ਮਲੋਟ ਰੋਡ ‘ਤੇ ਦਰਦਨਾਕ ਹਾਦਸਾ, ਅੱਠਵੀਂ ਜਮਾਤ ਦੀ ਵਿਦਿਆਰਥਣ ਨੇ ਗਵਾਈ ਜਾਨ
- ਪੰਜਾਬ
- (Asia/Kolkata)
ਫਾਜ਼ਿਲਕਾ ਜ਼ਿਲ੍ਹੇ ਦੇ ਮਲੋਟ ਰੋਡ ‘ਤੇ ਪਿੰਡ ਇਸਲਾਮਵਾਲਾ ਨੇੜੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ 13 ਸਾਲਾ ਕੁੜੀ ਦੀ ਮੌਤ ਹੋ ਗਈ, ਜਦਕਿ ਦੂਜੀ ਨਾਬਾਲਗ ਕੁੜੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਜੁਗਾੜੂ ਰੇਹੜੇ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਇੱਕ ਬੱਚਾ ਅਤੇ ਦੋ ਨਾਬਾਲਗ ਕੁੜੀਆਂ ਸਕੂਟੀ ‘ਤੇ ਸਵਾਰ ਹੋ ਕੇ ਪਿੰਡ ਦੇ ਅੱਡੇ ‘ਤੇ ਜੂਸ ਪੀਣ ਲਈ ਜਾ ਰਹੀਆਂ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਇੱਕ ਜੁਗਾੜੂ ਰੇਹੜੇ ਨੇ ਉਨ੍ਹਾਂ ਦੀ ਸਕੂਟੀ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਕੁੜੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ, ਜਦਕਿ ਤਿੰਨ ਸਾਲਾ ਬੱਚਾ ਇਕ ਪਾਸੇ ਡਿੱਗ ਗਿਆ। ਜ਼ਖ਼ਮੀਆਂ ਨੂੰ ਤੁਰੰਤ ਸੜਕ ਸੁਰੱਖਿਆ ਫੋਰਸ (SSF) ਵੱਲੋਂ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਡਾਕਟਰਾਂ ਨੇ 13 ਸਾਲਾ ਕਾਜਲ ਨੂੰ ਮ੍ਰਿਤਕ ਐਲਾਨ ਦਿੱਤਾ। ਕਾਜਲ ਪਿੰਡ ਇਸਲਾਮਵਾਲਾ ਦੀ ਵਸਨੀਕ ਸੀ ਅਤੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਦੀ ਵਿਦਿਆਰਥਣ ਸੀ। ਪੁਲਿਸ ਅਤੇ ਹਸਪਤਾਲ ਸਰੋਤਾਂ ਮੁਤਾਬਕ ਕਾਜਲ ਆਪਣੇ ਛੋਟੇ ਭਰਾ ਨਾਲ ਸਕੂਟੀ ‘ਤੇ ਆਪਣੀ ਸਹੇਲੀ ਸਿਮਰ ਦੇ ਘਰ ਗਈ ਸੀ। ਉੱਥੋਂ ਦੋਵੇਂ ਕੁੜੀਆਂ ਇਕੱਠੇ ਜੂਸ ਪੀਣ ਲਈ ਨਿਕਲੀਆਂ ਸਨ, ਜਦੋਂ ਇਹ ਹਾਦਸਾ ਵਾਪਰਿਆ। ਹਾਦਸੇ ਵਿੱਚ ਕਾਜਲ ਦੇ ਤਿੰਨ ਸਾਲਾ ਭਰਾ ਅਤੇ ਉਸਦੀ ਸਹੇਲੀ ਦੀ ਜਾਨ ਬਚ ਗਈ, ਪਰ ਸਹੇਲੀ ਦੀ ਲੱਤ ਦੋ ਥਾਵਾਂ ਤੋਂ ਟੁੱਟ ਗਈ ਹੈ। ਉਸਦਾ ਇਲਾਜ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਜਾਰੀ ਹੈ।
Leave a Reply