Daily Suraj

ਪੰਜਾਬੀ

ਲੜਕੀਆਂ ਨੂੰ ਆਤਮ ਨਿਰਭਰ ਬਣਾਉਣਾ ਸ਼ਲਾਘਾਯੋਗ ਕਾਰਜ-ਭੁਪਿੰਦਰ ਨਹਿਲ

05 Oct, 2026 06:46 AM

ਲੌਂਗੋਵਾਲ, (ਜਗਸੀਰ ਸਿੰਘ)-ਸੰਤ ਲੌਂਗੋਵਾਲ ਸੋਸ਼ਲ ਵੈਲਫੇਅਰ ਸੁਸਾਇਟੀ ਸੰਗਰੂਰ ਵੱਲੋਂ ਨੇੜਲੇ ਪਿੰਡ ਕੁਲਾਰ ਖੁਰਦ ਵਿਖੇ ਸੋਸਵਾ ਦੀ ਵਿੱਤੀ ਮਦਦ ਨਾਲ ਚਲਾਏ ਜਾ ਰਹੇ ਗਰੀਬ ਅਤੇ ਲੋੜਵੰਦ ਔਰਤਾਂ ਲਈ ਸਲਾਈ ਕਟਾਈ ਕੇਂਦਰ ਵਿੱਚ ਛੇ ਮਹੀਨਿਆਂ ਦੀ ਟ੍ਰੇਨਿੰਗ ਪੂਰੀ ਕਰਨ ਉਪਰੰਤ ਸਿਲਾਈ ਮਸੀਨਾਂ ਅਤੇ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ। ਕੇਂਦਰ ਦੇ ਪ੍ਰੋਜੈਕਟ ਇੰਚਾਰਜ ਗੁਰਜੰਟ ਸਿੰਘ ਕੁਲਾਰਾਂ ਦੀ ਦੇਖਰੇਖ ਵਿੱਚ ਕਰਵਾਏ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਸਮਾਗਮ ਦੀ ਪ੍ਰਧਾਨਗੀ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਨੇ ਕੀਤੀ ਤੇ ਮੰਚ ਸੰਚਾਲਨ ਸੁਸਾਇਟੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਸੈਂਪਲੇ ਨੇ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਨੂੰ ਸਮਾਜ ਅੰਦਰ ਆਪਣੀ ਵਿਲੱਖਣ ਅਹਿਮੀਅਤ ਬਣਾਉਣ ਦੀ ਸਖਤ ਜਰੂਰਤ ਹੈ ।ਉਹਨਾਂ ਕਿਹਾ ਕਿ ਸਾਨੂੰ ਹਮੇਸ਼ਾ ਹੀ ਇਸਤਰੀਆਂ, ਲੜਕੀਆਂ ਦੇ ਸਮਾਜਿਕ ਦਰਜੇ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ।ਸਿਲਾਈ ਕੇਂਦਰ ਵਿੱਚ ਟ੍ਰੇਨਿੰਗ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਦੀ ਤਰਫੋਂ ਮਨਪ੍ਰੀਤ ਕੌਰ ਨੇ ਕੇਂਦਰ ਦੀ ਰਿਪੋਰਟ ਪੇਸ਼ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਸਾਨੂੰ ਬਹੁਤ ਵਧੀਆ ਮਹੌਲ ਵਿੱਚ ਸਿਲਾਈ ਕਟਾਈ ਦੀ ਟ੍ਰੇਨਿੰਗ ਦਿੱਤੀ ਗਈ ਹੈ।