ਪੰਜਾਬ ਵਿੱਚ ਟਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ, ਸੱਤ ਮਹੀਨਿਆਂ ਵਿੱਚ ਅੰਕੜਾ 41 ਲੱਖ ਤੋਂ ਪਾਰ
- ਪੰਜਾਬ
- (Asia/Kolkata)
ਪੰਜਾਬ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਵਿੱਚ ਤੇਜ਼ੀ ਆਈ ਹੈ। ਸੂਬੇ ਵਿੱਚ ਸਿਰਫ਼ ਸੱਤ ਮਹੀਨਿਆਂ ਦੌਰਾਨ ਹੀ ਟਰੈਫਿਕ ਚਲਾਨਾਂ ਦੀ ਗਿਣਤੀ 41 ਲੱਖ ਤੋਂ ਪਾਰ ਹੋ ਗਈ ਹੈ। ਸਰਕਾਰੀ ਅੰਕੜਿਆਂ ਮੁਤਾਬਕ 1 ਜਨਵਰੀ ਤੋਂ 6 ਅਗਸਤ 2026 ਤੱਕ ਪੰਜਾਬ ਵਿੱਚ 41,37,775 ਚਲਾਨ ਜਾਰੀ ਕੀਤੇ ਗਏ ਹਨ। ਇਸ ਦੇ ਉਲਟ ਚਲਾਨਾਂ ਤੋਂ ਹੋਣ ਵਾਲੀ ਵਸੂਲੀ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਾਲ ਹੁਣ ਤੱਕ ਜਾਰੀ ਕੀਤੇ ਗਏ 41.37 ਲੱਖ ਚਲਾਨਾਂ ਦੇ ਮੁਕਾਬਲੇ ਸਿਰਫ਼ 49.02 ਕਰੋੜ ਰੁਪਏ ਦੀ ਵਸੂਲੀ ਹੋਈ ਹੈ। ਇਸ ਤਰ੍ਹਾਂ ਚਲਾਨਾਂ ਦੀ ਗਿਣਤੀ ਵਿੱਚ ਤੇਜ਼ ਵਾਧੇ ਦੇ ਬਾਵਜੂਦ ਜੁਰਮਾਨੇ ਦੀ ਵਸੂਲੀ ਉਸ ਅਨੁਪਾਤ ਵਿੱਚ ਨਹੀਂ ਵਧੀ। ਪਰਿਵਹਨ ਈ-ਚਲਾਨ ਪਲੈਟਫਾਰਮ ’ਤੇ ਉਪਲਬਧ ਸਰਕਾਰੀ ਅੰਕੜਿਆਂ ਅਨੁਸਾਰ ਪ੍ਰਤੀ ਚਲਾਨ ਔਸਤ ਵਸੂਲੀ ਵੀ ਲਗਾਤਾਰ ਘਟੀ ਹੈ। ਸਾਲ 2024 ਵਿੱਚ ਪ੍ਰਤੀ ਚਲਾਨ ਔਸਤ 1,370 ਰੁਪਏ ਮਾਲੀਆ ਇਕੱਠਾ ਹੋਇਆ ਸੀ, ਜੋ 2025 ਵਿੱਚ ਘਟ ਕੇ 601 ਰੁਪਏ ਰਹਿ ਗਿਆ। 2026 ਵਿੱਚ ਹੁਣ ਤੱਕ ਇਹ ਔਸਤ ਮਹਿਜ਼ 118 ਰੁਪਏ ਹੈ। ਦੋ ਸਾਲਾਂ ਦੇ ਅੰਦਰ ਪ੍ਰਤੀ ਚਲਾਨ ਔਸਤ ਵਸੂਲੀ ਵਿੱਚ 91 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ। ਅੰਕੜਿਆਂ ਮੁਤਾਬਕ ਸਾਲ 2021 ਵਿੱਚ ਪੰਜਾਬ ਵਿੱਚ 53,973 ਚਲਾਨ ਜਾਰੀ ਕੀਤੇ ਗਏ ਸਨ ਅਤੇ ਇਨ੍ਹਾਂ ਤੋਂ 5.30 ਕਰੋੜ ਰੁਪਏ ਦੀ ਵਸੂਲੀ ਹੋਈ ਸੀ। ਸਾਲ 2022 ਵਿੱਚ ਚਲਾਨਾਂ ਦੀ ਗਿਣਤੀ ਘਟ ਕੇ 51,876 ਰਹਿ ਗਈ। ਇਸ ਤੋਂ ਬਾਅਦ 2023 ਵਿੱਚ ਇਹ ਅੰਕੜਾ ਵਧ ਕੇ 72,790 ਹੋ ਗਿਆ। ਟਰੈਫਿਕ ਚਲਾਨਾਂ ਵਿੱਚ ਵੱਡਾ ਬਦਲਾਅ ਸਾਲ 2024 ਵਿੱਚ ਦੇਖਣ ਨੂੰ ਮਿਲਿਆ। ਉਸ ਸਾਲ 3.98 ਲੱਖ ਚਲਾਨ ਜਾਰੀ ਕੀਤੇ ਗਏ, ਜੋ ਪਿਛਲੇ ਸਾਲ ਦੇ ਮੁਕਾਬਲੇ ਕਰੀਬ 447 ਫ਼ੀਸਦੀ ਵੱਧ ਸਨ। ਇਸ ਦੌਰਾਨ ਸਰਕਾਰ ਨੂੰ 54.53 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ। ਸਾਲ 2025 ਵਿੱਚ ਚਲਾਨਾਂ ਦੀ ਗਿਣਤੀ ਹੋਰ ਤੇਜ਼ੀ ਨਾਲ ਵਧੀ। ਪੰਜਾਬ ਵਿੱਚ ਕੁੱਲ 20,46,881 ਚਲਾਨ ਜਾਰੀ ਕੀਤੇ ਗਏ, ਜੋ 2024 ਦੇ ਅੰਕੜੇ ਨਾਲੋਂ ਪੰਜ ਗੁਣਾ ਤੋਂ ਵੀ ਵੱਧ ਸਨ। ਇਸ ਸਾਲ ਚਲਾਨਾਂ ਤੋਂ ਹੋਈ ਵਸੂਲੀ 123.04 ਕਰੋੜ ਰੁਪਏ ਰਹੀ। ਹੁਣ 2026 ਦੇ ਪਹਿਲੇ ਸੱਤ ਮਹੀਨਿਆਂ ਵਿੱਚ ਹੀ ਚਲਾਨਾਂ ਦੀ ਗਿਣਤੀ ਪੂਰੇ 2025 ਦੇ ਅੰਕੜੇ ਤੋਂ ਦੁੱਗਣੇ ਤੋਂ ਵੀ ਵੱਧ ਹੋ ਗਈ ਹੈ। ਹਾਲਾਂਕਿ ਇਸ ਦੇ ਮੁਕਾਬਲੇ ਵਸੂਲੀ ਸਿਰਫ਼ 49.02 ਕਰੋੜ ਰੁਪਏ ਰਹੀ ਹੈ। ਸਰਕਾਰੀ ਅੰਕੜੇ ਪੰਜਾਬ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਕਾਰਵਾਈ ਦੇ ਢੰਗ ਵਿੱਚ ਆਈ ਵੱਡੀ ਤਬਦੀਲੀ ਵੱਲ ਇਸ਼ਾਰਾ ਕਰਦੇ ਹਨ।
Leave a Reply