ਸੋਨੇ ਦੀਆਂ ਘਟਦੀਆਂ ਕੀਮਤਾਂ ਨੇ ਵਧਾਇਆ ਗਾਹਕਾਂ ਦਾ ਉਤਸ਼ਾਹ, ਗਹਿਣਿਆਂ ਦੀਆਂ ਦੁਕਾਨਾਂ ’ਤੇ ਲੱਗੀਆਂ ਭੀੜਾਂ

ਸੋਨੇ ਦੀਆਂ ਘਟਦੀਆਂ ਕੀਮਤਾਂ ਨੇ ਵਧਾਇਆ ਗਾਹਕਾਂ ਦਾ ਉਤਸ਼ਾਹ, ਗਹਿਣਿਆਂ ਦੀਆਂ ਦੁਕਾਨਾਂ ’ਤੇ ਲੱਗੀਆਂ ਭੀੜਾਂ

ਧਨਤੇਰਸ ਦੇ ਤਿਉਹਾਰ ਮੌਕੇ ਚੰਡੀਗੜ੍ਹ ਸਮੇਤ ਪੂਰੇ ਟਰਾਈਸਿਟੀ ਦੇ ਬਾਜ਼ਾਰਾਂ ਵਿੱਚ ਖ਼ੂਬ ਰੌਣਕ ਦੇਖਣ ਨੂੰ ਮਿਲੀ। ਸਵੇਰ ਤੋਂ ਹੀ ਲੋਕਾਂ ਨੇ ਤਿਉਹਾਰੀ ਖ਼ਰੀਦਦਾਰੀ ਲਈ ਬਾਜ਼ਾਰਾਂ ਦਾ ਰੁਖ਼ ਕਰਨਾ ਸ਼ੁਰੂ ਕਰ ਦਿੱਤਾ। ਧਨਤੇਰਸ ਅਤੇ ਦੀਵਾਲੀ ਦੇ ਮੱਦੇਨਜ਼ਰ ਸ਼ਹਿਰ ਦੇ ਸੈਕਟਰ 17, 18, 19, 20, 22, 35 ਅਤੇ ਮਨੀਮਾਜਰਾ ਦੀਆਂ ਮਾਰਕੀਟਾਂ ਨੂੰ ਖ਼ਾਸ ਤੌਰ ’ਤੇ ਸਜਾਇਆ ਗਿਆ ਹੈ।
 

ਸੈਕਟਰ 17 ਦੀ ਮਾਰਕੀਟ ਵਿੱਚ ਲਾਈਟਾਂ, ਰੰਗ-ਬਿਰੰਗੀਆਂ ਛਤਰੀਆਂ ਅਤੇ ਫੁੱਲਾਂ ਨਾਲ ਸਜਾਵਟ ਕੀਤੀ ਗਈ ਹੈ। ਇਸ ਸਜਾਵਟ ਨੂੰ ਦੇਖਣ ਲਈ ਸ਼ਹਿਰ ਵਾਸੀਆਂ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਲੋਕ ਵੀ ਪਹੁੰਚ ਰਹੇ ਹਨ। ਕਈ ਲੋਕ ਸਜਾਵਟੀ ਲਾਈਟਾਂ ਦੇ ਨਾਲ ਸੈਲਫੀਆਂ ਲੈਂਦੇ ਨਜ਼ਰ ਆਏ। ਤਿਉਹਾਰੀ ਮਾਹੌਲ ਕਾਰਨ ਬਾਜ਼ਾਰਾਂ ਵਿੱਚ ਕਾਫ਼ੀ ਚਹਿਲ-ਪਹਿਲ ਬਣੀ ਰਹੀ।
 

ਇਸ ਵਾਰ ਤੋਹਫ਼ੇ ਦੇਣ ਲਈ ਲੋਕਾਂ ਦੀ ਪਸੰਦ ਵਿੱਚ ਵੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਰਿਸ਼ਤੇਦਾਰਾਂ ਅਤੇ ਹੋਰ ਜਾਣਕਾਰਾਂ ਨੂੰ ਮਠਿਆਈਆਂ ਦੇਣ ਦੀ ਥਾਂ ਲੋਕ ਕਾਜੂ, ਬਦਾਮ ਅਤੇ ਪਿਸਤਾ ਵਰਗੇ ਸੁੱਕੇ ਮੇਵੇ ਖ਼ਰੀਦ ਰਹੇ ਹਨ। ਇਨ੍ਹਾਂ ਨੂੰ ਸੁੰਦਰ ਡੱਬਿਆਂ ਵਿੱਚ ਪੈਕ ਕਰਵਾ ਕੇ ਤੋਹਫ਼ੇ ਵਜੋਂ ਦੇਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮਠਿਆਈਆਂ ਵਿੱਚ ਮਿਲਾਵਟ ਹੋਣ ਦੇ ਖ਼ਦਸ਼ੇ ਕਾਰਨ ਉਹ ਸੁੱਕੇ ਮੇਵਿਆਂ ਨੂੰ ਬਿਹਤਰ ਬਦਲ ਮੰਨ ਰਹੇ ਹਨ।
 

