ਐੱਨਆਈਐੱਸ ਪਟਿਆਲਾ ਵਿੱਚ ਵਿਦੇਸ਼ੀ ਕੋਚ ’ਤੇ 16 ਸਾਲਾ ਖਿਡਾਰਨ ਦੇ ਜਿਨਸੀ ਸ਼ੋਸ਼ਣ ਦੇ ਦੋਸ਼
ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ਼ ਸਪੋਰਟਸ (ਐੱਨਆਈਐੱਸ) ਪਟਿਆਲਾ ਵਿੱਚ ਇੱਕ ਵਿਦੇਸ਼ੀ ਕੋਚ ਖ਼ਿਲਾਫ਼ ਕੌਮੀ ਪੱਧਰ ਦੀ 16 ਸਾਲਾ ਖਿਡਾਰਨ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਸਾਹਮਣੇ ਆਏ ਹਨ। ਪੁਲੀਸ ਅਨੁਸਾਰ ਇਹ ਘਟਨਾ ਐੱਨਆਈਐੱਸ ਕੈਂਪਸ ਵਿੱਚ ਉਸ ਸਮੇਂ ਵਾਪਰੀ ਜਦੋਂ ਖਿਡਾਰਨ ਏਸ਼ਿਆਈ ਖੇਡਾਂ ਦੀ ਤਿਆਰੀ ਕਰ ਰਹੀ ਸੀ। ਜਾਣਕਾਰੀ ਮੁਤਾਬਕ, ਖਿਡਾਰਨ ਨੇ ਘਟਨਾ ਬਾਰੇ ਆਪਣੇ ਪਰਿਵਾਰ ਨੂੰ ਜਾਣੂ ਕਰਵਾਇਆ, ਜਿਸ ਤੋਂ ਬਾਅਦ ਉਸ ਦੇ ਪਿਤਾ ਪਟਿਆਲਾ ਪਹੁੰਚੇ ਅਤੇ ਪੁਲੀਸ ਕੋਲ ਅਧਿਕਾਰਕ ਸ਼ਿਕਾਇਤ ਦਰਜ ਕਰਵਾਈ। ਪਰਿਵਾਰ ਦਾ ਦਾਅਵਾ ਹੈ ਕਿ ਸਭ ਤੋਂ ਪਹਿਲਾਂ ਮਾਮਲੇ ਦੀ ਜਾਣਕਾਰੀ ਸਬੰਧਤ ਖੇਡ ਸੰਸਥਾ ਨੂੰ ਦਿੱਤੀ ਗਈ ਸੀ, ਪਰ ਕਾਰਵਾਈ ਕਰਨ ਵਿੱਚ ਕਥਿਤ ਤੌਰ ’ਤੇ ਦੇਰੀ ਕੀਤੀ ਗਈ। ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਪੁਲੀਸ ਅਤੇ ਐੱਨਆਈਐੱਸ ਪ੍ਰਸ਼ਾਸਨ ਵੱਲੋਂ ਕਈ ਦਿਨਾਂ ਤੱਕ ਮਾਮਲੇ ਨੂੰ ਜਨਤਕ ਹੋਣ ਤੋਂ ਰੋਕਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਜਾਰੀ ਕੀਤੀ ਜਾਣ ਵਾਲੀ ਅਪਰਾਧ ਰਿਪੋਰਟ ਵਿੱਚ ਵੀ ਇਸ ਘਟਨਾ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਪੁਲੀਸ ਰਿਕਾਰਡ ਅਨੁਸਾਰ, 18 ਸਤੰਬਰ ਨੂੰ ਥਾਣਾ ਸਿਵਲ ਲਾਈਨਜ਼ ਪਟਿਆਲਾ ਵਿੱਚ ਵਿਦੇਸ਼ੀ ਕੋਚ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਾਣਕਾਰੀ ਇਹ ਵੀ ਹੈ ਕਿ ਉਕਤ ਕੋਚ ਨੇ ਟੀਮ ਨਾਲ ਇੱਕ ਵਿਦੇਸ਼ੀ ਦੌਰੇ 'ਤੇ ਜਾਣਾ ਸੀ, ਪਰ ਜਾਂਚ ਦੇ ਮੱਦੇਨਜ਼ਰ ਪੁਲੀਸ ਨੇ ਉਸ ਦਾ ਪਾਸਪੋਰਟ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸੂਤਰਾਂ ਮੁਤਾਬਕ, ਇਹ ਕੋਚ ਕੁਝ ਮਹੀਨੇ ਪਹਿਲਾਂ ਹੀ ਪਟਿਆਲਾ ਆਇਆ ਸੀ ਅਤੇ ਐੱਨਆਈਐੱਸ ਕੈਂਪਸ ਦੇ ਸਟਾਫ਼ ਕੁਆਰਟਰ ਵਿੱਚ ਰਹਿ ਰਿਹਾ ਸੀ। ਮਾਮਲੇ ਦੇ ਜਾਂਚ ਅਧਿਕਾਰੀ ਹਰਸਰਨਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਸਥਿਤ ਉਸ ਦੇ ਟਿਕਾਣੇ ’ਤੇ ਛਾਪੇਮਾਰੀ ਕੀਤੀ ਗਈ ਸੀ, ਪਰ ਉਹ ਉੱਥੇ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਉਸ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੀੜਤ ਖਿਡਾਰਨ ਦਾ ਮੈਡੀਕਲ ਕਰਵਾਇਆ ਜਾ ਚੁੱਕਾ ਹੈ, ਹਾਲਾਂਕਿ ਇਸ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਦੂਜੇ ਪਾਸੇ, ਇਸ ਮਾਮਲੇ ਸਬੰਧੀ ਐੱਨਆਈਐੱਸ ਪ੍ਰਬੰਧਨ ਵੱਲੋਂ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Posted By: Daily Suraj Bureau