ਗਰਲਜ਼ ਹੋਸਟਲ 'ਚ ਮੌਤ ਜਾਂ ਖੁਦਕੁਸ਼ੀ ਦੇ ਦਾਅਵੇ ਝੂਠੇ, ਚਿਤਕਾਰਾ ਯੂਨੀਵਰਸਿਟੀ ਨੇ ਵਾਇਰਲ ਵੀਡੀਓਜ਼ 'ਤੇ ਜਾਰੀ ਕੀਤਾ ਬਿਆਨ
- ਪੰਜਾਬ
- (Asia/Kolkata)
ਰਾਜਪੁਰਾ ਸਥਿਤ ਚਿਤਕਾਰਾ ਯੂਨੀਵਰਸਿਟੀ ਨੇ ਗਰਲਜ਼ ਹੋਸਟਲ ਨਾਲ ਸਬੰਧਤ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਖ਼ਬਰਾਂ, ਪੋਸਟਾਂ ਅਤੇ ਰੀਲਾਂ ਦਾ ਗੰਭੀਰਤਾ ਨਾਲ ਨੋਟਿਸ ਲੈਂਦਿਆਂ ਅਧਿਕਾਰਤ ਸਪੱਸ਼ਟੀਕਰਨ ਜਾਰੀ ਕੀਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਸਪੱਸ਼ਟ ਕੀਤਾ ਹੈ ਕਿ ਹੋਸਟਲ ਵਿੱਚ ਕਿਸੇ ਵੀ ਵਿਦਿਆਰਥਣ ਦੀ ਮੌਤ ਜਾਂ ਖੁਦਕੁਸ਼ੀ ਵਰਗੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਯੂਨੀਵਰਸਿਟੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 24 ਸਤੰਬਰ ਦੀ ਤੜਕੇ ਹੋਸਟਲ ਵਿੱਚ ਆਈ ਐਂਬੂਲੈਂਸ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਖ਼ਬਰਾਂ ਬੇਬੁਨਿਆਦ ਹਨ। ਪ੍ਰਸ਼ਾਸਨ ਨੇ ਦੱਸਿਆ ਕਿ ਕਮਰਾ ਨੰਬਰ 327 ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ ਨੂੰ ਹਸਪਤਾਲ ਵਿੱਚ ਇਲਾਜ ਤੋਂ ਬਾਅਦ ਤੜਕੇ ਕਰੀਬ 2:50 ਵਜੇ ਐਂਬੂਲੈਂਸ ਰਾਹੀਂ ਵਾਪਸ ਹੋਸਟਲ ਲਿਆਂਦਾ ਗਿਆ ਸੀ। ਇਸ ਸਾਰੇ ਘਟਨਾਕ੍ਰਮ ਦਾ ਕਿਸੇ ਅਣਹੋਣੀ ਜਾਂ ਖੁਦਕੁਸ਼ੀ ਨਾਲ ਕੋਈ ਲਿੰਕ ਨਹੀਂ ਹੈ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ 'ਤੇ ਹੋਸਟਲ ਵਿੱਚ ਇੱਕ ਪੰਡਿਤ ਜੀ ਦੇ ਪਹੁੰਚਣ ਬਾਰੇ ਫੈਲਾਈਆਂ ਜਾ ਰਹੀਆਂ ਗੁੰਮਰਾਹਕੁੰਨ ਪੋਸਟਾਂ 'ਤੇ ਵੀ ਯੂਨੀਵਰਸਿਟੀ ਨੇ ਸਥਿਤੀ ਸਾਫ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਬੰਧਤ ਵਿਅਕਤੀ ਦੁਪਹਿਰ ਕਰੀਬ 3 ਵਜੇ ਆਪਣੀ ਧੀ ਨੂੰ ਮਿਲਣ ਲਈ ਹੋਸਟਲ ਆਏ ਸਨ, ਜੋ ਕਿ ਯੂਨੀਵਰਸਿਟੀ ਵਿੱਚ ਹੀ ਪੜ੍ਹਦੀ ਹੈ। ਉਨ੍ਹਾਂ ਦੀ ਆਮ ਪਰਿਵਾਰਕ ਫੇਰੀ ਨੂੰ ਸੋਸ਼ਲ ਮੀਡੀਆ 'ਤੇ ਗਲਤ ਤਰੀਕੇ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਚਿਤਕਾਰਾ ਯੂਨੀਵਰਸਿਟੀ ਨੇ ਵਿਦਿਆਰਥੀਆਂ, ਮਾਪਿਆਂ, ਮੀਡੀਆ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਪੁਸ਼ਟੀ ਕੀਤੇ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਪ੍ਰਮਾਣਿਤ ਖ਼ਬਰਾਂ ਜਾਂ ਵੀਡੀਓਜ਼ 'ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਉਨ੍ਹਾਂ ਨੂੰ ਅੱਗੇ ਸ਼ੇਅਰ ਕਰਨ। ਪ੍ਰਸ਼ਾਸਨ ਨੇ ਦੱਸਿਆ ਕਿ ਅਜਿਹੀਆਂ ਝੂਠੀਆਂ ਖ਼ਬਰਾਂ ਨਾਲ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਬੇਲੋੜੀ ਦਹਿਸ਼ਤ ਅਤੇ ਚਿੰਤਾ ਪੈਦਾ ਹੁੰਦੀ ਹੈ। ਯੂਨੀਵਰਸਿਟੀ ਨੇ ਦੁਹਰਾਇਆ ਕਿ ਉਹ ਆਪਣੇ ਸਾਰੇ ਵਿਦਿਆਰਥੀਆਂ ਦੀ ਸੁਰੱਖਿਆ, ਭਲਾਈ ਅਤੇ ਨਿੱਜਤਾ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਅਤੇ ਗੁੰਮਰਾਹਕੁੰਨ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
Leave a Reply