ਮੁੱਖ ਮਹਿਮਾਨ ਵਜੋਂ ਵਿਚਾਰਾਂ ਦੀ ਸਾਂਝ ਨਗਰ ਕੌਂਸਲ ਪ੍ਰਧਾਨ ਸੰਗਰੂਰ ਸ੍ਰ ਭੁਪਿੰਦਰ ਸਿੰਘ ਨਹਿਲ ਨੇ ਕਿਹਾ ਕਿ ਅੱਜ ਸੰਸਥਾ ਵੱਲੋਂ ਜੋ ਨਿਵੇਕਲਾ ਉੱਦਮ ਕੀਤਾ ਗਿਆ ਹੈ,ਇਹ ਬਹੁਤ ਹੀ ਸਲਾਘਾਯੋਗ ਉਪਰਾਲਾ ਹੈ।ਸੰਸਥਾ ਵੱਲੋਂ ਲੜਕੀਆਂ ਨੂੰ ਸਿਲਾਈ ਕਟਾਈ ਦੀ ਟਰੇਨਿੰਗ ਦੇਣ ਉਪਰੰਤ ਸਿਲਾਈ ਮਸੀਨ ਦੇ ਕੇ ਆਤਮ ਨਿਰਭਰ ਬਣਾਉਣ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਹੈ,ਇਹ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਬਹੁਤ ਅਹਿਮੀਅਤ ਰੱਖਦਾ ਹੈ।ਉਹਨਾਂ ਪਿੰਡ ਨਾਲ ਆਪਣੇ ਪੁਰਖਿਆਂ ਦੀਆਂ ਸਾਂਝਾਂ ਨੂੰ ਵੀ ਯਾਦ ਕੀਤਾ।ਉਹਨਾਂ ਮਾਸਟਰ ਗੁਰਜੰਟ ਸਿੰਘ ਵੱਲੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸਲਾਘਾ ਵੀ ਕੀਤੀ ਅਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ।ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਸੰਤ ਲੌਂਗੋਵਾਲ ਦੀ ਸੋਚ ਨੂੰ ਜਿਉਂਦਾ ਰੱਖਣ ਲਈ ਯਤਨਸ਼ੀਲ ਹਾਂ ਅਤੇ ਉਹਨਾਂ ਦੇ ਦਰਸਾਏ ਰਾਹ ਤੇ ਚੱਲ ਕੇ ਸਮਾਜ ਵਿੱਚ ਔਰਤਾਂ ਦੇ ਮਾਣ ਸਨਮਾਨ ਨੂੰ ਉੱਚਾ ਰੱਖਣ ਲਈ ਯਤਨ ਕਰ ਰਹੇ ਹਾਂ।ਪਿੰਡ ਵੱਲੋਂ ਸੁਰਜੀਤ ਸਿੰਘ ਫੌਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ।ਲੜਕੀਆਂ ਨੂੰ ਸਿਲਾਈ ਮਸ਼ੀਨਾਂ ਅਤੇ ਸਰਟੀਫਿਕੇਟ ਵੰਡਣ ਦੀ ਰਸਮ ਭੁਪਿੰਦਰ ਸਿੰਘ ਨਹਿਲ,ਡਿੰਪਲ ਮਨਚੰਦਾ,ਚੇਅਰਪਰਸਨ ਸਰਬਜੀਤ ਕੌਰ,ਕਾਲਾ ਸਿੰਘ ਪ੍ਰਿੰ ਸੁਖਦਰਸ਼ਨ ਸਿੰਘ ਢਿੱਲੋਂ ,ਗੁਰਜੰਟ ਕਲਾਰਾਂ ਨੇ ਕੀਤੀ।ਇਸ ਮੌਕੇ ਹਾਕਮ ਸਿੰਘ ਭੌਰਾ,ਸੱਤਪਾਲ ਤੱਗੜ,ਜਗਦੀਸ਼ ਮਹਿਲਾਂ,ਬਲਾਕ ਸੰਮਤੀ ਮੈਂਬਰ ਕੁਲਦੀਪ ਸਿੰਘ,ਸਰਪੰਚ ਹਰਿੰਦਰ ਸਿੰਘ ਅਤੇ ਪੰਚ ਗੁਰਦੀਪ ਸਿੰਘ ਕੁਲਾਰ, ਕੁਲਵਿੰਦਰ ਸਿੰਘ, ਸਿੰਗਾਰਾ ਸਿੰਘ,ਪਰਦੀਪ ਸਿੰਘ ਅਤੇ ਸੰਦੀਪ ਸਿੰਘ ਸੀਪੂ ਅਤੇ ਹੋਰ ਪਤਵੰਤੇ ਸੱਜਣ ਹਾਜਰ ਸਨ।

Latest News