇਲਾਜ ਲਈ ਪਾਤੜਾਂ ਦੇ ਨੂਰ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ, ਜਦਕਿ ਸਕੂਟੀ ਸਵਾਰ ਲੜਕੀ ਕਾਜਲ ਨੂੰ ਦੁਰਗਾ ਦਲ ਚੈਰੀਟੇਬਲ ਹਸਪਤਾਲ, ਪਾਤੜਾਂ ਵਿਖੇ ਭਰਤੀ ਕਰਵਾਇਆ ਗਿਆ। ਦੂਜੇ ਪਾਸੇ, ਦੋਵੇਂ ਜ਼ਖ਼ਮੀ ਯਾਤਰੀਆਂ ਨੂੰ ਮੁੱਢਲੀ ਸਹਾਇਤਾ ਲਈ ਪਹਿਲਾਂ ਸੀ.ਐੱਚ.ਸੀ. (CHC) ਪਾਤੜਾਂ ਲਿਜਾਇਆ ਗਿਆ ਸੀ, ਪਰ ਉਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਅਗਲੇਰੀ ਜਾਂਚ ਅਤੇ ਇਲਾਜ ਲਈ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਰੈਫਰ ਕਰ ਦਿੱਤਾ ਹੈ। ਸਥਾਨਕ ਪੁਲੀਸ ਵੱਲੋਂ ਮੌਕੇ 'ਤੇ ਪਹੁੰਚ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।