ਗਹਿਣਿਆਂ ਦੀ ਖ਼ਰੀਦਦਾਰੀ ਲਈ ਵੀ ਦਿਖਿਆ ਭਾਰੀ ਉਤਸ਼ਾਹ
 

ਧਨਤੇਰਸ ਮੌਕੇ ਗਹਿਣਿਆਂ ਦੀਆਂ ਦੁਕਾਨਾਂ ’ਤੇ ਵੀ ਗਾਹਕਾਂ ਦੀ ਭਾਰੀ ਆਮਦ ਰਹੀ। ਚੰਡੀਗੜ੍ਹ ਸਥਿਤ ਸ਼ਾਮ ਜਵੈਲਰਜ਼ ਵਿੱਚ ਵੱਡੀ ਗਿਣਤੀ ਵਿੱਚ ਲੋਕ ਗਹਿਣੇ ਖ਼ਰੀਦਣ ਲਈ ਪਹੁੰਚੇ। ਦੁਕਾਨ ਦੇ ਮੈਨੇਜਿੰਗ ਡਾਇਰੈਕਟਰ ਗਗਨ ਖੁਰਾਣਾ ਨੇ ਦੱਸਿਆ ਕਿ ਸੋਨੇ ਦੀਆਂ ਕੀਮਤਾਂ ਵਿੱਚ ਆ ਰਹੀ ਗਿਰਾਵਟ ਅਤੇ ਗਾਹਕਾਂ ਦੇ ਉਤਸ਼ਾਹ ਨੇ ਇਸ ਵਾਰ ਧਨਤੇਰਸ ਦੀ ਖ਼ਰੀਦਦਾਰੀ ਨੂੰ ਖ਼ਾਸ ਬਣਾਇਆ ਹੈ।
 

ਉਨ੍ਹਾਂ ਮੁਤਾਬਕ ਸੋਨੇ ਦੇ ਗਹਿਣਿਆਂ, ਹੀਰਿਆਂ ਦੇ ਗਹਿਣਿਆਂ ਅਤੇ ਚਾਂਦੀ ਦੀਆਂ ਵਸਤਾਂ ਦੀ ਖ਼ਰੀਦਦਾਰੀ ਲਈ ਹਰ ਵਰਗ ਦੇ ਲੋਕਾਂ ਵਿੱਚ ਦਿਲਚਸਪੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਲਕਸ਼ਮੀ-ਗਣੇਸ਼ ਦੇ ਸਿੱਕਿਆਂ ਦੀ ਖ਼ਰੀਦਦਾਰੀ ਨੂੰ ਲੈ ਕੇ ਵੀ ਗਾਹਕਾਂ ਵਿੱਚ ਕਾਫ਼ੀ ਉਤਸ਼ਾਹ ਰਿਹਾ।
 

ਧਨਤੇਰਸ ਦੇ ਤਿਉਹਾਰ ਨੇ ਟਰਾਈਸਿਟੀ ਦੇ ਬਾਜ਼ਾਰਾਂ ਵਿੱਚ ਕਾਰੋਬਾਰੀ ਸਰਗਰਮੀਆਂ ਨੂੰ ਤੇਜ਼ ਕਰ ਦਿੱਤਾ ਹੈ। ਗਹਿਣਿਆਂ ਤੋਂ ਲੈ ਕੇ ਤੋਹਫ਼ਿਆਂ ਅਤੇ ਹੋਰ ਤਿਉਹਾਰੀ ਸਾਮਾਨ ਤੱਕ ਲੋਕ ਆਪਣੀ ਪਸੰਦ ਅਤੇ ਲੋੜ ਅਨੁਸਾਰ ਖ਼ਰੀਦਦਾਰੀ ਕਰਦੇ ਨਜ਼ਰ ਆਏ।