ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ ਵਿੱਚ 249 ਅਸਾਮੀਆਂ ਪ੍ਰਭਾਵਿਤ, ਯੂਨੀਅਨਾਂ ਵੱਲੋਂ ਵਿਰੋਧ
- ਵਿਦੇਸ਼
- (Asia/Kolkata)
ਕੈਨੇਡਾ ਦੇ ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ ਨੇ ਆਉਣ ਵਾਲੇ 2026-27 ਸਕੂਲੀ ਸਾਲ ਤੋਂ ਪਹਿਲਾਂ ਲਗਭਗ 250 ਸਿੱਖਿਆ ਸਬੰਧੀ ਅਸਾਮੀਆਂ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਯੂਨੀਅਨਾਂ ਵੱਲੋਂ ਸਰਕਾਰ ਅਤੇ ਸਕੂਲ ਬੋਰਡ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲੌਈਜ਼ ਲੋਕਲ 1734 ਮੁਤਾਬਕ, ਇਸ ਕਟੌਤੀ ਹੇਠ 201 ਐਜੂਕੇਸ਼ਨਲ ਅਸਿਸਟੈਂਟ, 36 ਸਕੱਤਰੀ ਅਤੇ ਪ੍ਰਸ਼ਾਸਕੀ ਕਰਮਚਾਰੀ, 6 ਟੈਕਨੋਲੋਜੀ ਵਰਕਰ ਅਤੇ 6 ਲਾਇਬ੍ਰੇਰੀ ਟੈਕਨੀਸ਼ਨ ਅਸਾਮੀਆਂ ਪ੍ਰਭਾਵਿਤ ਹੋਣਗੀਆਂ। ਕੁੱਲ ਮਿਲਾ ਕੇ 249 ਅਸਾਮੀਆਂ ਖਤਮ ਕੀਤੀਆਂ ਜਾਣਗੀਆਂ। ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਕਟੌਤੀਆਂ ਦਾ ਵਿਦਿਆਰਥੀਆਂ ਦੀ ਸੁਰੱਖਿਆ, ਸਿੱਖਿਆ ਦੀ ਗੁਣਵੱਤਾ ਅਤੇ ਸਕੂਲੀ ਮਾਹੌਲ ‘ਤੇ ਗੰਭੀਰ ਅਸਰ ਪਵੇਗਾ। ਯੂਨੀਅਨ ਪ੍ਰਧਾਨ ਮਿਸ਼ੇਲ ਕੈਂਪਬੈਲ ਨੇ ਕਿਹਾ ਕਿ ਸਕੂਲ ਪਹਿਲਾਂ ਹੀ ਸਟਾਫ ਦੀ ਘਾਟ ਨਾਲ ਜੂਝ ਰਹੇ ਹਨ ਅਤੇ ਹਰ ਇੱਕ ਅਸਾਮੀ ਖਤਮ ਹੋਣ ਨਾਲ ਇਸਦਾ ਸਿੱਧਾ ਪ੍ਰਭਾਵ ਵਿਦਿਆਰਥੀਆਂ ‘ਤੇ ਪਵੇਗਾ। ਦੂਜੇ ਪਾਸੇ, ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ ਨੇ ਆਪਣੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦੀ ਘੱਟ ਰਹੀ ਗਿਣਤੀ ਕਾਰਨ ਇਹ ਕਦਮ ਚੁੱਕਣਾ ਲਾਜ਼ਮੀ ਹੋ ਗਿਆ ਸੀ। ਬੋਰਡ ਨੇ ਇਹ ਵੀ ਕਿਹਾ ਕਿ ਪ੍ਰਭਾਵਿਤ ਕਰਮਚਾਰੀਆਂ ਨੂੰ ਹੋਰ ਉਪਲਬਧ ਅਸਾਮੀਆਂ ਵਿੱਚ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਫੈਸਲੇ ਨੂੰ ਲੈ ਕੇ ਸਿੱਖਿਆ ਖੇਤਰ ਵਿੱਚ ਚਰਚਾ ਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਯੂਨੀਅਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਹੋਰ ਵਿਰੋਧ ਪ੍ਰਦਰਸ਼ਨ ਕੀਤੇ ਜਾਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Leave a Reply