ਓਂਟਾਰੀਓ ਵਿੱਚ ਜ਼ਿਆਦਾ ਸ਼ੋਰ ਕਰਨ ਵਾਲੇ ਵਾਹਨ ਚਾਲਕਾਂ 'ਤੇ ਕੱਸਿਆ ਜਾਵੇਗਾ ਸ਼ਿਕੰਜਾ, ਘੱਟੋ-ਘੱਟ ਜੁਰਮਾਨਾ 200 ਡਾਲਰ ਕਰਨ ਦੀ ਤਿਆਰੀ
- ਵਿਦੇਸ਼
- (Asia/Kolkata)
ਓਂਟਾਰੀਓ ਦੀਆਂ ਸੜਕਾਂ 'ਤੇ ਜਾਣਬੁੱਝ ਕੇ ਅਤੇ ਬੇਲੋੜਾ ਸ਼ੋਰ ਮਚਾਉਣ ਵਾਲੇ ਵਾਹਨ ਚਾਲਕਾਂ ਦੀਆਂ ਮੁਸ਼ਕਲਾਂ ਆਉਣ ਵਾਲੇ ਦਿਨਾਂ ਵਿੱਚ ਵਧਣ ਜਾ ਰਹੀਆਂ ਹਨ। ਸੂਬਾ ਸਰਕਾਰ ਵਾਹਨਾਂ ਦੇ ਕੰਨ ਪਾੜਵੇਂ ਸ਼ੋਰ ਨੂੰ ਨੱਥ ਪਾਉਣ ਲਈ ਜੁਰਮਾਨੇ ਦੀ ਰਕਮ ਵਿੱਚ ਵੱਡਾ ਵਾਧਾ ਕਰਨ ਦੀ ਤਿਆਰੀ ਕਰ ਰਹੀ ਹੈ। ਸਰਕਾਰ ਦੀ ਨਵੀਂ ਤਜਵੀਜ਼ ਅਨੁਸਾਰ, ਘੱਟੋ-ਘੱਟ ਜੁਰਮਾਨਾ ਮੌਜੂਦਾ 60 ਡਾਲਰ ਤੋਂ 140 ਡਾਲਰ ਵਧਾ ਕੇ 200 ਡਾਲਰ ਕੀਤਾ ਜਾਵੇਗਾ, ਜਦਕਿ ਵੱਧ ਤੋਂ ਵੱਧ ਜੁਰਮਾਨੇ ਦੀ ਸੀਮਾ 1,000 ਡਾਲਰ ਹੀ ਬਰਕਰਾਰ ਰੱਖੀ ਜਾਵੇਗੀ। ਓਂਟਾਰੀਓ ਦੇ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਬੁੱਧਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਯੋਜਨਾ ਦਾ ਅਧਿਕਾਰਤ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤਬਦੀਲੀ ਨੂੰ ਲਾਗੂ ਕਰਨ ਲਈ ਹਾਈਵੇਅ ਟ੍ਰੈਫਿਕ ਐਕਟ ਵਿੱਚ ਸੋਧ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸੂਬੇ ਦੀਆਂ ਕਈ ਮਿਉਂਸਪੈਲਟੀਆਂ, ਪੁਲਿਸ ਸੇਵਾਵਾਂ ਅਤੇ ਆਮ ਨਾਗਰਿਕਾਂ ਵੱਲੋਂ ਲੰਬੇ ਸਮੇਂ ਤੋਂ ਅਜਿਹੇ ਵਾਹਨਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਉਠਾਈ ਜਾ ਰਹੀ ਸੀ। ਮੰਤਰੀ ਸਰਕਾਰੀਆ ਨੇ ਕਿਹਾ ਕਿ ਵਾਹਨਾਂ ਦਾ ਬੇਲੋੜਾ ਸ਼ੋਰ ਨਾ ਸਿਰਫ਼ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਹੈ, ਸਗੋਂ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋਕ ਇਸ ਸਮੱਸਿਆ ਤੋਂ ਅੱਕ ਚੁੱਕੇ ਹਨ ਅਤੇ ਸਰਕਾਰ ਇਨ੍ਹਾਂ ਸ਼ਿਕਾਇਤਾਂ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ। ਮੌਜੂਦਾ ਕਾਨੂੰਨ ਮੁਤਾਬਕ ਹਰੇਕ ਵਾਹਨ ਦਾ ਸਾਈਲੈਂਸਰ ਜਾਂ ਮਫਲਰ ਸਹੀ ਹਾਲਤ ਵਿੱਚ ਹੋਣਾ ਜ਼ਰੂਰੀ ਹੈ, ਤਾਂ ਜੋ ਗੱਡੀ ਵਿੱਚੋਂ ਅਸਧਾਰਨ ਆਵਾਜ਼ ਅਤੇ ਜ਼ਿਆਦਾ ਧੂੰਆਂ ਨਾ ਨਿਕਲੇ। ਇਸ ਦੇ ਨਾਲ ਹੀ ਡਰਾਈਵਰਾਂ ਨੂੰ ਜਾਣਬੁੱਝ ਕੇ ਬੇਲੋੜਾ ਸ਼ੋਰ ਪੈਦਾ ਕਰਨ ਦੀ ਸਖ਼ਤ ਮਨਾਹੀ ਹੈ। ਪੁਲਿਸ ਕੋਲ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ, ਇੰਜਣ ਨੂੰ ਬੇਲੋੜਾ ਰੇਸ ਦੇਣ ਅਤੇ ਐਗਜ਼ਹੌਸਟ ਸਿਸਟਮ ਵਿੱਚ ਗ਼ੈਰ-ਕਾਨੂੰਨੀ ਤਬਦੀਲੀਆਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੇ ਪੂਰੇ ਅਧਿਕਾਰ ਹਨ। ਪੀਲ ਪੁਲਿਸ ਦੇ ਡਿਪਟੀ ਚੀਫ਼ ਮਾਰਕ ਐਂਡਰੂਜ਼ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਜੁਰਮਾਨਾ ਵਧਣ ਨਾਲ ਪੁਲਿਸ ਦੀ ਕਾਰਵਾਈ ਹੋਰ ਅਸਰਦਾਰ ਸਾਬਤ ਹੋਵੇਗੀ। ਉਨ੍ਹਾਂ ਜਾਣਕਾਰੀ ਦਿੱਤੀ ਕਿ ਪੀਲ ਪੁਲਿਸ ਵੱਲੋਂ ਸਾਲ 2024 ਤੋਂ ਲੈ ਕੇ ਹੁਣ ਤੱਕ ਵਾਹਨਾਂ ਦੇ ਬੇਲੋੜੇ ਸ਼ੋਰ ਸਬੰਧੀ 5,000 ਤੋਂ ਵੱਧ ਚਲਾਨ ਕੱਟੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੀਆਂ ਗ਼ੈਰ-ਜ਼ਿੰਮੇਵਾਰਾਨਾ ਹਰਕਤਾਂ ਦਾ ਖਮਿਆਜ਼ਾ ਹਜ਼ਾਰਾਂ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਬਰੈਂਪਟਨ ਅਤੇ ਮਿਸੀਸਾਗਾ ਦੇ ਵਸਨੀਕਾਂ ਦੀਆਂ ਵਧੀਆਂ ਪਰੇਸ਼ਾਨੀਆਂ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਦੱਸਿਆ ਕਿ ਸਥਾਨਕ ਚੋਣਾਂ ਦੌਰਾਨ ਘਰ-ਘਰ ਪ੍ਰਚਾਰ ਕਰਦਿਆਂ ਲੋਕਾਂ ਨੇ ਵਾਹਨਾਂ ਦੇ ਬੇਲੋੜੇ ਸ਼ੋਰ ਬਾਰੇ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਸਨ। ਕਈ ਪਰਿਵਾਰਾਂ ਦਾ ਕਹਿਣਾ ਸੀ ਕਿ ਰਾਤ ਵੇਲੇ ਉੱਚੀ ਆਵਾਜ਼ ਵਾਲੇ ਵਾਹਨਾਂ ਕਾਰਨ ਉਨ੍ਹਾਂ ਦੀ ਨੀਂਦ ਵਿੱਚ ਵਿਘਨ ਪੈਂਦਾ ਹੈ ਅਤੇ ਬੱਚੇ ਵੀ ਪਰੇਸ਼ਾਨ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਬਰੈਂਪਟਨ ਵਿੱਚ ਅਜਿਹੇ ਕੁਝ ਖ਼ਾਸ ਇਲਾਕਿਆਂ ਦੀ ਪਛਾਣ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ, ਜਿੱਥੇ ਪੁਲਿਸ ਵੱਲੋਂ ਵਿਸ਼ੇਸ਼ ਨਿਗਰਾਨੀ ਰੱਖੀ ਜਾਂਦੀ ਹੈ। ਦੂਜੇ ਪਾਸੇ, ਮਿਸੀਸਾਗਾ ਦੇ ਮੇਅਰ ਐਲਵਿਨ ਟੈਡਜੋ ਨੇ ਵੀ ਸਵੀਕਾਰ ਕੀਤਾ ਕਿ ਉਨ੍ਹਾਂ ਦੇ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਇਹ ਸਮੱਸਿਆ ਲਗਾਤਾਰ ਸਾਹਮਣੇ ਆ ਰਹੀ ਹੈ। ਸੂਬੇ ਦੇ ਸੌਲਿਸਟਰ ਜਨਰਲ ਮਾਈਕਲ ਕਰਜ਼ਨਰ ਨੇ ਸਖ਼ਤ ਲਹਿਜ਼ੇ ਵਿੱਚ ਸਪੱਸ਼ਟ ਕੀਤਾ ਕਿ ਸਰਕਾਰ ਅਜਿਹੇ ਗ਼ੈਰ-ਜ਼ਿੰਮੇਵਾਰਾਨਾ ਵਿਹਾਰ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਜੇਕਰ ਇਹ ਪ੍ਰਸਤਾਵਿਤ ਕਾਨੂੰਨੀ ਸੋਧ ਪਾਸ ਹੋ ਜਾਂਦੀ ਹੈ, ਤਾਂ ਸੜਕਾਂ 'ਤੇ ਬੇਲੋੜਾ ਸ਼ੋਰ ਪਾਉਣ ਵਾਲੇ ਵਾਹਨ ਚਾਲਕਾਂ ਨੂੰ ਪਹਿਲਾਂ ਨਾਲੋਂ ਕਿਤੇ ਵੱਧ ਜੁਰਮਾਨਾ ਭਰਨਾ ਪਵੇਗਾ।
Leave a Reply