ਪੰਜਾਬ ਦੇ ਪਿੰਡ ਵਿੱਚ ਦਰਦਨਾਕ ਵਾਕਿਆ, ਅਵਾਰਾ ਕੁੱਤਿਆਂ ਨੇ ਲਈ ਬੱਚੀ ਦੀ ਜਾਨ

ਪੰਜਾਬ ਦੇ ਪਿੰਡ ਵਿੱਚ ਦਰਦਨਾਕ ਵਾਕਿਆ, ਅਵਾਰਾ ਕੁੱਤਿਆਂ ਨੇ ਲਈ ਬੱਚੀ ਦੀ ਜਾਨ

ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਅੱਠ ਸਾਲ ਦੀ ਬੱਚੀ ਦੀ ਨੋਚ-ਨੋਚ ਕੇ ਜਾਨ ਲੈ ਲੈਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇਹ ਜਾਣਕਾਰੀ ਪੁਲੀਸ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਹੈ। ਮ੍ਰਿਤਕ ਬੱਚੀ ਦੀ ਪਛਾਣ ਸਲੋਨੀ ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਪਿਆਰੇ ਲਾਲ ਦੀ ਧੀ ਸੀ। ਪਰਿਵਾਰ ਟਾਂਡਾ ਪੁਲੀਸ ਸਟੇਸ਼ਨ ਦੀ ਹੱਦ ਅੰਦਰ ਪੈਂਦੇ ਪਿੰਡ ਖਰਲ ਖੁਰਦ ਵਿੱਚ ਰਹਿ ਰਿਹਾ ਸੀ। ਪੁਲੀਸ ਅਨੁਸਾਰ ਇਹ ਘਟਨਾ ਸਵੇਰੇ ਕਰੀਬ 8:30 ਵਜੇ ਵਾਪਰੀ, ਜਦੋਂ ਬੱਚੀ ਸਕੂਲ ਜਾਣ ਤੋਂ ਪਹਿਲਾਂ ਆਪਣੇ ਘਰ ਤੋਂ ਬਾਹਰ ਨਿਕਲੀ ਸੀ। ਇਸ ਦੌਰਾਨ ਰਸਤੇ ਵਿੱਚ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ਨੂੰ ਘੇਰ ਲਿਆ ਅਤੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਕਾਫੀ ਦੇਰ ਤੱਕ ਜਦੋਂ ਬੱਚੀ ਘਰ ਵਾਪਸ ਨਹੀਂ ਆਈ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਬਾਅਦ ਵਿੱਚ ਉਹ ਸੜਕ ਕਿਨਾਰੇ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਈ ਮਿਲੀ। ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਟਾਂਡਾ ਦੇ ਕਮਿਊਨਿਟੀ ਹੈਲਥ ਸੈਂਟਰ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ, ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।