ਰਾਜਸਥਾਨ ਦੇ ਚੁਰੂ ਨੇੜੇ ਭਾਰਤੀ ਹਵਾਈ ਸੈਨਾ ਦਾ ਜੈਗੁਆਰ ਜੰਗੀ ਜਹਾਜ਼ ਹਾਦਸਾਗ੍ਰਸਤ

ਰਾਜਸਥਾਨ ਦੇ ਚੁਰੂ ਨੇੜੇ ਭਾਰਤੀ ਹਵਾਈ ਸੈਨਾ ਦਾ ਜੈਗੁਆਰ ਜੰਗੀ ਜਹਾਜ਼ ਹਾਦਸਾਗ੍ਰਸਤ

ਚੰਡੀਗੜ੍ਹ, 9 ਜੁਲਾਈ

ਰਾਜਸਥਾਨ ਦੇ ਚੁਰੂ ਜ਼ਿਲ੍ਹੇ ਦੇ ਰਤਨਗੜ੍ਹ ਖੇਤਰ ਦੇ ਭਾਨੂਦਾ ਪਿੰਡ ਵਿੱਚ ਬੁੱਧਵਾਰ ਦੁਪਹਿਰੇ ਇੱਕ ਜੈਗੁਆਰ ਜੰਗੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਹ ਜਹਾਜ਼ ਭਾਰਤੀ ਹਵਾਈ ਸੈਨਾ (IAF) ਦਾ ਦੱਸਿਆ ਜਾ ਰਿਹਾ ਹੈ। ਰੱਖਿਆ ਸੂਤਰਾਂ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਦਸੇ ਬਾਰੇ ਵਿਸਤ੍ਰਿਤ ਜਾਣਕਾਰੀ ਅਜੇ ਉਡੀਕੀ ਜਾ ਰਹੀ ਹੈ।

ਹਾਦਸਾ ਦੁਪਹਿਰ 12.40 ਵਜੇ ਹੋਇਆ, ਜਦੋਂ ਜਹਾਜ਼ ਨੇ ਅਚਾਨਕ ਕੰਟਰੋਲ ਗੁਆ ਲਿਆ ਅਤੇ ਖੇਤਾਂ ਵਿੱਚ ਡਿੱਗ ਗਿਆ। ਹਾਦਸੇ ਤੋਂ ਬਾਅਦ ਜਹਾਜ਼ ਅੱਗ ਦੀ ਲਪੇਟ ਵਿਚ ਆ ਗਿਆ।




ਮੁਢਲੀਆਂ ਰਿਪੋਰਟਾਂ ਅਨੁਸਾਰ ਜਹਾਜ਼ ਬਹੁਤ ਤੇਜ਼ੀ ਨਾਲ ਹੇਠਾਂ ਆਇਆ ਅਤੇ ਧਰਤੀ ਨਾਲ ਟਕਰਾਉਂਦਿਆਂ ਹੀ ਉਸ ਵਿੱਚ ਧਮਾਕਾ ਹੋ ਗਿਆ। ਘਟਨਾ ਸਥਾਨ ’ਤੇ ਜਹਾਜ਼ ਦਾ ਮਲਬਾ ਚਾਰੇ ਪਾਸੇ ਖਿੱਲਰਿਆ ਹੋਇਆ ਹੈ ਅਤੇ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਗਈਆਂ।


ਕਈ ਚਸ਼ਮਦੀਦਾਂ ਨੇ ਦੱਸਿਆ ਕਿ ਮਲਬੇ ਦੇ ਵਿਚਕਾਰ ਇਕ ਲਾਸ਼ ਦੇ ਟੁਕੜੇ ਵੀ ਨਜ਼ਰ ਆ ਰਹੇ ਹਨ ਆਖ਼ਰੀ ਖ਼ਬਰਾਂ ਮਿਲਣ ਤੱਕ ਇਹ ਸਪੱਸ਼ਟ ਨਹੀਂ ਹੋਇਆ ਸੀ ਕਿ ਜਹਾਜ਼ ਵਿੱਚ ਕਿੰਨੇ ਲੋਕ ਸਵਾਰ ਸਨ। ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।