ਪੁਲਸ ਤੇ ਡਰੱਗ ਇੰਸਪੈਕਟਰ ਦੀ ਸਾਂਝੀ ਕਾਰਵਾਈ ਦੌਰਾਨ ਮੈਡੀਕਲ ਸਟੋਰ ਤੋਂ ਦੁਰਵਰਤੋਂ ਵਾਲੀਆਂ ਦਵਾਈਆਂ ਬਰਾਮਦ

ਪੁਲਸ ਤੇ ਡਰੱਗ ਇੰਸਪੈਕਟਰ ਦੀ ਸਾਂਝੀ ਕਾਰਵਾਈ ਦੌਰਾਨ ਮੈਡੀਕਲ ਸਟੋਰ ਤੋਂ ਦੁਰਵਰਤੋਂ ਵਾਲੀਆਂ ਦਵਾਈਆਂ ਬਰਾਮਦ

ਹਰ ਤਰ੍ਹਾਂ ਦੇ ਨਸ਼ੇ ਦੇ ਖਾਤਮੇ ਲਈ ਲੋਕ ਸਹਿਯੋਗ ਦੇਣ: ਡੀ ਐਸ ਪੀ ਤਰਲੋਚਨ ਸਿੰਘ ਮਾਛੀਵਾੜਾ ਸਾਹਿਬ ਸੰਦੀਪ ਸ਼ਰਮਾ ਅੱਜ ਮਾਛੀਵਾੜਾ ਸਾਹਿਬ ਦੇ ਇਕ ਮੈਡੀਕਲ ਸਟੋਰ ਉਪਰ ਪੁਲਸ ਤੇ ਡਰੱਗ ਇੰਸਪੈਕਟਰ ਦੀ ਸਾਂਝੀ ਟੀਮ ਨੇ ਛਾਪਾ ਮਾਰਿਆ ਅਤੇ ਇਸ ਦੌਰਾਨ ਉਕਤ ਮੈਡੀਕਲ ਸਟੋਰ ਤੋਂ 2695 ਪ੍ਰੀਗਾਬਾਲਿਨ ਦੇ ਕੈਪਸੂਲ ਤੇ ਕਰੀਬ 1000 ਐਂਟੀ ਸਪਾਸ ਗੋਲੀਆਂ ਬਰਾਮਦ ਕੀਤੀਆਂ।ਮੌਕੇ ਤੇ ਮੌਜ਼ੂਦ ਡਰੱਗ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸੁਚਨਾ ਦੇ ਅਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ ਇਸ ਦੌਰਾਨ ਇਹ ਦਵਾਈਆਂ ਬਰਾਮਦ ਕੀਤੀਆਂ ਹਨ। ਉਹਨਾਂ ਅਨੂਸਾਰ ਇਹ ਉਹ ਦਵਾਈਆਂ ਹਨ ਜਿਨ੍ਹਾਂ ਦੀ ਅਕਸਰ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਸਮੂਹ ਮੈਡੀਕਲ ਸਟੋਰ ਸੰਚਾਲਕਾਂ ਨੂੰ ਨਸ਼ੇ ਦੇ ਤੌਰ 'ਤੇ ਦੁਰਵਰਤੋ ਤਹਿਤ ਵਰਤੀਆਂ ਜਾਣ ਵਾਲੀਆਂ ਅਜਿਹੀਆਂ ਦਵਾਈਆਂ ਬਿਨਾਂ ਯੋਗ ਡਾਕਟਰ ਦੀ ਪਰਚੀ ਤੋਂ ਨਾ ਦੇਣ ਅਤੇ ਅਜਿਹੀਆਂ ਦਵਾਈਆਂ ਦਾ ਪੂਰਾ ਰਿਕਾਰਡ ਰੱਖਣ ਦੀ ਅਪੀਲ ਕੀਤੀ ਅਤੇ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਸਾਥ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਗਲਤ ਤਰੀਕੇ ਨਾਲ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਡਰੱਗ ਐਂਡ ਕਾਸਮੈਟਿਕ ਐਕਟ ਤਹਿਤ ਕਾਰਵਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਦੌਰਾਨ ਪੁਲਸ ਪਾਰਟੀ ਦੀ ਅਗੁਵਾਈ ਕਰਨ ਵਾਲੇ ਡੀ ਐਸ ਪੀ ਸਮਰਾਲਾ ਤਰਲੋਚਨ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਐਸ ਐਸ ਪੀ ਖੰਨਾ ਦਰਪਨ ਆਹਲੂਵਾਲੀਆ ਦੇ ਨਿਰਦੇਸ਼ਾ ਅਨੁਸਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਹੈ ਅਤੇ ਇਸੇ ਮੁਹਿਮ ਤਹਿਤ ਅੱਜ ਇਥੇ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਬੀਤੇ ਕੱਲ੍ਹ ਸਮਰਾਲਾ ਥਾਣੇ ਦੇ ਐਸ ਐਚ ਓ ਹਰਵਿੰਦਰ ਸਿੰਘ ਨੇ ਐਨ ਡੀ ਪੀ ਐਸ ਤਹਿਤ ਇਕ ਮਾਮਲਾ ਦਰਜ ਕੀਤਾ ਸੀ ਜਿਸਦੀ ਮੁੱਢਲੀ ਜਾਂਚ ਦੌਰਾਨ ਮਾਛੀਵਾੜਾ ਸਾਹਿਬ ਦੇ ਇਸ ਮੈਡੀਕਲ ਸਟੋਰ ਦਾ ਨਾਮ ਆਇਆ ਸੀ, ਜਿਸ ਤੋਂ ਬਾਅਦ ਅੱਜ ਡਰੱਗ ਇੰਸਪੈਕਟਰ ਤੇ ਸੀ ਆਈ ਏ ਖੰਨਾ ਦੀ ਟੀਮ ਨੂੰ ਨਾਲ ਲੇਕੇ ਇਹ ਛਾਪਾ ਮਾਰਿਆ ਗਿਆ। ਇਸ ਦੌਰਾਨ ਉਹਨਾਂ ਇਲਾਕੇ ਦੇ ਉਹਨਾਂ ਮੈਡੀਕਲ ਸਟੋਰਾਂ ਵਾਲ਼ਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਜਿਹੜੇ ਨਸ਼ੇ ਦੇ ਤੌਰ ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਾ ਗੈਰ ਕਾਨੂੰਨੀ ਕੰਮ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਇਲਾਕੇ ਵਿਚ ਹਰ ਤਰ੍ਹਾਂ ਦੇ ਨਸ਼ੇ ਦੀ ਰੋਕਥਾਮ ਲਈ ਆਮ ਜਨਤਾ ਤੋ ਸਹਿਯੋਗ ਦੀ ਮੰਗ ਵੀ ਕੀਤੀ। ਉਹਨਾਂ ਕਿਹਾ ਕਿ ਜੇਕਰ ਕੁਝ ਮੈਡੀਕਲ ਸਟੋਰ ਵਾਲੇ ਨਾ ਸੁਧਰੇ ਤਾਂ ਸਰਕਾਰ ਨੂੰ ਮਜਬੂਰਨ ਉਹਨਾਂ ਦੇ ਡਰੱਗ ਲਾਈਸੈਂਸ ਰੱਦ ਕਰਨੇ ਪੈਣਗੇ। ਇਸ ਦੌਰਾਨ ਉਹਨਾਂ ਨਾਲ ਐਸ ਐਚ ਓ ਸਮਰਾਲਾ ਹਰਵਿੰਦਰ ਸਿੰਘ ਵੀ ਮੌਜੂਦ ਸਨ।