Punjab-Haryana Water Row: SYL ਮੁੱਦੇ ਦੇ ਹੱਲ ਲਈ ਚਨਾਬ ਦਾ ਪਾਣੀ ਪੰਜਾਬ-ਹਰਿਆਣਾ ਵੱਲ ਮੋੜਿਆ ਜਾਵੇ: ਮੁੱਖ ਮੰਤਰੀ ਭਗਵੰਤ ਮਾਨ
- ਰਾਸ਼ਟਰੀ
- 09 Jul,2025

ਜੇ ਸਾਨੂੰ 2.30 ਏਕੜ ਫੁੱਟ ਚਨਾਬ ਦਾ ਪਾਣੀ ਮਿਲ ਜਾਂਦਾ ਹੈ, ਤਾਂ ਸਾਰਾ ਪਾਣੀ ਦਾ ਵਿਵਾਦ ਹਮੇਸ਼ਾ ਲਈ ਹੱਲ ਹੋ ਜਾਵੇਗਾ: ਕੇਂਦਰ ਵੱਲੋਂ SYL ਦੇ ਮੁੱਦੇ ’ਤੇ ਸੱਦੀ ਮੀਟਿੰਗ ਵਿਚ ਭਗਵੰਤ ਮਾਨ ਦਾ ਸੁਝਾਅ; ਕੇਂਦਰੀ ਜਲ ਸ਼ਕਤੀ ਮੰਤਰੀ ਪਾਟਿਲ ਨੇ SYL ਮੁੱਦੇ ਦੇ ਹੱਲ ਲਈ ਕੀਤੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
ਨਵੀਂ ਦਿੱਲੀ, 9 ਜੁਲਾਈ ਪੰਜਾਬ ਸਰਕਾਰ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਪੱਛਮੀ ਦਰਿਆਵਾਂ ਦੇ ਪਾਣੀਆਂ ਨੂੰ ਪੰਜਾਬ ਅਤੇ ਹਰਿਆਣਾ ਵੱਲ ਮੋੜਨ ਅਤੇ ਸਤਲੁਜ ਯਮੁਨਾ ਲਿੰਕ (Sutlej Yamuna Link -SYL) ਨਹਿਰ ਵਿਵਾਦ ਨੂੰ ਹਮੇਸ਼ਾ ਲਈ ਹੱਲ ਕਰ ਦੇਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਸਵਾਈਐਲ ਵਿਵਾਦ ਨੂੰ ਖਤਮ ਕਰਨ ਲਈ ਪਾਕਿਸਤਾਨ ਨਾਲ ਪਹਿਲਾਂ ਹੀ ਮੁਅੱਤਲ ਕਰ ਦਿੱਤੀ ਗਈ ਸਿੰਧ ਜਲ ਸੰਧੀ (Indus Waters Treaty – IWT) ਦੀ ਵਰਤੋਂ ਕਰਨ ਦਾ ਸੁਝਾਅ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ (Union Jal Shakti Minister CR Paatil) ਵੱਲੋਂ ਅੱਜ ਇਥੇ ਐਸਵਾਈਐਲ ਮੁੱਦੇ ਦੇ ਹੱਲ ਲਈ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਾਆਂ ਦੀ ਸੱਦੀ ਗਈ ਮੀਟਿੰਗ ਵਿਚ ਦਿੱਤਾ।
ਇਹ ਮੀਟਿੰਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਸੱਦੀ ਗਈ, ਕਿਉਂਕਿ ਸਿਖਰਲੀ ਅਦਾਲਤ ਨੇ ਕੇਂਦਰ ਨੂੰ ਦੋਵਾਂ ਸੂੁਬਿਆਂ 13 ਅਗਸਤ ਤੱਕ ਸਮਝੌਤਾ ਕਰਾਉਣ ਦੇ ਹੁਕਮ ਦਿੱਤੇ ਸਨ ਅਤੇ ਅਦਾਲਤ 13 ਅਗਸਤ ਨੂੰ ਮਾਮਲੇ ਦੀ ਅਗਲੀ ਸੁਣਵਾਈ ਕਰੇਗੀ। ਮੀਟਿੰਗ ਵਿਚ ਸ੍ਰੀ ਪਾਟਿਲ, ਸ੍ਰੀ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਪੋ-ਆਪਣੇ ਵਫ਼ਦਾਂ ਨਾਲ ਸ਼ਿਰਕਤ ਕੀਤੀ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਟਿੰਗ ਤੋਂ ਬਾਅਦ ਕਿਹਾ, “ਕੇਂਦਰੀ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੋਵਾਂ ਨੇ ਪੰਜਾਬ ਦੀ ਤਜਵੀਜ਼ ਨੂੰ ਹਾਂਪੱਖੀ ਢੰਗ ਨਾਲ ਲਿਆ ਹੈ। ਅਸੀਂ ਕਿੰਨਾ ਚਿਰ ਇਸ ਸਮੱਸਿਆ ਨਾਲ ਜੀਵਾਂਗੇ? ਸਿੰਧ ਅਤੇ ਹੋਰ ਪੱਛਮੀ ਦਰਿਆਵਾਂ ਦਾ ਪਾਣੀ ਪਾਕਿਸਤਾਨ ਨੂੰ ਕਿਉਂ ਜਾਵੇ, ਜਦੋਂਕਿ ਉਹ ਮੁਲਕ ਸਾਡਾ ਖੂਨ ਵਹਾ ਰਿਹਾ ਹੈ? ਸਾਨੂੰ ਕਿਸ ਨਾਲ ਲੜਨਾ ਚਾਹੀਦਾ ਹੈ, ਹਰਿਆਣਾ ਨਾਲ ਜਾਂ ਪਾਕਿਸਤਾਨ ਨਾਲ?”
ਉਨ੍ਹਾਂ ਕਿਹਾ ਕਿ ਚਨਾਬ ਦੇ 2.30 ਕਰੋੜ ਏਕੜ ਫੁੱਟ ਪਾਣੀ ਨੂੰ ਪੰਜਾਬ ਅਤੇ ਅੱਗੇ ਹਰਿਆਣਾ ਹੀ ਨਹੀਂ ਸਗੋਂ ਅਗਾਂਹ ਮੱਧ ਪ੍ਰਦੇਸ਼ ਤੱਕ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ, “ਅਸੀਂ ਕੁਝ ਲੱਖ ਏਕੜ ਫੁੱਟ ਪਾਣੀ ਲਈ ਲੜ ਰਹੇ ਹਾਂ। ਜੇ ਸਾਨੂੰ ਚਨਾਬ ਤੋਂ 23 ਐਮਏਐਫ ਮਿਲ ਜਾਂਦਾ ਹੈ, ਤਾਂ ਸਾਰਾ ਝਗੜਾ ਹਮੇਸ਼ਾ ਲਈ ਹੱਲ ਹੋ ਜਾਵੇਗਾ।”
ਮਾਨ ਨੇ ਸੁਝਾਅ ਦਿੱਤਾ ਕਿ ਕੇਂਦਰ ਨੇ ਪੱਛਮੀ ਸਹਾਇਕ ਦਰਿਆਵਾਂ ਸਿੰਧ, ਚਨਾਬ ਅਤੇ ਜਿਹਲਮ ‘ਤੇ ਸੰਭਾਵਨਾ ਅਧਿਐਨ ਕਰਨ ਅਤੇ ਇਹ ਦੇਖਣ ਦੀ ਤਜਵੀਜ਼ ਨੂੰ ਨੋਟ ਕੀਤਾ ਹੈ ਕਿ ਪਾਣੀ ਦੇ ਕਿਹੜੇ ਪੱਧਰ ਨੂੰ ਪੰਜਾਬ ਅਤੇ ਹਰਿਆਣਾ ਵੱਲ ਮੋੜਿਆ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਵਿਚਕਾਰ ਗੁੰਝਲਦਾਰ ਸਤਲੁਜ ਯਮੁਨਾ ਲਿੰਕ (Satluj Yamuna Link – SYL) ਨਹਿਰ ਵਿਵਾਦ ਨੂੰ ਹੱਲ ਕਰਨ ਲਈ ਸੁਪਰੀਮ ਕੋਰਟ ਦੀ 13 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ ਬੁੱਧਵਾਰ ਸ਼ਾਮ 4 ਵਜੇ ਜਲ ਸ਼ਕਤੀ ਮੰਤਰੀ ਸੀਆਰ ਪਾਟਿਲ ਨੇ ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਸ਼ੁਰੂ ਕੀਤੀ।
ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab CM Bhagwant Singh Mann) ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Haryana CM Nayab Singh Saini) ਆਪੋ-ਆਪਣੇ ਮੁੱਖ ਸਕੱਤਰਾਂ ਅਤੇ ਜਲ ਸਰੋਤ ਅਧਿਕਾਰੀਆਂ ਨਾਲ ਸ਼ਿਰਕਤ ਕੀਤੀ। ਮੀਟਿੰਗ ਸ਼੍ਰਮ ਸ਼ਕਤੀ ਭਵਨ (Shram Shakti Bhavan) ਵਿਖੇ ਹੋਈ, ਜਿਸ ਵਿੱਚ ਜਲ ਸ਼ਕਤੀ ਮੰਤਰਾਲੇ ਦਾ ਮੁੱਖ ਦਫ਼ਤਰ ਸਥਿਤ ਹੈ।
ਮੀਟਿੰਗ ਤੋਂ ਪਹਿਲਾਂ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਪੰਜਾਬ ਅਤੇ ਹਰਿਆਣਾ ਸਰਕਾਰਾਂ ਵਿਚਕਾਰ ਪਾਣੀ ਦੀ ਵੰਡ ਦੇ ਦਹਾਕਿਆਂ ਪੁਰਾਣੇ ਸਤਲੁਜ ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ ਨੂੰ ਹੱਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
ਅੱਜ ਚੋਟੀ ਦੇ ਸੂਤਰਾਂ ਨੇ ‘ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਨੂੰ ਦੱਸਿਆ ਕਿ ਸੀਆਰ ਪਾਟਿਲ ਨੇ ਆਪਣੇ ਤੋਂ ਪਹਿਲੇ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਕੀਤੀ ਗਈ ਪਿਛਲੇ ਦੌਰ ਦੀ ਗੱਲਬਾਤ ਅਸਫਲ ਹੋਣ ਤੋਂ ਬਾਅਦ ਦੋਵਾਂ ਰਾਜਾਂ ਵਿਚਕਾਰ ਵਿਚੋਲਗੀ ਕਰਵਾਉਣ ਦੀ ਪਹਿਲ ਕੀਤੀ ਸੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਇਸ ਸਾਲ ਮਈ ਵਿੱਚ ਫਿਰ ਪੰਜਾਬ ਅਤੇ ਹਰਿਆਣਾ ਨੂੰ ਮਾਮਲਾ ਹੱਲ ਕਰਨ ਲਈ ਕੇਂਦਰ ਨਾਲ ਸਹਿਯੋਗ ਕਰਨ ਦੇ ਨਿਰਦੇਸ਼ ਦਿੱਤੇ ਸਨ। ਸੁਪਰੀਮ ਕੋਰਟ ਨੇ ਪਹਿਲਾਂ ਜਲ ਸ਼ਕਤੀ ਮੰਤਰੀ ਨੂੰ ਇਸ ਮੁੱਦੇ ਵਿੱਚ ਮੁੱਖ ਸਾਲਸ ਵਜੋਂ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਨੂੰ ਸਿਰਫ਼ “ਮੂਕ ਦਰਸ਼ਕ” ਬਣਨ ਦੀ ਬਜਾਏ ਸਰਗਰਮ ਭੂਮਿਕਾ ਨਿਭਾਉਣ ਲਈ ਕਿਹਾ ਸੀ।
Posted By:

Leave a Reply